- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮਾਜ ਸੇਵਾ ਨੂੰ ਸਮਰਪਿਤ ਮਹਾਨ ਸ਼ਖਸੀਅਤ : ਅਸ਼ਵਨੀ ਕੁਮਾਰ ਕਾਲਾ ਮਹਿਤਾ

ਬੱਲੂ ਮਹਿਤਾ•, ਪੰਜਾਬੀ ਜਾਗਰਣ, ਪੱਟੀ : ਪੱਟੀ ਸ਼ਹਿਰ ਦੀ ਧਰਤੀ ਸਦਾ ਤੋਂ ਹੀ ਸੇਵਾ, ਸੱਚਾਈ ਤੇ ਮਨੁੱਖਤਾ ਦੀ ਪ੍ਰਤੀਕ ਰਹੀ ਹੈ। ਇਸ ਮਿੱਟੀ ਨੇ ਅਨੇਕਾਂ ਅਜਿਹੀਆਂ ਮਹਾਨ ਸ਼ਖ਼ਸੀਅਤਾਂ ਨੂੰ ਜਨਮ ਦਿੱਤਾ ਹੈ, ਜਿਨ੍ਹਾਂ ਨੇ ਆਪਣੇ ਨਿਸ਼ਕਾਮ ਕਰਮਾਂ ਨਾਲ ਸਮਾਜ ’ਚ ਵੱਖਰੀ ਪਛਾਣ ਬਣਾਈ ਹੈ। ਅਜਿਹੀਆਂ ਹੀ ਪ੍ਰੇਰਨਾਦਾਇਕ ਹਸਤੀਆਂ ’ਚੋਂ ਇਕ ਨਾਮ ਹੈ ਅਸ਼ਵਨੀ ਕੁਮਾਰ ਕਾਲਾ ਮਹਿਤਾ ਦਾ, ਜੋ ਪਿਛਲੇ ਕਈ ਸਾਲਾਂ ਤੋਂ ਸਮਾਜ ਸੇਵਾ ਦੇ ਖੇਤਰ ’ਚ ਬਿਨਾਂ ਕਿਸੇ ਲਾਲਚ ਦੇ ਲਗਾਤਾਰ ਸੇਵਾ ਕਰਦੇ ਆ ਰਹੇ ਹਨ ਤੇ ਲੋਕਾਂ ਦੇ ਦਿਲਾਂ ’ਚ ਆਪਣੀ ਖ਼ਾਸ ਥਾਂ ਬਣਾ ਚੁੱਕੇ ਹਨ।
ਅਸ਼ਵਨੀ ਕੁਮਾਰ ਕਾਲਾ ਮਹਿਤਾ ਨੇ ਸਬਜ਼ੀ ਮੰਡੀ ਦੇ ਪ੍ਰਧਾਨ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਬਹੁਤ ਹੀ ਇਮਾਨਦਾਰੀ ਤੇ ਨਿਸ਼ਠਾ ਨਾਲ ਨਿਭਾਈਆਂ ਹਨ। ਉਨ੍ਹਾਂ ਦੇ ਕਾਰਜਕਾਲ ਦੌਰਾਨ ਮੰਡੀ ਨਾਲ ਜੁੜੇ ਵਪਾਰੀਆਂ, ਕਿਸਾਨਾਂ ਤੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ’ਤੇ ਸੁਣਿਆ ਗਿਆ ਤੇ ਉਨ੍ਹਾਂ ਦੇ ਹੱਲ ਲਈ ਸਬੰਧਤ ਪ੍ਰਸ਼ਾਸਨ ਨਾਲ ਸਹਿਯੋਗ ਕਰਦੇ ਹੋਏ ਠੋਸ ਕਦਮ ਚੁੱਕੇ ਗਏ। ਉਨ੍ਹਾਂ ਦੀ ਸਾਫ਼-ਸੁਥਰੀ ਕਾਰਗੁਜ਼ਾਰੀ ਤੇ ਲੋਕ-ਹਿਤੈਸ਼ੀ ਸੋਚ ਕਾਰਨ ਮੰਡੀ ਪ੍ਰਬੰਧਨ ’ਚ ਸੁਧਾਰ ਆਇਆ ਤੇ ਲੋਕਾਂ ’ਚ ਵਿਸ਼ਵਾਸ ਦੀ ਭਾਵਨਾ ਹੋਰ ਮਜ਼ਬੂਤ ਹੋਈ।
