ਆਲ ਇੰਡੀਆ ਆਸ਼ਾ ਵਰਕਰਾਂ ਦਾ ਰੋਸ ਪ੍ਰਦਰਸ਼ਨ ਅੱਠਵੇਂ ਦਿਨ ਵੀ ਜਾਰੀ ਰਿਹਾ
ਬੀਤੇ ਦਿਨਾਂ ਤੋਂ ਕੰਮ ਕਾਜ ਠੱਪ ਰੱਖਣ ਕਾਰਨ ਸਰਕਾਰ ਤੇ ਆਮ ਲੋਕਾਂ ਦਾ ਵੱਡਾ ਨੁਕਸਾਨ ਹੋ ਰਿਹਾ
Publish Date: Wed, 25 Mar 2026 06:41 PM (IST)
Updated Date: Thu, 26 Mar 2026 04:05 AM (IST)

ਲਵਦੀਪ ਦੇਵਗਨ/ਸਤਨਾਮ ਚੀਮਾ, ਪੰਜਾਬੀ ਜਾਗਰਣ, ਹਰੀਕੇ/ਸਭਰਾ : ਆਲ ਇੰਡੀਆ ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਯੂਨੀਅਨ ਪੰਜਾਬ ਏਟਕ ਗਰੁੱਪ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਅੱਠਵੇਂ ਦਿਨ ’ਚ ਦਾਖ਼ਲ ਹੋ ਚੁੱਕਾ ਹੈ। ਪਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਹੱਕੀ ਮੰਗਾਂ ਵੱਲ ਧਿਆਨ ਨਾ ਦੇਣਾ ਬੜੀ ਹੈਰਾਨੀ ਵਾਲੀ ਗੱਲ ਹੈ। ਉਨ੍ਹਾਂ ਵੱਲੋਂ ਬੀਤੇ ਦਿਨਾਂ ਤੋਂ ਕੰਮ ਕਾਜ ਠੱਪ ਰੱਖਣ ਕਾਰਨ ਸਰਕਾਰ ਤੇ ਆਮ ਲੋਕਾਂ ਦਾ ਵੱਡਾ ਨੁਕਸਾਨ ਹੋ ਰਿਹਾ। ਕਿਰਤੋਵਾਲ ਵਰਕਰਾਂ ਵੱਲੋਂ ਹਰੀਕੇ ਸਿਵਲ ਹਸਪਤਾਲ ਦੇ ਬਾਹਰ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਖ਼ਿਲਾਫ਼ ਭੜਾਸ ਕੱਢੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮਨਜਿੰਦਰ ਕੌਰ ਹਰੀਕੇ ਨੇ ਦੱਸਿਆ ਕਿ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ। ਇਸ ਮੌਕੇ ਆਸ਼ਾ ਵਰਕਰਜ਼ ਆਗੂਆਂ ਮੰਗ ਕੀਤੀ ਕਿ ਆਸ਼ਾ ਵਰਕਰਜ਼/ ਫੈਸੀਲਿਟੇਟਰਜ਼ ਪਿਛਲੇ 18 ਸਾਲ ਤੋਂ ਬੜੀ ਮਿਹਨਤ ਨਾਲ ਸਿਹਤ ਵਿਭਾਗ ’ਚ ਦਿਨ-ਰਾਤ ਕੰਮ ਕਰਦੀਆਂ ਹਨ ਤੇ ਪਰ ਬਦਲੇ ’ਚ ਉਨ੍ਹਾਂ ਨੂੰ ਨਿਗੂਣੇ ਭੱਤੇ ਤੇ ਕੇਵਲ 2500 ਰੁਪਏ ਮਹੀਨੇ ਦਾ ਦਿੱਤਾ ਜਾਂਦਾ, ਜੋ ਇਕ ਸਰਕਾਰੀ ਵਰਕਰ ਨਾਲ ਕੋਝਾ ਮਜ਼ਾਕ ਹੈ। ਪੰਜਾਬ ਸਰਕਾਰ ਨੇ ਉਨ੍ਹਾਂ ਨਾਲ ਵਾਅਦਾਖ਼ਿਲਾਫ਼ੀ ਕਰਦਿਆਂ 4 ਸਾਲ ਬੀਤ ਜਾਣ ਦੇ ਬਾਵਜੂਦ 8 ਮਾਰਚ ਤੋਂ 11 ਮਾਰਚ ਨੂੰ ਪੇਸ਼ ਕੀਤੇ ਬਜਟ ’ਚ ਆਸ਼ਾ ਵਰਕਰਜ਼ ਲਈ ਕੁਝ ਵੀ ਨਹੀ ਰੱਖਿਆ, ਜਿਸ ਕਰ ਕੇ ਸਾਨੂੰ ਮਜਬੂਰ ਹੋ ਕੇ 16 ਮਾਰਚ ਤੋਂ 28 ਮਾਰਚ ਤਕ ਸਾਰੇ ਕੰਮਾਂ ਦਾ ਬਾਈਕਾਟ ਕਰਨਾ ਪਿਆ। ਕੇਂਦਰ ਹਰੀਕੇ ਵਿਖੇ ਵੱਡੀ ਗਿਣਤੀ ’ਚੋਂ ਇਕੱਠੇ ਹੋ ਕੇ ਨਾਅਰੇਬਾਜ਼ੀ ਕਰਦਿਆਂ ਧਰਨਾ ਪ੍ਰਦਰਸ਼ਨ ਕੀਤਾ ਗਿਆ। ਮਨਜਿੰਦਰ ਕੌਰ ਨੇ ਦੱਸਿਆ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਫ਼ੈਸਲਾ ਲਿਆ ਜਾਵੇਗਾ। ਸੰਘਰਸ਼ ਦੌਰਾਨ ਨੁਕਸਾਨ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਰਣਜੀਤ ਕੌਰ ਕੋਟਦਾਤਾ, ਕ੍ਰਿਸ਼ਨਾ ਹਰੀਕੇ, ਪਰਮਜੀਤ ਕੌਰ ਭੱਗੂਪੁਰ, ਊਸ਼ਾਰਾਣੀ, ਮਮਤਾ, ਗੁਰਜਿੰਦਰ ਕੌਰ ਸਭਰਾ, ਬਲਜੀਤ ਕੌਰ ਆਦਿ ਆਗੂ ਹਾਜ਼ਰ ਸਨ।