ਆਸ਼ਾ ਵਰਕਰਜ਼ ਯੂਨੀਅਨ ਨੇ ਸਿਵਲ ਸਰਜਨ ਦਫ਼ਤਰ ’ਚ 9ਵੇਂ ਦਿਨ ਵੀ ਕੀਤਾ ਰੋਸ ਪ੍ਰਦਰਸ਼ਨ
25 ਮਾਰਚ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਹੋਣ ਵਾਲੀ ਮੀਟਿੰਗ ’ਚ ਮੰਗਾਂ ਦਾ ਕੋਈ ਹੱਲ ਨਹੀਂ ਨਿਕਲਦਾ ਤਾਂ ਆਸ਼ਾ ਵਰਕਰਾਂ ਦੇ ਕੰਮਾਂ ਦਾ ਬਾਈਕਾਟ ਜਾਰੀ ਰਹੇਗਾ।
Publish Date: Tue, 24 Mar 2026 05:02 PM (IST)
Updated Date: Wed, 25 Mar 2026 04:02 AM (IST)
ਗੁਰਪ੍ਰੀਤ ਸਿੰਘ ਕੱਦਗਿੱਲ,•ਪੰਜਾਬੀ ਜਾਗਰਣ, ਤਰਨਤਾਰਨ : ਆਲ ਇੰਡੀਆ ਆਸ਼ਾ ਵਰਕਰਜ਼ ਯੂਨੀਅਨ ਪੰਜਾਬ ਏਟਕ ਜ਼ਿਲ੍ਹਾ ਤਰਨਤਾਰਨ ਦੇ ਜ਼ਿਲ੍ਹਾ ਆਗੂ ਮਨਦੀਪ ਕੌਰ ਝਬਾਲ, ਮਨਜੀਤ ਕੌਰ ਗੋਹਲਵੜ੍ਹ, ਰਾਜਵਿੰਦਰ ਕੌਰ ਚਾਹਲ, ਸੰਦੀਪ ਕੌਰ ਤਰਨਤਾਰਨ ਦੀ ਅਗਵਾਈ ’ਚ ਸਿਵਲ ਸਰਜਨ ਦਫ਼ਤਰ ਤਰਨਤਾਰਨ ਵਿਖੇ ਇਕੱਠੇ ਹੋ ਕੇ ਆਪਣੀਆਂ ਮੰਗਾਂ ਦੇ ਸਬੰਧ ’ਚ ਅੱਜ 9ਵੇਂ ਦਿਨ ਵੀ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਆਸ਼ਾ ਵਰਕਰਜ਼ ਆਗੂਆਂ ਮੰਗ ਕੀਤੀ ਕਿ ਆਸ਼ਾ ਵਰਕਰਜ਼, ਫੈਸੀਲਿਟੇਟਰਜ਼ ਪਿਛਲੇ 18 ਸਾਲ ਤੋਂ ਬੜੀ ਮਿਹਨਤ ਨਾਲ ਸਿਹਤ ਵਿਭਾਗ ’ਚ ਦਿਨ-ਰਾਤ ਕੰਮ ਕਰਦੀਆਂ ਹਨ ਪਰ ਬਦਲੇ ’ਚ ਉਨ੍ਹਾਂ ਨੂੰ ਨਿਗੂਣੇ ਭੱਤੇ ਤੇ ਕੇਵਲ 2500 ਰੁਪਏ ਮਹੀਨੇ ਦਿੱਤਾ ਜਾਂਦਾ, ਜੋ ਇਕ ਸਰਕਾਰੀ ਵਰਕਰ ਨਾਲ ਕੋਝਾ ਮਜ਼ਾਕ ਹੈ।
