ਵਿਧਾਨ ਸਭਾ ਹਲਕਾ ਖੇਮਕਰਨ ਦੇ ਵੱਖ-ਵੱਖ ਪਿੰਡਾਂ ’ਚ ਨਸ਼ੇ ਵਿਰੁੱਧ ਕੀਤਾ ਜਾਗਰੂਕ
ਯੁੱਧ ਨਸ਼ਿਆਂ ਵਿਰੁੱਧ ਦੇ ਪਹਿਲੇ ਪੜਾਅ ਦੌਰਾਨ ਨਸ਼ਾ ਤਸਕਰਾਂ ’ਤੇ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਦੂਜੇ ਪੜਾਅ ਤਹਿਤ ਨਸ਼ੇ ਦੀਆਂ ਜੜ੍ਹਾਂ ਨੂੰ ਪੁੱਟ ਦਿੱਤਾ ਜਾਵੇਗਾ।
Publish Date: Mon, 19 Jan 2026 04:31 PM (IST)
Updated Date: Tue, 20 Jan 2026 04:04 AM (IST)

ਪੰਜਾਬੀ ਜਾਗਰਣ ਟੀਮ•,ਖਾਲੜਾ/ਭਿੱਖੀਵਿੰਡ/ਖੇਮਕਰਨ : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਯੁੱਧ ਨਸ਼ਿਆਂ ਵਿਰੁੱਧ ਦੇ ਦੂਜੇ ਪੜਾਅ ਤਹਿਤ ਵਿਧਾਨ ਸਭਾ ਹਲਕਾ ਖੇਮਕਰਨ ਦੇ ਵਿਧਾਇਕ ਸਰਵਨ ਸਿੰਘ ਧੁੰਨ ਦੀ ਅਗਵਾਈ ਤਹਿਤ ਵੱਖ-ਵੱਖ ਪਿੰਡਾਂ ’ਚ ਨਸ਼ਿਆਂ ਵਿਰੁੱਧ ਜਾਗਰੂਕਤਾ ਯਾਤਰਾਵਾਂ ਕੱਢੀਆਂ ਜਾ ਰਹੀਆਂ ਹਨ। ਵਿਧਾਨ ਸਭਾ ਹਲਕਾ ਖੇਮਕਰਨ ਦੇ ਨਸ਼ਾ ਮੁਕਤੀ ਮੋਰਚਾ ਦੇ ਹਲਕਾ ਕੋਆਰਡੀਨੇਟਰ ਜਗਇੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਪਿੰਡ ਭਾਈ ਲੱਧੂ, ਬੂਆ ਪੱਤੀ, ਘੁਰਕਵਿੰਡ, ਮਾਣਕਪੁਰ, ਮਾੜੀ ਮੇਘਾ, ਮਾੜੀ ਮੇਘਾ ਖੁਰਦ, ਮੁਗਲ ਚੱਕ, ਨਾਰਲੀ, ਧੋਲਾਂ, ਘਰਿਆਲੀ ਰਾੜੀਆਂ ਵਾਲੀ, ਮਾਛੀਕੇ ਤੇ ਭੈਣੀ ਗੁਰਮੁਖ ਸਿੰਘ ’ਚ ਨਸ਼ਾ ਮੁਕਤੀ ਪੈਦਲ ਯਾਤਰਾਵਾਂ ਕੱਢੀਆਂ ਗਈਆਂ। ਇਸ ਮੌਕੇ ਨਸ਼ਾ ਮੁਕਤੀ ਮੋਰਚਾ ਦੇ ਮੈਂਬਰਾਂ ਅਤੇ ਵਿਲੇਜ਼ ਡਿਫੈਂਸ ਕਮੇਟੀਆਂ ਦੇ ਨੁਮਾਇੰਦਿਆਂ ਨਾਲ ਨਸ਼ਿਆਂ ਦੀ ਰੋਕਥਾਮ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਉਪਰੰਤ ਸਾਰੇ ਪਿੰਡਾਂ ’ਚ ਪੈਦਲ ਜਾਗਰੂਕਤਾ ਰੈਲੀਆਂ ਕੱਢ ਕੇ ਨਸ਼ਿਆਂ ਖ਼ਿਲਾਫ਼ ਹੋਕਾ ਦਿੱਤਾ ਗਿਆ। ਇਸ ਮੌਕੇ ਹਾਜ਼ਰੀਨ ਨੂੰ ਨਸ਼ਿਆਂ ਵਿਰੁੱਧ ਸਹੁੰ ਵੀ ਚੁਕਾਈ ਗਈ। ਇਸ ਮੌਕੇ ਨਸ਼ਾ ਮੁਕਤੀ ਮੋਰਚਾ ਦੇ ਹਲਕਾ ਖੇਮਕਰਨ ਦੇ ਕੋਆਰਡੀਨੇਟਰ ਸੰਧੂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਸੂਬੇ ਨੂੰ ਨਸ਼ਾ ਮੁਕਤ ਕਰਨ ਦਾ ਜੋ ਤਹੱਈਆ ਕੀਤਾ ਗਿਆ ਹੈ, ਉਸ ਨੂੰ ਅਵਾਮ ਦੇ ਸਹਿਯੋਗ ਨਾਲ ਹਰ ਹੀਲੇ ਪੂਰਾ ਕੀਤਾ ਜਾਵੇਗਾ। ਯੁੱਧ ਨਸ਼ਿਆਂ ਵਿਰੁੱਧ ਦੇ ਪਹਿਲੇ ਪੜਾਅ ਦੌਰਾਨ ਨਸ਼ਾ ਤਸਕਰਾਂ ’ਤੇ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਦੂਜੇ ਪੜਾਅ ਤਹਿਤ ਨਸ਼ੇ ਦੀਆਂ ਜੜ੍ਹਾਂ ਨੂੰ ਪੁੱਟ ਦਿੱਤਾ ਜਾਵੇਗਾ। ਜ਼ਿਲ੍ਹਾ ਤਰਨਤਾਰਨ ਨਸ਼ਾ ਮੁਕਤੀ ਮੁਹਿੰਮ ’ਚ ਆਪਣਾ ਮੋਹਰੀ ਰੋਲ ਅਦਾ ਕਰੇਗਾ। ਉਨ੍ਹਾਂ ਕਿਹਾ ਕਿ ਨਸ਼ਾ ਮੁਕਤੀ ਮੁਹਿੰਮ ਤਹਿਤ ਇਹ ਜਾਗਰੂਕਤਾ ਲਹਿਰ ਆਉਣ ਵਾਲੇ ਸਮੇਂ ’ਚ ਵੀ ਜਾਰੀ ਰਹੇਗੀ।