ਖਡੂਰ ਸਾਹਿਬ ’ਚ ਕਾਰ ਸੇਵਾ ਵਾਲੇ ਮਹਾਂਪੁਰਖਾਂ ਦੀ ਯਾਦ ’ਚ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ’ਚ ਦੀਵਾਨ ਸਜਾਏ ਗਏ। ਸਮਾਗਮ ਦੌਰਾਨ ਵੱਡੀ ਗਿਣਤੀ ’ਚ ਸੰਗਤਾਂ ਨੇ ਹਾਜ਼ਰੀ ਭਰੀ।
Publish Date: Mon, 02 Mar 2026 04:55 PM (IST)
Updated Date: Tue, 03 Mar 2026 04:03 AM (IST)

ਖਡੂਰ ਸਾਹਿਬ ’ਚ ਕਾਰ ਸੇਵਾ ਵਾਲੇ ਮਹਾਂਪੁਰਖਾਂ ਦੀ ਯਾਦ ’ਚ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ ਸਟਾਫ਼ ਰਿਪੋਰਟਰ•,ਪੰਜਾਬੀ ਜਾਗਰਣ, ਤਰਨਤਾਰਨ : ਕਾਰ ਸੇਵਾ ਖਡੂਰ ਸਾਹਿਬ ਵੱਲੋਂ ਸ੍ਰੀ ਮਾਨ ਸੰਤ ਬਾਬਾ ਗੁਰਮੁਖ ਸਿੰਘ ਜੀ, ਸੰਤ ਬਾਬਾ ਸਾਧੂ ਸਿੰਘ ਜੀ, ਸੰਤ ਬਾਬਾ ਝੰਡਾ ਸਿੰਘ ਜੀ, ਸੰਤ ਬਾਬਾ ਉਤਮ ਸਿੰਘ ਜੀ ਅਤੇ ਕਾਰ ਸੇਵਾ ਵਾਲੇ ਸਮੂਹ ਮਹਾਪੁਰਖਾਂ ਦੀ ਨਿੱਘੀ ਯਾਦ ਨੂੰ ਸਮਰਪਿਤ ਡੇਰਾ ਕਾਰ ਸੇਵਾ ਖਡੂਰ ਸਾਹਿਬ ਵਿਖੇ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਫਿਰ ਖੁੱਲ੍ਹੇ ਪੰਡਾਲਾਂ ’ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ’ਚ ਦੀਵਾਨ ਸਜਾਏ ਗਏ। ਸਮਾਗਮ ਦੌਰਾਨ ਵੱਡੀ ਗਿਣਤੀ ’ਚ ਸੰਗਤਾਂ ਨੇ ਹਾਜ਼ਰੀ ਭਰੀ। ਦੀਵਾਨ ਦੀ ਆਰੰਭਤਾ ਨਗਰ ਖਡੂਰ ਸਾਹਿਬ ਦੇ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਦੇ ਹਜ਼ੂਰੀ ਰਾਗੀ ਜਥਿਆਂ ਅਤੇ ਕਾਰ ਸੇਵਾ ਖਡੂਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੀਆਂ ਵੱਖ-ਵੱਖ ਸੰਸਥਾਵਾਂ ਦੇ ਵਿਦਿਆਰਥੀਆਂ ਦੁਆਰਾ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਨਾਲ ਹੋਈ। ਇਸ ਗੁਰਮਤਿ ਸਮਾਗਮ ਦੌਰਾਨ 64 ਪ੍ਰਾਣੀਆਂ ਨੇ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕੀਤੀ। ਸਮਾਗਮ ’ਚ ਵਿਸ਼ੇਸ਼ ਤੌਰ ’ਤੇ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਗ੍ਰੰਥੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਭਾਈ ਅਮਨਦੀਪ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਗਿਆਨੀ ਸਾਹਿਬ ਸਿੰਘ ਕੈਨੇਡਾ ਵਾਲੇ, ਭਾਈ ਸਾਹਿਬ, ਭਾਈ ਪਿੰਦਰਪਾਲ ਸਿੰਘ ਨੇ ਸਮੂਹ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਨਾਲ ਨਿਹਾਲ ਕੀਤਾ। ਸਮਾਗਮ ਦੌਰਾਨ ਸਿੱਖ ਪੰਥ ਦੀਆਂ ਸਮੂਹ ਸਤਿਕਾਰਿਤ ਸ਼ਖ਼ਸੀਅਤਾਂ ਵੱਲੋਂ ਨਿਸ਼ਾਨ-ਏ-ਸਿੱਖੀ ਦਾ ਸਾਲਾਨਾ ਮੈਗਜ਼ੀਨ 2026 ਸੰਗਤ ਅਰਪਣ ਕੀਤਾ ਗਿਆ ਅਤੇ ਧਰਮ ਅਧਿਐਨ, ਐੱਨਡੀਏ, ਐੱਨਈਈਟੀ-ਜੇਈਈ ਅਤੇ ਪੀਸੀਐੱਸ ਪ੍ਰੀਖਿਆਵਾਂ ਵਿਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸੰਤ ਬਾਬਾ ਅਵਤਾਰ ਸਿੰਘ ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ ਸੁਰਸਿੰਘ, ਸੰਤ ਅਮੀਰ ਸਿੰਘ ਜਵੱਦੀ ਟਕਸਾਲ ਲੁਧਿਆਣਾ, ਬਾਬਾ ਸਤਨਾਮ ਸਿੰਘ ਕਾਰ ਸੇਵਾ ਗੁਰੂ ਕੇ ਬਾਗ਼ ਵਾਲੇ, ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ ਵਾਲਿਆਂ ਸਮੇਤ ਹੋਰ ਸੰਤਾਂ-ਮਹਾਪੁਰਸ਼ਾਂ ਅਤੇ ਸਤਿਕਾਰਤ ਸ਼ਖਸੀਅਤਾਂ ਨੇ ਸਮਾਗਮ ’ਚ ਹਾਜ਼ਰੀ ਭਰੀ। ਬਾਬਾ ਸੇਵਾ ਸਿੰਘ ਜੀ ਨੇ ਸਮੂਹ ਸੰਗਤਾਂ ਨਾਲ ਕਾਰ ਸੇਵਾ ਦੇ ਇਤਿਹਾਸ ਦੀ ਸਾਂਝ ਪਾਉਂਦਿਆਂ ਆਈਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵੱਖ-ਵੱਖ ਨਗਰਾਂ ਤੋਂ ਪਹੁੰਚੀਆਂ ਗੁਰੂ ਕੀਆਂ ਸੰਗਤਾਂ ਨੇ ਤਨ, ਮਨ ਅਤੇ ਧਨ ਨਾਲ ਸੇਵਾਵਾਂ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।