ਏਐੱਨਐੱਮ, ਐੱਲਐੱਚਵੀ ਯੂਨੀਅਨ ਨੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੂੰ ਦਿੱਤਾ ਮੰਗ ਪੱਤਰ
ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੰਗਾਂ ਤੇ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ
Publish Date: Wed, 08 Apr 2026 04:55 PM (IST)
Updated Date: Thu, 09 Apr 2026 04:03 AM (IST)

ਏਐੱਨਐੱਮ, ਐੱਲਐੱਚਵੀ ਯੂਨੀਅਨ ਨੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੂੰ ਦਿੱਤਾ ਮੰਗ ਪੱਤਰ ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਏਐੱਨਐੱਮ, ਐੱਲਐੱਚਵੀ ਯੂਨੀਅਨ ਤਰਨਤਾਰਨ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਕੌਰ ਦੀ ਪ੍ਰਧਾਨਗੀ ਹੇਠ ਕੈਟਾਗਰੀ ਦੀਆਂ ਮੰਗਾਂ ਤੇ ਮੁਸ਼ਕਿਲਾਂ ਸਬੰਧੀ ਮੰਗ ਪੱਤਰ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਨੂੰ ਦਿੱਤਾ। ਮੰਗ ਪੱਤਰ ਦੇਣ ਸਮੇਂ ਜ਼ਿਲ੍ਹਾ ਪ੍ਰਧਾਨ ਦਵਿੰਦਰ ਕੌਰ, ਜ਼ਿਲ੍ਹਾ ਜਨਰਲ ਸਕੱਤਰ ਅਮਰਪਾਲ ਕੌਰ ਮੀਆਂਵਿੰਡ, ਸੰਦੀਪ ਕੌਰ ਕੱਦਗਿੱਲ, ਸੁਖਬੀਰ ਕੌਰ ਝਬਾਲ, ਹਰਿੰਦਰ ਕੌਰ ਕਸੇਲ, ਰਮਨਦੀਪ ਕੌਰ, ਵਰਿੰਦਰ ਕੌਰ, ਜਸਪ੍ਰੀਤ ਕੌਰ, ਜਸਪਾਲ ਕੌਰ, ਅਮਨਪ੍ਰੀਤ ਕੌਰ, ਜਗਰੂਪ ਕੌਰ, ਅੰਮ੍ਰਿਤਪ੍ਰੀਤ ਕੌਰ, ਮਨਜਿੰਦਰ ਕੌਰ, ਅਮਨਦੀਪ ਕੌਰ, ਜਗਦੀਪ ਕੌਰ ਆਦਿ ਨੇ ਦੱਸਿਆ ਕਿ ਪੰਜਾਬ ਭਰ ’ਚ ਰੈਗੂਲਰ ਏਐੱਨਐੱਮ, ਐੱਲਐੱਚਵੀ ਨੂੰ ਮੋਬਾਈਲ ਭੱਤਾ ਮਿਲ ਰਿਹਾ ਹੈ, ਜਦਕਿ ਪਿਛਲੇ ਕੁਝ ਸਾਲਾਂ ਤੋਂ ਜ਼ਿਲ੍ਹੇ ਦੀਆਂ ਏਐੱਨਐੱਮ, ਐੱਲਐੱਚਵੀ ਨੂੰ ਮੋਬਾਈਲ ਭੱਤਾ ਨਹੀਂ ਦਿੱਤਾ ਜਾ ਰਿਹਾ। ਜੋ ਸਰਾਸਰ ਧੱਕਾ ਤੇ ਬੇਇਨਸਾਫੀ ਹੈ ਜਿਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਵੈਕਸੀਨ ਲਿਆਉਣ ਤੇ ਛੱਡਣ ਦੇ ਪੁਖਤਾ ਪ੍ਰਬੰਧ ਕੀਤੇ ਜਾਣ, ਵੈਕਸੀਨ ਸਮੇਂ ਸਿਰ ਨਾ ਪਹੁੰਚਣ ’ਤੇ ਵੈਕਸੀਨੇਸ਼ਨ ਸੈਸ਼ਨ ਪ੍ਰਭਾਵਿਤ ਹੋਣ ਦੀ ਜ਼ਿੰਮੇਵਾਰੀ ਉੱਚ ਅਧਿਕਾਰੀਆਂ ਦੀ ਹੋਵੇਗੀ। ਉਨ੍ਹਾਂ ਜਨਮ ਤੇ ਮੌਤ ਰਜਿਸਟਰੇਸ਼ਨ ਸਬੰਧੀ ਲਿਖ਼ਤੀ ਗਾਈਡਲਾਈਨਜ਼ ਦੀ ਮੰਗ ਕੀਤੀ, ਤਾਂ ਜੋਂ ਬੇਵਜਾਹ ਮੁਸ਼ਕਿਲਾਂ ਨਾ ਆਉਣ। ਉਨ੍ਹਾਂ ਡਾਇਆਗਨੋਜ਼ ਕਿੱਟਾਂ ਸਬੰਧੀ ਦੱਸਿਆ ਕਿ ਉਹ ਕੋਈ ਲੈਬ ਟੈਕਨੀਸ਼ਨ ਨਹੀਂ ਹਨ, ਨਾ ਹੀ ਲੈਬ ਦਾ ਕੋਈ ਡਿਪਲੋਮਾ ਕੀਤਾ ਹੋਇਆ ਹੈ। ਇਸ ਕਰਕੇ ਡਾਇਆਗਨੋਜ਼ ਕਿੱਟਾਂ ਵਰਤਣ ਦੀ ਉਨ੍ਹਾਂ ਦੀ ਕੋਈ ਵੀ ਜ਼ਿੰਮੇਵਾਰੀ ਨਹੀਂ ਬਣਦੀ। ਏਐੱਨਐੱਮ ਦੀਆਂ ਪੋਸਟਾਂ ਘੱਟ ਹੋਣ ਕਰਕੇ ਬਹੁਤ ਸਾਰੀਆਂ ਏਐੱਨਐੱਮ ਨੂੰ ਇਕ ਤੋਂ ਵੱਧ ਸੈਂਟਰਾਂ ’ਤੇ ਕੰਮ ਕਰਨਾ ਪੈਂਦਾ ਹੈ। ਪਰ ਵਿਭਾਗ ਵੱਲੋਂ ਦਿੱਤਾ ਜਾਂਦਾ ਇਨਸੈਂਟ ਭੱਤਾ ਇਕ ਸੈਂਟਰ ਦਾ ਵੀ ਪੂਰਾ ਨਹੀਂ ਦਿੱਤਾ ਜਾਂਦਾ। ਪ੍ਰਧਾਨ ਦਵਿੰਦਰ ਕੌਰ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਤੇ ਮੁਸ਼ਕਿਲਾਂ ਦਾ ਕੁਝ ਦਿਨਾਂ ’ਚ ਹੱਲ ਨਾ ਕੀਤਾ, ਤਾਂ ਸੰਘਰਸ਼ ਕੀਤਾ ਜਾਵੇਗਾ। ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੰਗਾਂ ਤੇ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।