ਤਿੰਨ ਦਿਨ ਸਮੂਹ ਪੰਜਾਬ ਦੇ ਫਰਦ ਕੇਂਦਰ ਰਹਿਣਗੇ ਮੁਕੰਮਲ ਬੰਦ
5 ਤੋਂ 7 ਮਾਰਚ ਤੱਕ ਸਮੂਹ ਪੰਜਾਬ ਦੇ ਫ਼ਰਦ ਕੇਂਦਰਾਂ ਦਾ ਕੰਮ ਪੂਰੀ ਤਰ੍ਹਾਂ ਬੰਦ ਕਰਨ ਦਾ ਐਲਾਨ ਕੀਤਾ
Publish Date: Tue, 03 Mar 2026 05:16 PM (IST)
Updated Date: Wed, 04 Mar 2026 04:03 AM (IST)
ਗੁਰਪ੍ਰੀਤ ਸਿੰਘ ਕੱਦਗਿੱਲ,•ਪੰਜਾਬੀ ਜਾਗਰਣ, ਤਰਨਤਾਰਨ : ਫ਼ਰਦ ਕੇਂਦਰ ਕੰਪਿਊਟਰ ਆਪ੍ਰੇਟਰ ਐਸੋਸੀਏਸ਼ਨ ਪੰਜਾਬ ਵੱਲੋਂ ਸਰਕਾਰ ਤੇ ਸਬੰਧਿਤ ਕੰਪਨੀ ਦੀ ਲੰਮੇ ਸਮੇਂ ਤੋਂ ਚੱਲ ਰਹੀ ਅਣਦੇਖੀ ਖ਼ਿਲਾਫ਼ ਸਖ਼ਤ ਫੈਸਲਾ ਲੈਂਦਿਆਂ 5 ਤੋਂ 7 ਮਾਰਚ ਤੱਕ ਸਮੂਹ ਪੰਜਾਬ ਦੇ ਫ਼ਰਦ ਕੇਂਦਰਾਂ ਦਾ ਕੰਮ ਪੂਰੀ ਤਰ੍ਹਾਂ ਬੰਦ ਕਰਨ ਦਾ ਐਲਾਨ ਕੀਤਾ। ਜਾਣਕਾਰੀ ਸਾਂਝੀ ਕਰਦਿਆਂ ਐਸੋਸੀਏਸ਼ਨ ਜ਼ਿਲ੍ਹਾ ਪ੍ਰਧਾਨ ਗੁਰਜੰਟ ਸਿੰਘ, ਮੀਤ ਪ੍ਰਧਾਨ ਮਨਪ੍ਰੀਤ ਸਿੰਘ, ਸੰਦੀਪ ਸਿੰਘ, ਲਵਦੀਪ ਸਿੰਘ ਅਤੇ ਰਾਕੇਸ਼ ਕੁਮਾਰ ਗੁਰਬਾਜ ਸਿੰਘ ਆਦਿ ਅਹੁਦੇਦਾਰਾਂ ਨੇ ਕਿਹਾ ਕਿ ਉਹ ਪਿਛਲੇ 15–18 ਸਾਲਾਂ ਤੋਂ ਡਾਟਾ ਐਂਟਰੀ ਆਪ੍ਰੇਟਰ ਜ੍ਹਮਾਂ ਬੰਦੀਆਂ, ਖਸਰਾ ਗਿਰਦਾਵਰੀ, ਇੰਤਕਾਲਾਤ ਆਦਿ ਮਾਲ ਰਿਕਾਰਡ ਨੂੰ ਕੰਪਿਊਟਰਾਈਜ਼ ਕਰਕੇ ਲੋਕਾਂ ਨੂੰ ਸੇਵਾਵਾਂ ਦੇ ਰਹੇ ਹਨ, ਪਰ ਬਦਲੇ ’ਚ ਉਨ੍ਹਾਂ ਨੂੰ ਕਿਰਤ ਕਾਨੂੰਨਾਂ ਅਨੁਸਾਰ ਬਣਦੀ ਤਨਖਾਹ ਵੀ ਨਹੀਂ ਦਿੱਤੀ ਜਾ ਰਹੀ।
ਆਪ੍ਰੇਟਰਾਂ ਨੂੰ ਪ੍ਰਾਈਵੇਟ ਕੰਪਨੀ ਸੀਐੱਮਸੀ ਕੰਪਿਊਟਰਾਈਜ਼ ਲਿਮਟਿਡ ਰਾਹੀਂ ਭਰਤੀ ਕੀਤਾ ਗਿਆ ਸੀ। ਜਿਸ ਵੱਲੋਂ ਤਨਖਾਹ ’ਚ ਵਾਧਾ ਨਾ ਕਰਕੇ ਉਲਟ ਹੱਕਾਂ ਦੀ ਗੱਲ ਕਰਨ ’ਤੇ ਮੁਲਾਜ਼ਮਾਂ ਨੂੰ ਡਰਾਇਆ-ਧਮਕਾਇਆ ਜਾਂਦਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਫ਼ਰਦ ਕੇਂਦਰਾਂ ਦੇ ਮੁੱਖ ਕੰਮ ਤੋਂ ਇਲਾਵਾ ਬੀਮਾ ਕਾਰਡ, ਡੀਸੀਐੱਸ, ਪੀਐੱਮ ਕਿਸਾਨ ਯੋਜਨਾ, ਕਰਜ਼ਾ ਮਾਫ਼ੀ, ਸਪੈਸ਼ਲ ਗਿਰਦਾਵਰੀ, ਚੋਣ ਡਿਊਟੀ ਤੇ ਕੋਵਿਡ-19 ਦੌਰਾਨ ਜਾਨ ਜੋਖ਼ਮ ’ਚ ਪਾ ਕੇ ਸੇਵਾਵਾਂ ਲਈਆਂ ਗਈਆਂ, ਪਰ ਕੋਈ ਵਾਧੂ ਭੱਤਾ ਜਾਂ ਸੁਰੱਖਿਆ ਨਹੀਂ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਉਕਤ ਮੰਗਾਂ ਬਾਰੇ ਕਈ ਵਾਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਮਾਲ ਮੰਤਰੀ ਹਰਪ੍ਰੀਤ ਸਿੰਘ ਮੁੰਡੀਆਂ ਸਮੇਤ ਉਚ ਅਧਿਕਾਰੀਆਂ ਨੂੰ ਮਿਲਣ ਦੇ ਬਾਵਜੂਦ ਸਿਰਫ਼ ਭਰੋਸੇ ਹੀ ਮਿਲੇ ਹਨ, ਹੱਲ ਨਹੀਂ। ਇਸ ਸਬੰਧੀ ਉਕਤ ਆਗੂਆਂ ਵੱਲੋ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਦਿਆਂ ਸਪੱਸ਼ਟ ਕੀਤਾ ਗਿਆ ਕਿ ਹੁਣ ਹੋਰ ਇੰਤਜ਼ਾਰ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਤੁਰੰਤ ਗੱਲਬਾਤ ਕਰਕੇ ਹੱਲ ਨਾ ਕੱਢਿਆ, ਤਾਂ ਇਹ ਤਿੰਨ ਦਿਨਾਂ ਦੀ ਹੜਤਾਲ ਅਗਲੇ ਪੜਾਅ ਵਿਚ ਵੱਡੇ ਅਤੇ ਤਿੱਖੇ ਰੂਪ ਵਿਚ ਬਦਲੀ ਜਾਵੇਗੀ, ਜਿਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਤੇ ਸਬੰਧਿਤ ਕੰਪਨੀ ਦੀ ਹੋਵੇਗੀ। ਇਸ ਮੌਕੇ ਉਨ੍ਹਾਂ ਮੰਗ ਕੀਤੀ ਕਿ ਕਿਰਤ ਕਾਨੂੰਨਾਂ ਅਨੁਸਾਰ ਬਣਦੀ ਤਨਖਾਹ ਤੇ ਸੇਵਾਵਾਂ ਨੂੰ ਪੰਜਾਬ ਸਰਕਾਰ ਦੇ ਮਾਲ ਵਿਭਾਗ ਅਧੀਨ ਲਿਆ ਜਾਵੇ। ਸਾਰੇ ਆਪ੍ਰੇਟਰਾਂ ਲਈ ਯੋਗ ਬੀਮਾ ਕਵਰ ਤੇ ਪਰਿਵਾਰਿਕ ਸੁਰੱਖਿਆ ਯਕੀਨੀ ਬਣਾਈ ਜਾਵੇ।