ਕੈਬਨਿਟ ਮੰਤਰੀ ਭੁੱਲਰ ’ਤੇ ਲੱਗੇ ਦੋਸ਼ ਬੇਬੁਨਿਆਦ, ਸਿਆਸੀ ਸਾਜ਼ਿਸ਼ ਦਾ ਹਿੱਸਾ : ਐਡਵੋਕੇਟ ਭੁੱਲਰ
ਮਾਮਲਾ ਸਿਆਸੀ ਰੰਜਿਸ਼ ਤੇ ਕੁਝ ਲੋਕਾਂ ਵੱਲੋਂ ਬਣਾਈ ਗਈ ਸਾਜ਼ਿਸ਼ ਦਾ ਹਿੱਸਾ ਹੈ।
Publish Date: Sat, 21 Mar 2026 04:45 PM (IST)
Updated Date: Sun, 22 Mar 2026 04:05 AM (IST)

ਬੱਲੂ ਮਹਿਤਾ•,ਪੰਜਾਬੀ ਜਾਗਰਣ, ਪੱਟੀ : ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ’ਤੇ ਲੱਗ ਰਹੇ ਦੋਸ਼ਾਂ ਨੂੰ ਸਿਰੇ ਤੋਂ ਰੱਦ ਕਰਦਿਆਂ ‘ਆਪ’ ਲੀਗਲ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਮਨਦੀਪ ਸਿੰਘ ਭੁੱਲਰ ਤੇ ਮੀਡੀਆ ਇੰਚਾਰਜ ਮੋਹਿਤ ਅਰੋੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੰਤਰੀ ਭੁੱਲਰ ’ਤੇ ਲੱਗ ਰਹੇ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਹ ਮਾਮਲਾ ਸਿਆਸੀ ਰੰਜਿਸ਼ ਤੇ ਕੁਝ ਲੋਕਾਂ ਵੱਲੋਂ ਬਣਾਈ ਗਈ ਸਾਜ਼ਿਸ਼ ਦਾ ਹਿੱਸਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਵੇਅਰਹਾਊਸ ਦੇ ਟੈਂਡਰ ਪ੍ਰਕਿਰਿਆ ਦੌਰਾਨ ਸੁਖਦੇਵ ਸਿੰਘ ਭੁੱਲਰ ਸਮੇਤ ਕਈ ਹੋਰ ਵਿਅਕਤੀਆਂ ਜਿਨ੍ਹਾਂ ’ਚ ਬਾਬਾ ਨਾਗਾ ਫਰਮ ਤੇ ਬਿੱਟੂ ਜੈਂਤੀਪੁਰੀਆ ਵੱਲੋਂ ਟੈਂਡਰ ਭਰੇ ਗਏ ਸਨ। ਟੈਂਡਰ ਦੀ ਜਾਂਚ ਵੇਅਰਹਾਊਸ ਦੇ ਜੀਐੱਮ ਗਗਨਦੀਪ ਸਿੰਘ ਰੰਧਾਵਾਂ ਵੱਲੋਂ ਕੀਤੀ ਗਈ, ਜਿਸ ’ਚ ਸੁਖਦੇਵ ਸਿੰਘ ਭੁੱਲਰ ਵੱਲੋਂ ਸਾਰੀਆਂ ਸ਼ਰਤਾਂ ਤੇ ਨਿਯਮ ਪੂਰੇ ਕੀਤੇ ਹੋਣ ਕਰ ਕੇ ਉਨ੍ਹਾਂ ਨੂੰ ਟੈਂਡਰ ਮਿਲਿਆ। ਭੁੱਲਰ ਨੇ ਕਿਹਾ ਕਿ ਬਾਕੀ ਦੇ ਉਮੀਦਵਾਰ ਟੈਂਡਰ ਦੀਆਂ ਮੁੱਢਲੀਆਂ ਸ਼ਰਤਾਂ ‘ਤੇ ਖਰੇ ਨਹੀਂ ਉਤਰੇ। ਕਿਸੇ ਦੀ ਜ਼ਮੀਨ ਨਿਰਧਾਰਤ 5 ਕਿੱਲੋਮੀਟਰ ਦੇ ਦਾਇਰੇ ’ਚ ਨਹੀਂ ਸੀ, ਜਦਕਿ ਕੁਝ ਹੋਰ ਹਲਕਿਆਂ ਨਾਲ ਸਬੰਧਿਤ ਸਨ। ਇਸ ਕਰ ਕੇ ਉਨ੍ਹਾਂ ਦੇ ਟੈਂਡਰ ਰੱਦ ਹੋਣੇ ਸੁਭਾਵਿਕ ਸਨ। ਪਰ ਕੁਝ ਦਿਨਾਂ ਬਾਅਦ ਜੀਐੱਮ ਗਗਨਦੀਪ ਸਿੰਘ ਵੱਲੋਂ ਕਥਿਤ ਤੌਰ ‘ਤੇ ਕਰੀਬ 10 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਉਹ ਟੈਂਡਰ ਉਨ੍ਹਾਂ ਲੋਕਾਂ ਨੂੰ ਦੇ ਦਿੱਤੇ ਗਏ, ਜੋ ਨਿਯਮਾਂ ਅਨੁਸਾਰ ਯੋਗ ਨਹੀਂ ਸਨ। ਇਸ ਨੂੰ ਪੂਰੀ ਤਰ੍ਹਾਂ ਗ਼ੈਰ-ਕਾਨੂੰਨੀ ਕਰਾਰ ਦਿੱਤਾ ਗਿਆ ਹੈ। ਐਡਵੋਕੇਟ ਭੁੱਲਰ ਨੇ ਦੱਸਿਆ ਕਿ ਜਦ ਇਹ ਮਾਮਲਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਧਿਆਨ ’ਚ ਆਇਆ ਤਾਂ ਉਨ੍ਹਾਂ ਤੁਰੰਤ ਜੀਐੱਮ ਨੂੰ ਬੁਲਾ ਕੇ ਪੁੱਛਗਿੱਛ ਕੀਤੀ ਤੇ ਇਸ ਦੌਰਾਨ ਰਿਸ਼ਵਤ ਲੈਣ ਦੀ ਗੱਲ ਵੀ ਸਾਹਮਣੇ ਆਈ। ਉਨ੍ਹਾਂ ਅੱਗੇ ਦੱਸਿਆ ਕਿ ਸੁਖਦੇਵ ਸਿੰਘ ਭੁੱਲਰ ਵੱਲੋਂ 13 ਮਾਰਚ ਨੂੰ ਫੂਡ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ, ਵੇਅਰਹਾਊਸ ਵਿਭਾਗ ਤੇ ਐੱਫਸੀਆਈ ਨੂੰ ਲਿਖਤੀ ਤੇ ਆਨਲਾਈਨ ਸ਼ਿਕਾਇਤਾਂ ਭੇਜੀਆਂ ਗਈਆਂ। ਇਸ ਦੇ ਨਾਲ ਹੀ ਸਬੰਧਿਤ ਅਧਿਕਾਰੀਆਂ ਨੂੰ ਈਮੇਲ ਰਾਹੀਂ ਵੀ ਸੂਚਿਤ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਸ਼ਿਕਾਇਤਾਂ ਤੋਂ ਬਾਅਦ ਸਬੰਧਿਤ ਅਧਿਕਾਰੀ ’ਤੇ ਕਾਰਵਾਈ ਦਾ ਦਬਾਅ ਬਣ ਗਿਆ ਸੀ, ਜਿਸ ਕਰ ਕੇ ਉਹ ਡਰ ਦੇ ਮਾਹੌਲ ’ਚ ਸੀ। ਆਪਣੀ ਨੌਕਰੀ ’ਤੇ ਬਣ ਰਹੀ ਕਾਰਵਾਈ ਦੇ ਚੱਲਦਿਆਂ ਉਸ ਵੱਲੋਂ ਮੰਤਰੀ ’ਤੇ ਝੂਠੇ ਦੋਸ਼ ਲਾਏ ਗਏ ਹਨ। ਮਾਮਲਾ ਜਾਂਚ ਹੇਠ ਹੈ ਤੇ ਜਲਦ ਹੀ ਸੱਚ ਸਾਹਮਣੇ ਆ ਜਾਵੇਗਾ।