- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੋਸ਼ਟੀ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਮਟਰਾਂ ਅਤੇ ਆਲੂਆਂ ਦੀਆਂ ਬਿਮਾਰੀਆਂ ਅਤੇ ਉਨ੍ਹਾਂ ਦੇ ਪ੍ਰਬੰਧਨ ਬਾਰੇ ਜਾਗਰੂਕ ਕਰਨਾ ਸੀ।

ਸਟਾਫ਼ ਰਿਪੋਰਟਰ•,ਪੰਜਾਬੀ ਜਾਗਰਣ, ਤਰਨਤਾਰਨ : ਫਾਰਮ ਸਲਾਹਕਾਰ ਸੇਵਾ ਕੇਂਦਰ ਵਲੋਂ ਪਿੰਡ ਕੱਲ੍ਹਾ ਬਲਾਕ ਖਡੂਰ ਸਾਹਿਬ ਵਿਖੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਪੌਦਾ ਰੋਗ ਵਿਭਾਗ ਦੇ ਸਹਿਯੋਗ ਨਾਲ ‘ਮਟਰਾਂ ਅਤੇ ਆਲੂਆਂ ਦੀਆਂ ਬਿਮਾਰੀਆਂ’ ਬਾਰੇ ਵਿਚਾਰ ਗੋਸ਼ਟੀ ਕੀਤੀ ਗਈ। ਗੋਸ਼ਟੀ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਮਟਰਾਂ ਅਤੇ ਆਲੂਆਂ ਦੀਆਂ ਬਿਮਾਰੀਆਂ ਅਤੇ ਉਨ੍ਹਾਂ ਦੇ ਪ੍ਰਬੰਧਨ ਬਾਰੇ ਜਾਗਰੂਕ ਕਰਨਾ ਸੀ। ਇਸ ਸਮਾਗਮ ਵਿਚ 70 ਦੇ ਕਰੀਬ ਕਿਸਾਨਾਂ ਨੇ ਭਾਗ ਲਿਆ।
ਡਾ. ਪਰਵਿੰਦਰ ਸਿੰਘ ਇੰਚਾਰਜ ਫਾਰਮ ਸਲਾਹਕਾਰ ਸੇਵਾ ਕੇਂਦਰ, ਤਰਨਤਾਰਨ ਨੇ ਪੀਏਯੂ, ਲੁਧਿਆਣਾ ਤੋਂ ਆਈ ਟੀਮ ਦਾ ਸਵਾਗਤ ਕੀਤਾ। ਉਨ੍ਹਾਂ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਕਿਸੇ ਵੀ ਕਿਸਮ ਦੇ ਖੇਤੀਬਾੜੀ ਕਾਰਜਾਂ ਨੂੰ ਕਰਨ ਤੋਂ ਪਹਿਲਾਂ ਖੇਤੀਬਾੜੀ ਮਾਹਿਰਾਂ ਦੀ ਸਲਾਹ ਜ਼ਰੂਰ ਲੈਣ। ਉਨ੍ਹਾਂ ਨੇ ਘਰੇਲੂ ਬਗੀਚੀ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ।
ਡਾ. ਅਮਰਜੀਤ ਸਿੰਘ ਪ੍ਰਿੰਸੀਪਲ ਪਸਾਰ ਵਿਗਿਆਨੀ ਪੌਦਾ ਰੋਗ ਨੇ ਤਕਨੀਕੀ ਸੈਸ਼ਨ ਦੀ ਸ਼ੁਰੂਆਤ ਕਰਦੇ ਹੋਏ, ਮਟਰਾਂ ਅਤੇ ਆਲੂਆਂ ਦੀਆਂ ਬਿਮਾਰੀਆਂ ਦੇ ਲੱਛਣ ਅਤੇ ਉਨ੍ਹਾਂ ਦੀ ਰੋਕਥਾਮ ਬਾਰੇ ਵਿਸਥਾਰ ਵਿਚ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਹੋਰ ਵੱਖ-ਵੱਖ ਫ਼ਸਲਾਂ ਵਿਚ ਬਿਮਾਰੀਆਂ ਦੇ ਪ੍ਰਬੰਧਨ ਬਾਰੇ ਕਿਸਾਨਾਂ ਨਾਲ ਵਿਚਾਰ ਵਟਾਂਦਰਾ ਕੀਤਾ। ਡਾ. ਦਿਲਪ੍ਰੀਤ ਸਿੰਘ ਪਸਾਰ ਵਿਗਿਆਨੀ ‘ਸਬਜ਼ੀਆਂ’ ਨੇ ਆਲੂ ਅਤੇ ਮਟਰ ਦੀਆਂ ਨਵੀਂਆਂ ਕਿਸਮਾਂ, ਉਨ੍ਹਾਂ ਦੇ ਕਾਸ਼ਤ ਦੇ ਢੰਗ ਤਰੀਕੇ ਅਤੇ ਸਬਜ਼ੀਆਂ ਵਿਚ ਜੈਵਿਕ -ਖਾਦਾਂ ਦੀ ਵਰਤੋਂ ਦੇ ਮਹੱਤਵ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ.ਪਰਮਿੰਦਰ ਕੌਰ ਪ੍ਰਿੰਸੀਪਲ ਪਸਾਰ ਵਿਗਿਆਨੀ ‘ਪੌਦਾ ਰੋਗ’ ਨੇ ਕਣਕ ਅਤੇ ਸਰ੍ਹੋਂ ਦੇ ਕੀੜੇ-ਮਕੌੜੇ ਅਤੇ ਬਿਮਾਰੀਆਂ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਅਤੇ ਰੋਕਥਾਮ ਦੇ ਨੁਕਤਿਆਂ ਬਾਰੇ ਦੱਸਿਆ। ਉਨ੍ਹਾਂ ਕਿਸਾਨਾਂ ਨੂੰ ਖੇਤੀ ਕਾਰਜਾਂ ਤੋਂ ਵੱਧ ਤੋਂ ਵੱਧ ਲਾਭ ਲੈਣ ਲਈ ਯੂਨੀਵਰਸਿਟੀ ਦੇ ਮਾਹਿਰਾਂ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ। ਡਾ. ਸਵਰੀਤ ਖਹਿਰਾ ਸੀਨੀਅਰ ਪਸਾਰ ਮਾਹਿਰ ‘ਫਲ ਵਿਗਿਆਨੀ’ ਨੇ ਨਵੇਂ ਲਗਾਏ ਫਲਾਂ ਵਾਲੇ ਪੌਦਿਆਂ ਦੀ ਦੇਖਭਾਲ ਬਾਰੇ ਦੱਸਿਆ। ਡਾ. ਪਰਮਿੰਦਰ ਸਿੰਘ ਸੰਧੂ ਜ਼ਿਲ੍ਹਾ ਪਸਾਰ ਮਾਹਿਰ, ਫ਼ਸਲ ਵਿਗਿਆਨੀ ਨੇ ਕਿਸਾਨਾਂ ਨੂੰ ਹਾੜ੍ਹੀ ਦੀਆਂ ਫਸਲਾਂ ਵਿਚ ਸੁਚੱਜੇ ਖਾਦ ਅਤੇ ਪਾਣੀ ਪ੍ਰਬੰਧ ਕਰਨ ਲਈ ਕਿਹਾ ਤਾਂ ਜੋ ਘੱਟ ਖ਼ਰਚੇ ਵਿਚ ਫਸਲਾਂ ਤੋਂ ਵੱਧ ਝਾੜ ਲਿਆ ਜਾਵੇ। ਇਸਦੇ ਨਾਲ ਉਨ੍ਹਾਂ ਨੇ ਮਾਰਚ ਮਹੀਨੇ ਵਿਚ ਕਣਕ ਨੂੰ ਵੱਧਦੇ ਤਾਪਮਾਨ ਤੋਂ ਬਚਾਉਣ ਲਈ ਪੋਟਾਸ਼ੀਅਮ ਨਾਈਟ੍ਰੇਟ ਦੀ ਵਰਤੋਂ ਲਈ ਪ੍ਰੇਰਿਤ ਕੀਤਾ। ਕਿਸਾਨਾਂ ਨੇ ਚਰਚਾ ਵਿਚ ਆਪਣੇ ਤਜ਼ਰਬਿਆਂ ਬਾਰੇ ਦੱਸਿਆ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਅੱਗੇ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਨ ਲਈ ਬੇਨਤੀ ਕੀਤੀ। ਉਨ੍ਹਾਂ ਵੱਖ-ਵੱਖ ਫ਼ਸਲਾਂ, ਫ਼ਲ ਅਤੇ ਸਬਜ਼ੀਆਂ ਵਿਚ ਕੀੜੇ-ਮਕੌੜੇ, ਬਿਮਾਰੀਆਂ, ਖਾਦਾਂ, ਸਿੰਚਾਈ ਅਤੇ ਨਦੀਨਾਂ ਸਬੰਧੀ ਪ੍ਰਸ਼ਨ ਪੁੱਛੇ।
ਅਖੀਰ ਵਿਚ ਡਾ. ਪਰਮਿੰਦਰ ਕੌਰ ਨੇ ਸਾਰੇ ਆਏ ਕਿਸਾਨਾਂ ਅਤੇ ਵਿਗਿਆਨੀਆਂ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ, ਪੀਏਯੂ ਲੁਧਿਆਣਾ ਦੀ ਟੀਮ ਨੇ ਕਿਸਾਨਾਂ ਦੇ ਖੇਤਾਂ ਅਤੇ ਯੂਐੱਸਐੱਫ, ਉਸਮਾਨ ਵਿਖੇ ਆਲੂ, ਟਮਾਟਰ, ਸ਼ਲਗਮ, ਲਸਣ, ਫ਼ਲੀਆਂ, ਕਣਕ, ਮਸਰ ਅਤੇ ਰਾਇਆ ਦੇ ਖੇਤਾਂ ਦੇ ਤਜ਼ਰਬਿਆਂ ਦਾ ਦੌਰਾ ਵੀ ਕੀਤਾ।