ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਸੁਪਰਵਾਈਜਰ ਸਾਂਝੇ ਮੋਰਚੇ ਨੇ ਕੀਤਾ ਰੋਸ ਪ੍ਰਦਰਸ਼ਨ
ਆਮ ਆਦਮੀ ਪਾਰਟੀ ਦੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਆਪਣੇ 8 ਤੋਂ 11 ਮਾਰਚ ਤੱਕ ਚੱਲਣ ਵਾਲੇ ਬਜਟ ਵਿੱਚੋ ਫੁੱਟੀ ਕੌਡੀ ਨਹੀਂ ਦਿੱਤੀ,
Publish Date: Wed, 18 Mar 2026 05:04 PM (IST)
Updated Date: Thu, 19 Mar 2026 04:04 AM (IST)

ਪੰਜਾਬੀ ਜਾਗਰਣ ਟੀਮ, ਘਰਿਆਲਾ/ਹਰੀਕੇ ਪੱਤਣ : ਆਲ ਇੰਡੀਆ ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਤੇ ਸੁਪਰਵਾਈਜ਼ਰਾਂ ਦੇ ਸਾਂਝੇ ਮੋਰਚੇ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਅੱਜ ਸਿਵਲ ਹਸਪਤਾਲ ਹਰੀਕੇ ਤੇ ਘਰਿਆਲਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਧਾਨ ਮਨਜਿੰਦਰ ਕੌਰ ਹਰੀਕੇ ਨੇ ਕਿਹਾ ਕਿ ਐੱਨਐੱਚਐੱਮ ਅਧੀਨ ਪੰਜਾਬ ਭਰ ’ਚ ਕੰਮ ਕਰਨ ਵਾਲੀਆਂ ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਸੁਪਰਵਾਈਜ਼ਰ ਤਕਰੀਬਨ ਪੂਰੇ 18 ਸਾਲ ਤੋਂ ਸਿਹਤ ਵਿਭਾਗ ਦੇ ਕੰਮਾਂ ਨੂੰ ਬੜੀ ਇਮਾਨਦਾਰੀ ਤੇ ਸੁਚੱਜੇ ਢੰਗ ਨਾਲ ਕਰ ਰਹੀਆਂ ਹਨ। ਹਰ ਭਿਆਨਕ ਕੋਰੋਨਾ ਮਹਾਮਾਰੀ ਬਿਮਾਰੀ ’ਚ ਆਪਣੀ ਜਾਨ ਦੀ ਬਿਨ੍ਹਾਂ ਪ੍ਰਵਾਹ ਕੀਤਿਆਂ ਕੰਮ ਨੂੰ ਮੋਹਰੀ ਕਤਾਰ ਵਿਚ ਕਰਦੀਆਂ ਹਨ ਅਤੇ ਵਿਭਾਗ ਦੇ ਕੰਮਾਂ ਦੇ ਨਿਸ਼ਾਨੇ ਨੂੰ ਕਾਇਮ ਰੱਖਦੀਆਂ ਹਨ। ਸਿਹਤ ਵਿਭਾਗ ਅਤੇ ਲੋਕਾਂ ਵਿਚਕਾਰ ਪੁਲ ਦਾ ਕੰਮ ਕਰਦੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਵਾ ਰਹੀਆਂ ਹਨ। ਪ੍ਰੰਤੂ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਆਪਣੇ 8 ਤੋਂ 11 ਮਾਰਚ ਤੱਕ ਚੱਲਣ ਵਾਲੇ ਬਜਟ ਵਿੱਚੋ ਫੁੱਟੀ ਕੌਡੀ ਨਹੀਂ ਦਿੱਤੀ, ਵਰਕਰਾਂ ਦੀਆਂ ਉਮੀਦਾਂ ਪ੍ਰਤੀ ਬਜਟ ਖੋਖਲਾ ਸਾਬਤ ਹੋਇਆ। ਨਿਰਾਸ਼ਾ ਤੇ ਤਸ਼ੱਸਦ ਤੋਂ ਬਿਨ੍ਹਾਂ ਕਿਸੇ ਕਿਸਮ ਦੇ ਭੱਤਿਆਂ ’ਚ ਵਾਧਾ ਨਹੀ ਕੀਤਾ। ਇਸ ਨਾਲ ਪੰਜਾਬ ਭਰ ਦੀਆਂ ਸੈਂਕੜੇ ਆਸ਼ਾਂ ਵਰਕਰਾਂ ਪੰਜਾਬ ਸਰਕਾਰ ਦੇ ਕਾਰਜਗੁਜ਼ਾਰੀ ਦੀ ਨ੍ਹਿੰਦਿਆ ਕਰਦੀਆਂ ਹਨ। ਭਾਰੀ ਰੋਸ ਕਾਰਨ ਆਉਣ ਵਾਲੀ 16 ਤੋਂ 28 ਮਾਰਚ ਤੱਕ ਪੂਰੇ ਪੰਜਾਬ ’ਚ ਆਪਣੇ ਸਾਰੇ ਹੀ ਕੰਮਾਂ ਦਾ ਮੁਕੰਮਲ ਤੌਰ ’ਤੇ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਗਿਆ। ਆਪਣੀਆਂ ਲਮਕ ਅਵਸਥਾ ’ਚ ਪੈਂਡਿੰਗ ਮੰਗਾਂ ਤੇ ਮੁਸ਼ਕਿਲਾਂ ਦੇ ਹੱਲ ਲਈ ਤਿੱਖੇ ਤੋਂ ਤਿੱਖੇ ਐਕਸ਼ਨਾਂ ਲਈ ਮਜਬੂਰ ਹੋਣਗੀਆਂ। ਇਸ ਸਿੱਟਿਆਂ ਤੋਂ ਪੰਜਾਬ ਸਰਕਾਰ ਖੁਦ ਜ਼ਿੰਮੇਵਾਰ ਹੋਵੇਗੀ। ਇਸ ਮੌਕੇ ਅਮਨਦੀਪ ਕੌਰ ਘਰਿਆਲਾ ਬਲਾਕ ਪ੍ਰਧਾਨ, ਵੀਰਪਾਲ ਕੌਰ ਸੈਕਟਰੀ, ਸਰਬਜੀਤ ਕੌਰ ਮੀਤ ਪ੍ਰਧਾਨ, ਰਾਜਵਿੰਦਰ ਕੌਰ ਖ਼ਜ਼ਾਨਚੀ, ਰਾਜਬੀਰ ਕੌਰ ਸੁਪਰਵਾਈਜ਼ਰ, ਰਣਜੀਤ ਕੌਰ ਸੁਪਰਵਾਈਜ਼ਰ, ਗੁਰਪ੍ਰੀਤ ਕੌਰ ਸੁਪਰਵਾਈਜ਼ਰ, ਗੁਰਸ਼ਿੰਦਰ ਕੌਰ ਸੁਪਰਵਾਈਜ਼ਰ, ਗੁਰਜਿੰਦਰ ਕੌਰ ਸੁਪਰਵਾਈਜ਼ਰ ਆਦਿ ਹਾਜ਼ਰ ਸੀ।