ਕੋਰੋਨਾ ਕਾਲ ’ਚ ਜਦੋਂ ਮੌਤ ਤੋਂ ਡਰਦਾ ਕੋਈ ਡਾਰਟਰ ਕਿਸੇ ਵੀ ਮਰੀਜ਼ ਨੂੰ ਦਵਾਈ ਤਾਂ ਕੀ, ਮੂੰਹ ਨਹੀਂ ਸੀ ਦੇਖਣਾ ਚਾਹੁੰਦਾ, ਪਰ ਆਸ਼ਾ ਵਰਕਰਜ਼ 4 ਸਾਲ ਬੀਤ ਜਾਣ ਦੇ ਬਾਵਜੂਦ ਨਾ ਤਾਂ ਕਿਸੇ ਭੱਤੇ ’ਚ ਵਾਧਾ ਕੀਤਾ ਤੇ ਨਾ ਹੀ ਕੋਈ ਬੱਝਵੀਂ ਸਨਮਾਨਯੋਗ ਤਨਖ਼ਾਹ ਦਿੱਤੀ ਹੈ, ਜਿਸ ਕਰ ਕੇ ਸਾਨੂੰ ਮਜਬੂਰ ਹੋ ਕੇ 16 ਮਾਰਚ ਤੋਂ 28 ਮਾਰਚ ਤੱਕ ਸਾਰੇ ਕੰਮਾਂ ਦਾ ਬਾਈਕਾਟ ਕਰਨਾ ਪਿਆ।
ਇਸ ਕੜੀ ਤਹਿਤ ਪੂਰੇ ਪੰਜਾਬ ’ਚ ਰੋਸ ਧਰਨੇ ਪ੍ਰਦਰਸ਼ਨ ਦੌਰਾਨ ਅੱਜ 9ਵੇਂ ਦਿਨ ਵੀ ਸਿਵਲ ਸਰਜਨ ਦਫ਼ਤਰ ਤਰਨਤਾਰਨ ਵਿਖੇ ਵੱਡੀ ਗਿਣਤੀ ’ਚ ਇਕੱਠੇ ਹੋ ਕੇ ਨਾਅਰੇਬਾਜ਼ੀ ਕਰਦਿਆਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਨਾਲ ਹੀ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ 25 ਮਾਰਚ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਹੋਣ ਵਾਲੀ ਮੀਟਿੰਗ ’ਚ ਮੰਗਾਂ ਦਾ ਕੋਈ ਹੱਲ ਨਹੀਂ ਨਿਕਲਦਾ ਤਾਂ ਆਸ਼ਾ ਵਰਕਰਾਂ ਦੇ ਕੰਮਾਂ ਦਾ ਬਾਈਕਾਟ ਜਾਰੀ ਰਹੇਗਾ।
ਇਸ ਮੌਕੇ ਕੁਲਵੰਤ ਕੌਰ ਵੇਂਈਪੂੰਈ, ਪ੍ਰਸਿੰਨ ਕੌਰ ਮੰਨਣ, ਜਸਬੀਰ ਕੌਰ ਡਾਲੇਕੇ, ਦਵਿੰਦਰ ਕੌਰ, ਰਵਿੰਦਰ ਕੌਰ, ਨੀਲੂ ਝਬਾਲ, ਰੁਪਵਿੰਦਰ ਕੌਰ, ਪਰਮਜੀਤ ਕੌਰ ਮਾਲੂਵਾਲ, ਪ੍ਰਭਜੀਤ ਕੌਰ, ਜਗਦੀਸ਼ ਕੌਰ ਬਹਿਲਾ, ਪੂਨਮ ਤਰਨਤਾਰਨ, ਪੱਲਵੀ, ਗੁਰਪ੍ਰੀਤ ਕੌਰ ਵਾਂ, ਕੰਵਲ ਕੌਰ ਤਰਨਤਾਰਨ, ਅਮਰਜੀਤ ਕੌਰ ਮੰਨਣ, ਸ਼ਿੰਦਰਪਾਲ ਕੌਰ ਕੱਦਗਿੱਲ, ਦਵਿੰਦਰ ਕੌਰ, ਪੂਨਮ ਕੁਮਾਰੀ ਤਰਨਤਾਰਨ ਆਦਿ ਆਗੂ ਹਾਜ਼ਰ ਸਨ।