ਸ਼੍ਰੀ ਗੁਰੂ ਅੰਗਦ ਦੇਵ ਕਾਲਜ ‘ਚ ਸਾਬਕਾ ਵਿਦਿਆਰਥੀਆਂ ਦੀ ਅਲੂਮਨੀ ਮੀਟ ਕਰਵਾਈ
ਮੁਖਤਿਆਰ ਸਿੰਘ ਨੇ ਕਾਲਜ ਸਮੇਂ ਦੇ ਖੇਡ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਉਸ ਨੂੰ ਮਾਣ ਹੈ ਕਿ ਕਾਲਜ ਨੇ ਖੇਡ ਕੋਟੇ ਵਿਚ ਬਹੁਤ ਮਦਦ ਕੀਤੀ।
Publish Date: Mon, 02 Mar 2026 04:49 PM (IST)
Updated Date: Tue, 03 Mar 2026 04:03 AM (IST)

ਸਟਾਫ਼ ਰਿਪੋਰਟਰ,•ਪੰਜਾਬੀ ਜਾਗਰਣ, ਤਰਨਤਾਰਨ : ਬਾਬਾ ਉੱਤਮ ਸਿੰਘ ਜੀ ਵੱਲੋਂ ਸਥਾਪਿਤ ਤੇ ਬਾਬਾ ਸੇਵਾ ਸਿੰਘ ਦੀ ਸਰਪ੍ਰਸਤੀ ਹੇਠ ਚੱਲ ਰਹੇ ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਵਿਖੇ ਸਾਬਕਾ ਵਿਦਿਆਰਥੀਆਂ ਦੀ ਰਸਮੀ ਮਿਲਣੀ ਲਈ ਅਲੂਮਨੀ ਮੀਟ ਕਰਵਾਈ ਗਈ । ਜਿਸ ’ਚ ਸਵਾ ਸੌ ਤੋਂ ਵਧੇਰੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਪਰਮਾਤਮਾ ਦੀ ਉਸਤਤ ’ਚ ਸ਼ਬਦ ਗਾਇਨ ਦੁਆਰਾ ਹੋਈ। ਇਸ ਉਪਰੰਤ ਕਾਲਜ ਦੇ ਜਨਰਲ ਸਕੱਤਰ ਡਾ. ਕਮਲਜੀਤ ਸਿੰਘ ਨੇ ਸਮੂਹ ਸਾਬਕਾ ਪ੍ਰਿੰਸੀਪਲ, ਪ੍ਰੋਫੈਸਰ ਅਤੇ ਸਾਬਕਾ ਵਿਦਿਆਰਥੀਆਂ ਦੇ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬੜੀ ਖ਼ੁਸ਼ੀ ਹੋ ਰਹੀ ਹੈ ਕਿ ਅੱਜ ਕਾਲਜ ਦਾ ਸਰਮਾਇਆ ਕਾਲਜ ਆਇਆ ਹੈ। ਇਸ ਮੌਕੇ ਬਾਬਾ ਸੇਵਾ ਸਿੰਘ ਜੀ ਨੇ ਖਡੂਰ ਸਾਹਿਬ ਦੀ ਮਹੱਤਤਾ ਦੱਸਦੇ ਹੋਏ ਕਿਹਾ ਕਿ ਸਾਢੇ ਪੰਜ ਦਹਾਕੇ ਪਹਿਲਾਂ ਇਸ ਇਲਾਕੇ ’ਚ ਉੱਚ ਪੱਧਰੀ ਵਿੱਦਿਆ ਦੇ ਮੌਕੇ ਬਹੁਤ ਘੱਟ ਸਨ। ਇਸ ਕਾਰਨ ਬਾਬਾ ਉਤਮ ਸਿੰਘ ਨੇ ਆਪਣੀ ਦੂਰ ਦ੍ਰਿਸ਼ਟੀ ਸਦਕਾ ਕਾਲਜ ਦੀ ਸਥਾਪਨਾ ਕੀਤੀ। ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾ. ਭਗਵੰਤ ਸਿੰਘ ਖਹਿਰਾ ਤੇ ਸਾਬਕਾ ਪ੍ਰੋਫੈਸਰ ਬ੍ਰਿਜਪਾਲ ਸਿੰਘ ਨੇ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਕਾਲਜ ਨੇ ਉਨ੍ਹਾਂ ਨੂੰ ਬਹੁਤ ਕੁਝ ਦਿੱਤਾ ਹੈ ਅਤੇ ਇਥੇ ਸੇਵਾ ਕਰਨੀ ਉਨ੍ਹਾਂ ਦੀ ਖੁਸ਼ਕਿਸਮਤੀ ਸੀ। ਇਸ ਮੌਕੇ ਸਾਬਕਾ ਵਿਦਿਆਰਥੀਆਂ ’ਚੋਂ ਸੁਖਦੇਵ ਸਿੰਘ ਜੋਸਨ, ਐਡਵੋਕੇਟ ਗੁਰਪ੍ਰੀਤ ਸਿੰਘ, ਡਾ ਪ੍ਰਗਟ ਸਿੰਘ, ਅਵਤਾਰ ਸਿੰਘ ਗੋਇੰਦਵਾਲ ਸਾਹਿਬ, ਅਮਰੀਕ ਸਿੰਘ, ਬਲਕਾਰ ਸਿੰਘ ਸੰਧਾਵਾਲੀਆ ਆਦਿ ਬੁਲਾਰਿਆਂ ਨੇ ਪੁਰਾਣੀਆਂ ਯਾਦਾਂ ਦੀ ਸਾਂਝ ਪਾਉਂਦਿਆਂ ਆਪਣੇ ਅਹਿਸਾਸ ਸਾਂਝੇ ਕੀਤੇ। ਡੀਐੱਸਪੀ ਜੈਮਲ ਸਿੰਘ ਨਾਗੋਕੇ ਨੇ ਕਿਹਾ ਕਿ ਕਾਲਜ ਦਾ ਰੁਤਬਾ ਸਾਡੇ ਲਈ ਬਹੁਤ ਅਹਿਮ ਸਥਾਨ ਰੱਖਦਾ ਹੈ। ਉਨ੍ਹਾਂ ਨੇ ਜ਼ਿੰਦਗੀ ’ਚ ਜੋ ਕੁਝ ਵੀ ਹਾਸਲ ਕੀਤਾ ਉਹ ਕਾਲਜ ਕਰ ਕੇ ਹੀ ਕੀਤਾ। ਮੁਖਤਿਆਰ ਸਿੰਘ ਨੇ ਕਾਲਜ ਸਮੇਂ ਦੇ ਖੇਡ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਉਸ ਨੂੰ ਮਾਣ ਹੈ ਕਿ ਕਾਲਜ ਨੇ ਖੇਡ ਕੋਟੇ ਵਿਚ ਬਹੁਤ ਮਦਦ ਕੀਤੀ। ਇਸੇ ਤਰ੍ਹਾਂ ਬਾਕੀ ਬੁਲਾਰਿਆਂ ਨੇ ਵੀ ਕਾਲਜ ਪ੍ਰਤੀ ਆਪਣੀਆਂ ਜਜ਼ਬਾਤੀ ਸਾਂਝਾਂ ਸਾਂਝੀਆਂ ਕੀਤੀਆਂ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਬਲਵੰਤ ਸਿੰਘ ਸੰਧੂ ਨੇ ਬਾਹਰੋਂ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਬਕਾ ਵਿਦਿਆਰਥੀਆਂ ਦਾ ਚਿਰਾ ਬਾਅਦ ਇਕ ਦੂਜੇ ਨਾਲ ਮਿਲਣਾ ਬੀਤੇ ਪਲਾਂ ਨੂੰ ਯਾਦ ਕਰਨਾ, ਆਪਣੀਆਂ ਭਾਵਨਾਵਾਂ ਸਾਂਝੀਆਂ ਕਰਨਾ ਇਕ ਖੂਬਸੂਰਤ ਅਹਿਸਾਸ ਹੈ। ਉਨ੍ਹਾਂ ਨੇ ਆਸ ਪ੍ਰਗਟ ਕੀਤੀ ਕਿ ਭਵਿੱਖ ’ਚ ਅਜਿਹੇ ਪ੍ਰੋਗਰਾਮ ਨੂੰ ਹੋਰ ਵੀ ਬਿਹਤਰ ਬਣਾਉਣ ਲਈ ਸਾਰੇ ਸਾਬਕਾ ਵਿਦਿਆਰਥੀਆਂ ਤੋਂ ਸਹਿਯੋਗ ਦੀ ਕਾਮਨਾ ਕੀਤੀ। ਇਸ ਤੋਂ ਬਿਨਾਂ ਉਨ੍ਹਾਂ ਨੇ ਪ੍ਰੋਗਰਾਮ ਨੂੰ ਵਧੀਆ ਢੰਗ ਨਾਲ ਨੇਪਰੇ ਚਾੜ੍ਹਨ ਲਈ ਡਾ. ਜਤਿੰਦਰ ਸਿੰਘ ਸਿੱਧੂ, ਡਾ. ਰਮਨਦੀਪ ਕੌਰ ਅਤੇ ਸਮੂਹ ਸਟਾਫ਼ ਦੀ ਸ਼ਲਾਘਾ ਕੀਤੀ। ਇਸ ਸਮੇਂ ਮੰਚ ਸੰਚਾਲਨ ਦੀ ਭੂਮਿਕਾ ਡਾ. ਰਮਨਦੀਪ ਕੌਰ ਅਤੇ ਅਲੂਮਨੀ ਸੁਖਦੇਵ ਸਿੰਘ ਜੋਸਨ ਵਲੋਂ ਨਿਭਾਈ ਗਈ। ਇਸ ਮੌਕੇ ਕਾਲਜ ਦੇ ਜਨਰਲ ਸਕੱਤਰ ਡਾ.ਕਮਲਜੀਤ ਸਿੰਘ, ਬਾਬਾ ਬਲਦੇਵ ਸਿੰਘ, ਸਕੱਤਰ ਜਸਵਿੰਦਰ ਸਿੰਘ, ਕਰਨਲ ਦਰਸ਼ਨ ਸਿੰਘ ਬਾਵਾ, ਪ੍ਰਿੰਸੀਪਲ ਭਾਈ ਵਰਿਆਮ ਸਿੰਘ, ਐਜੂਕੇਸ਼ਨ ਕਾਲਜ ਦੇ ਪ੍ਰਿੰਸੀਪਲ ਡਾ. ਸਿਮਰਪ੍ਰੀਤ ਕੌਰ, ਪ੍ਰਿੰਸੀਪਲ ਸਤਪਾਲ ਸਿੰਘ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।