ਸਮਾਜਿਕ ਤੇ ਧਾਰਮਿਕ ਸੇਵਾਵਾਂ ’ਚ ਵੀ ਉਨ੍ਹਾਂ ਦਾ ਯੋਗਦਾਨ ਬੇਮਿਸਾਲ ਹੈ। ਜੈ ਮਾਂ ਚਿੰਤਪੁਰਨੀ ਮੈਨੇਜਿੰਗ ਕਮੇਟੀ ਪੱਟੀ ਨਾਲ ਜੁੜ ਕੇ ਉਹ ਲੰਮੇ ਸਮੇਂ ਤੋਂ ਸੇਵਾ ਨਿਭਾ ਰਹੇ ਹਨ ਤੇ ਇਸ ਵੇਲੇ ਵੀ ਪੂਰੀ ਨਿਸ਼ਠਾ ਨਾਲ ਆਪਣੀ ਜ਼ਿੰਮੇਵਾਰੀ ਅਦਾ ਕਰ ਰਹੇ ਹਨ। ਪਹਿਲਾਂ ਉਨ੍ਹਾਂ ਜੈ ਮਾਂ ਚਿੰਤਪੁਰਨੀ ਧਰਮਸ਼ਾਲਾ ਮੈਨੇਜਿੰਗ ਕਮੇਟੀ ਨਾਲ ਜੁੜ ਕੇ ਸੇਵਾ ਨਿਭਾਈ।
ਮਾਤਾ ਚਿੰਤਪੁਰਨੀ ਪ੍ਰਤੀ ਉਨ੍ਹਾਂ ਦੀ ਅਟੁੱਟ ਸ਼ਰਧਾ ਦੇ ਚਲਦੇ ਉਨ੍ਹਾਂ ਦੀ ਟੀਮ ਹਰ ਮਹੀਨੇ ਪੱਟੀ ਤੋਂ ਮਾਤਾ ਚਿੰਤਪੁਰਨੀ ਦਰਬਾਰ ਲਈ ਸ਼ਰਧਾਲੂਆਂ ਦੀ ਬੱਸ ਯਾਤਰਾ ਦਾ ਪ੍ਰਬੰਧ ਕਰਦੀ ਹੈ। ਇਹ ਉਪਰਾਲਾ ਉਨ੍ਹਾਂ ਲਈ ਵਰਦਾਨ ਸਾਬਤ ਹੁੰਦਾ ਹੈ ਜੋ ਆਰਥਿਕ ਜਾਂ ਹੋਰ ਕਾਰਨਾਂ ਕਰ ਕੇ ਖੁਦ ਯਾਤਰਾ ਕਰਨ ’ਚ ਅਸਮੱਰਥ ਹੁੰਦੇ ਹਨ।
ਇਸ ਤੋਂ ਇਲਾਵਾ, ਅਸ਼ਵਨੀ ਕੁਮਾਰ ਕਾਲਾ ਮਹਿਤਾ ਦੇ ਦਿਲ ’ਚ ਦੇਸ਼ ਭਗਤੀ ਦੀ ਭਾਵਨਾ ਵੀ ਬੇਹੱਦ ਮਜ਼ਬੂਤ ਹੈ। ਉਹ ਹਰ ਸਾਲ ਸ਼ਹੀਦ ਇੰਦੂ ਕੁਮਾਰ ਗੁਪਤਾ, ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਵਰਗੇ ਮਹਾਨ ਯੋਧਿਆਂ ਦੀ ਯਾਦ ’ਚ ਸ਼ਹੀਦੀ ਸਮਾਗਮ ਕਰਵਾਉਂਦੇ ਹਨ। ਇਹ ਸਮਾਗਮ ਸਿਰਫ਼ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਤਕ ਹੀ ਸੀਮਿਤ ਨਹੀਂ ਰਹਿੰਦੇ, ਸਗੋਂ ਨੌਜਵਾਨ ਪੀੜ੍ਹੀ ਨੂੰ ਦੇਸ਼ ਪ੍ਰੇਮ ਤੇ ਕੁਰਬਾਨੀ ਦੀ ਪ੍ਰੇਰਨਾ ਵੀ ਦਿੰਦੇ ਹਨ।
