ਕੇਂਦਰ ਨੇ ਬਜਟ ਰਾਹੀਂ ਪੰਜਾਬ ਦੀ ਕਿਸਾਨੀ ਤੇ ਸਨਅਤ ਦੀ ‘ਸੰਘੀ ਘੁੱਟੀ’ : ਬ੍ਰਹਮਪੁਰਾ
ਕੇਂਦਰ ਨੇ ਬਜਟ ਰਾਹੀਂ ਪੰਜਾਬ ਦੀ ਕਿਸਾਨੀ ਤੇ ਸਨਅਤ ਦੀ ‘ਸੰਘੀ ਘੁੱਟੀ’- ਬ੍ਰਹਮਪੁਰਾ
Publish Date: Sun, 01 Feb 2026 07:56 PM (IST)
Updated Date: Sun, 01 Feb 2026 07:58 PM (IST)

- ਕਿਹਾ, ਹੁਣ ਪ੍ਰਧਾਨ ਮੰਤਰੀ ਸਿਆਸੀ ਹਮਦਰਦੀ ਦਾ ਮੁਖੌਟਾ ਪਾ ਕੇ ਪਹੁੰਚੇ ਪੰਜਾਬ ਸਟਾਫ ਰਿਪੋਰਟਰ, •ਪੰਜਾਬੀ ਜਾਗਰਣ, ਤਰਨਤਾਰਨ : ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ, ਹਲਕਾ ਇੰਚਾਰਜ ਖਡੂਰ ਸਾਹਿਬ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਆਦਮਪੁਰ ਹਵਾਈ ਅੱਡੇ ਦਾ ਨਾਂ ਸ਼੍ਰੀ ਗੁਰੂ ਰਵਿਦਾਸ ਜੀ ਦੇ ਨਾਂ ’ਤੇ ਰੱਖਣਾ ਸਮੁੱਚੀ ਮਨੁੱਖਤਾ ਅਤੇ ਦਲਿਤ ਭਾਈਚਾਰੇ ਦੀਆਂ ਭਾਵਨਾਵਾਂ ਦੀ ਤਰਜਮਾਨੀ ਹੈ, ਜਿਸ ਦਾ ਸ਼੍ਰੋਮਣੀ ਅਕਾਲੀ ਦਲ ਤਹਿ ਦਿਲੋਂ ਸਵਾਗਤ ਕਰਦਾ ਹੈ। ਪਰ ਨਾਲ ਹੀ ਉਨ੍ਹਾਂ ਅਫ਼ਸੋਸ ਜ਼ਾਹਿਰ ਕੀਤਾ ਕਿ ਅੱਜ ਹੀ ਪੇਸ਼ ਕੀਤੇ ਗਏ ਕੇਂਦਰੀ ਬਜਟ ਨੇ ਗੁਰੂ ਸਾਹਿਬ ਦੇ ‘ਹਰਿ ਕੇ ਨਾਮ ਬਿਨੁ ਝੂਠੇ ਸਕਲ ਪਾਸਾਰੇ’ ਅਤੇ ਬਰਾਬਰੀ ਵਾਲੇ ਸਮਾਜ ਦੇ ਸਿਧਾਂਤ ਨੂੰ ਵਿਸਾਰ ਦਿੱਤਾ ਹੈ। ਇਸ ਮੌਕੇ ਬ੍ਰਹਮਪੁਰਾ ਨੇ ਕਿਹਾ ਕਿ ‘ਗੁਰੂ ਸਾਹਿਬ ਦਾ ਸੁਪਨਾ ਸੀ ‘ਬੇਗਮਪੁਰਾ’ ਭਾਵ ਅਜਿਹਾ ਸ਼ਹਿਰ ਜਿੱਥੇ ਕੋਈ ਗਮ ਜਾਂ ਗ਼ਰੀਬੀ ਨਾ ਹੋਵੇ। ਨਾਮਕਰਨ ਕਰਨਾ ਇੱਕ ਚੰਗਾ ਉਪਰਾਲਾ ਹੈ, ਪਰ ਗੁਰੂ ਸਾਹਿਬ ਨੂੰ ‘ਸੱਚੀ ਸ਼ਰਧਾਂਜਲੀ’ ਤਾਂ ਹੁੰਦੀ ਜੇਕਰ ਪ੍ਰਧਾਨ ਮੰਤਰੀ ਬਜਟ ਵਿੱਚ ਦਲਿਤ ਵਿਦਿਆਰਥੀਆਂ ਲਈ ਵਜ਼ੀਫ਼ਿਆਂ ਦੇ ਗੱਫ਼ੇ, ਬੇਜ਼ਮੀਨੇ ਮਜ਼ਦੂਰਾਂ ਲਈ ਪੱਕੇ ਰੁਜ਼ਗਾਰ ਅਤੇ ਗ਼ਰੀਬਾਂ ਲਈ ਪੱਕੀਆਂ ਛੱਤਾਂ ਦਾ ਐਲਾਨ ਕਰ ਕੇ ਆਉਂਦੇ। ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਬਜਟ ਵਿਚ ਮਜ਼ਦੂਰਾਂ ਅਤੇ ਗ਼ਰੀਬ ਵਰਗ ਲਈ ਸਬਸਿਡੀਆਂ ਘਟਾ ਦਿੱਤੀਆਂ ਗਈਆਂ ਹਨ, ਜੋ ਕਿ ਗੁਰੂ ਸਾਹਿਬ ਦੀ ਸੋਚ ਦੇ ਉਲਟ ਹੈ। ਬ੍ਰਹਮਪੁਰਾ ਨੇ ਸ਼੍ਰੋਮਣੀ ਅਕਾਲੀ ਦਲ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਕਦੇ ਵੀ ਦਲਿਤ ਭਾਈਚਾਰੇ ਨੂੰ ਸਿਰਫ਼ ਵੋਟ ਬੈਂਕ ਨਹੀਂ ਸਮਝਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਸ਼ੁਰੂ ਕੀਤੀਆਂ ਗਈਆਂ ‘ਆਟਾ-ਦਾਲ ਸਕੀਮ’, ‘ਸ਼ਗਨ ਸਕੀਮ’ ਅਤੇ ਐੱਸਸੀ ਭਾਈਚਾਰੇ ਲਈ 200 ਯੂਨਿਟ ਮੁਫ਼ਤ ਬਿਜਲੀ ਵਰਗੀਆਂ ਯੋਜਨਾਵਾਂ ਨੇ ਗ਼ਰੀਬਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਸੀ। ਪਰ ਅੱਜ ਕੇਂਦਰ ਦੀ ਭਾਜਪਾ ਸਰਕਾਰ ਅਤੇ ਸੂਬੇ ਦੀ ‘ਆਪ’ ਸਰਕਾਰ ਸਿਰਫ਼ ਨਾਵਾਂ ਅਤੇ ਐਲਾਨਾਂ ਦੀ ਸਿਆਸਤ ਕਰ ਰਹੀਆਂ ਹਨ, ਜਦਕਿ ਗ਼ਰੀਬ ਦੀ ਥਾਲੀ ਖਾਲੀ ਹੁੰਦੀ ਜਾ ਰਹੀ ਹੈ। ਬ੍ਰਹਮਪੁਰਾ ਨੇ ਕਿਹਾ ਕਿ ਕੇਂਦਰ ਨੇ ਬਜਟ ਰਾਹੀਂ ਕਿਸਾਨਾਂ ਦੀ ਖਾਦ ਸਬਸਿਡੀ ’ਤੇ ਕੈਂਚੀ ਫੇਰ ਕੇ ਅੰਨਦਾਤੇ ਦਾ ਲੱਕ ਤੋੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੀਐੱਸਟੀ ਦੀਆਂ ਗੁੰਝਲਾਂ ਅਤੇ ਐਕਸਪੋਰਟਰਾਂ ਦੇ ਰੁਕੇ ਹੋਏ ਪੁਰਾਣੇ ਕਲੇਮਾਂ ਬਾਰੇ ਧਾਰੀ ਚੁੱਪ ਨੇ ਪੰਜਾਬ ਦੇ ਵਪਾਰ ਨੂੰ ਬਰਬਾਦੀ ਕੰਢੇ ਲਿਆ ਖੜ੍ਹਾ ਕੀਤਾ ਹੈ। ਉਨ੍ਹਾਂ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਦੀ ਫੇਰੀ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਇਨ੍ਹਾਂ ਮੁੱਦਿਆਂ ’ਤੇ ਸੂਬੇ ਦੇ ਹੱਕ ਕਿਉਂ ਮਰਵਾਏ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਦੀ ਫ਼ੇਰੀ ਦੌਰਾਨ ਪੰਜਾਬ ਦੇ ਐੱਸਸੀ ਵਿਦਿਆਰਥੀਆਂ ਦੇ ਰੁਕੇ ਹੋਏ ਸਕਾਲਰਸ਼ਿਪ ਫੰਡਾਂ ਦੀ ਮੰਗ ਨਾ ਕਰ ਕੇ ਸਮਾਜ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਦਲਿਤ, ਪੱਛੜੇ ਅਤੇ ਕਿਸਾਨ ਵਰਗ ਦਾ ਭਵਿੱਖ ਸਿਰਫ਼ ਸੁਖਬੀਰ ਸਿੰਘ ਬਾਦਲ ਦੀ ‘ਸਰਬ-ਸਾਂਝੀ’ ਅਗਵਾਈ ਵਿੱਚ ਹੀ ਸੁਰੱਖਿਅਤ ਹੈ, ਜੋ ਹਰ ਵਰਗ ਨੂੰ ਗਲ਼ ਨਾਲ ਲਾ ਕੇ ਚੱਲਣ ਦੀ ਸਮਰੱਥਾ ਰੱਖਦੇ ਹਨ। ਬ੍ਰਹਮਪੁਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ’ਤੇ ਚੱਲਦਿਆਂ ਸਮਾਜ ਦੇ ਲਿਤਾੜੇ ਵਰਗਾਂ ਦੇ ਹੱਕਾਂ ਲਈ ਕੇਂਦਰ ਅਤੇ ਸੂਬਾ ਸਰਕਾਰ ਨਾਲ ਹਰ ਪੱਧਰ ’ਤੇ ਲੜਾਈ ਲੜੇਗਾ।