ਪੱਟੀ ਇਲਾਕੇ ’ਚ ਬਣੇ ਸਵਰਗ ਆਸ਼ਰਮ ਨਾਲ ਵੀ ਉਹ ਜੁੜੇ ਹੋਏ ਹਨ ਤੇ ਇੱਥੇ ਚੱਲ ਰਹੀਆਂ ਸੇਵਾਵਾਂ ’ਚ ਆਪਣਾ ਯੋਗਦਾਨ ਪਾ ਰਹੇ ਹਨ। ਲੋੜਵੰਦ ਲੋਕਾਂ ਦੀ ਸਹਾਇਤਾ ਕਰਨੀ, ਧਾਰਮਿਕ ਸਮਾਗਮਾਂ ’ਚ ਹਿੱਸਾ ਲੈਣਾ ਤੇ ਸੇਵਾ ਭਾਵਨਾ ਨਾਲ ਕੰਮ ਕਰਨਾ ਉਨ੍ਹਾਂ ਦੀ ਜ਼ਿੰਦਗੀ ਦਾ ਅਟੁੱਟ ਹਿੱਸਾ ਬਣ ਚੁੱਕਾ ਹੈ।
ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਪ੍ਰੇਰਣਾਦਾਇਕ ਪੱਖ ਹੈ, ਉਨ੍ਹਾਂ ਦਾ ਦਸਵੰਧ ਦਾ ਸਿਧਾਂਤ। ਅਸ਼ਵਨੀ ਕੁਮਾਰ ਕਾਲਾ ਮਹਿਤਾ ਆਪਣੀ ਕਮਾਈ ਦਾ ਲਗਭਗ 40 ਫ਼ੀਸਦੀ ਹਿੱਸਾ ਸਮਾਜ ਸੇਵਾ ਦੇ ਕੰਮਾਂ ਲਈ ਸਮਰਪਿਤ ਕਰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਰੱਬ ਵੱਲੋਂ ਦਿੱਤੀ ਦੌਲਤ ’ਚੋਂ ਲੋੜਵੰਦਾਂ ਲਈ ਹਿੱਸਾ ਕੱਢਣਾ ਹਰ ਇਨਸਾਨ ਦੀ ਜ਼ਿੰਮੇਵਾਰੀ ਹੈ। ਉਹ ਕਹਿੰਦੇ ਹਨ ਕਿ ਜਦੋਂ ਕਿਸੇ ਦੀ ਮਦਦ ਕੀਤੀ ਜਾਂਦੀ ਹੈ, ਤਾਂ ਮਨ ਨੂੰ ਅਸਲ ਖ਼ੁਸ਼ੀ ਤੇ ਅੰਦਰੂਨੀ ਸਕੂਨ ਪ੍ਰਾਪਤ ਹੁੰਦਾ ਹੈ।
ਉਹ ਸਮਾਜ ਦੇ ਹਰ ਵਰਗ ਨੂੰ ਇਹ ਸੰਦੇਸ਼ ਦਿੰਦੇ ਹਨ ਕਿ ਜੇ ਹਰ ਵਿਅਕਤੀ ਆਪਣੀ ਆਮਦਨ ’ਚੋਂ ਕੁਝ ਹਿੱਸਾ ਵੀ ਸਮਾਜ ਸੇਵਾ ਲਈ ਕੱਢੇ, ਤਾਂ ਕੋਈ ਵੀ ਲੋੜਵੰਦ ਬਿਨਾਂ ਸਹਾਇਤਾ ਦੇ ਨਹੀਂ ਰਹੇਗਾ। ਇਹ ਸੋਚ ਹੀ ਇਕ ਸੁਖੀ, ਖ਼ੁਸ਼ਹਾਲ ਤੇ ਸਮੱਰਥ ਸਮਾਜ ਦੀ ਨੀਂਹ ਰੱਖ ਸਕਦੀ ਹੈ।
ਅਸ਼ਵਨੀ ਕੁਮਾਰ ਵਰਗੀਆਂ ਸ਼ਖ਼ਸੀਅਤਾਂ ਸਮਾਜ ਲਈ ਇਕ ਰੋਸ਼ਨੀ ਦੀ ਕਿਰਨ ਹਨ। ਉਨ੍ਹਾਂ ਦੀ ਨਿਸ਼ਕਾਮ ਸੇਵਾ, ਲਗਨ ਤੇ ਸਮਰਪਣ ਹੋਰਾਂ ਲਈ ਪ੍ਰੇਰਨਾ ਦਾ ਸਰੋਤ ਹੈ। ਅਜਿਹੇ ਲੋਕਾਂ ਦੇ ਯਤਨਾਂ ਨਾਲ ਹੀ ਸਮਾਜ ’ਚ ਚੰਗੇ ਬਦਲਾਅ ਆਉਂਦੇ ਹਨ ਤੇ ਮਨੁੱਖਤਾ ਦੀ ਲੋਅ ਹਮੇਸ਼ਾ ਪ੍ਰਜਵਲਿਤ ਰਹਿੰਦੀ ਹੈ।