- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਦੀਆਂ ’ਚ ਪੈਣ ਵਾਲੀ ਸੰਘਣੀ ਧੁੰਦ ਦੇ ਕਾਰਨ ਆਮ ਤੌਰ ’ਤੇ ਵਿਜ਼ੀਬਿਲਟੀ ਬਹੁਤ ਹੀ ਘੱਟ ਜਾਂਦੀ ਹੈ। ਜਿਸ ਕਾਰਨ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ

ਸਰਬਜੀਤ ਸਿੰਘ ਛੀਨਾ•,ਪੰਜਾਬੀ ਜਾਗਰਣ, ਖਾਲੜਾ : ਸੰਘਣੀ ਧੁੰਦ ਕਾਰਨ ਜਿੱਥੇ ਹਰ ਰੋਜ਼ ਰੁਜ਼ਗਾਰ ਦੀ ਭਾਲ ’ਚ ਨਿਕਲਣ ਵਾਲੇ ਦਿਹਾੜੀਦਾਰ ਮਜ਼ਦੂਰਾਂ ਦਾ ਜੀਵਨ ਬਹੁਤ ਪ੍ਰਭਾਵਿਤ ਹੁੰਦਾ ਹੈ, ਉੱਥੇ ਹੀ ਵਿਦਿਆਰਥੀ, ਡਿਊਟੀ ’ਤੇ ਜਾਣ ਵਾਲੇ ਮੁਲਾਜ਼ਮ ਜਾਂ ਹੋਰ ਕੰਮਕਾਰ ਆਦਿ ਲਈ ਜਾਣ ਵਾਲੇ ਰਾਹਗੀਰਾਂ ਨੂੰ ਬਹੁਤ ਹੀ ਜ਼ਿਆਦਾ ਕਠਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਮੁਸ਼ਕਿਲਾਂ ਦੇ ਚੱਲਦਿਆਂ ਇਲਾਕੇ ਦੇ ਬੁੱਧੀਜੀਵੀਆਂ ਨੇ ਸੁਚੇਤ ਹੋਣ ਦਾ ਸੰਦੇਸ਼ ਦਿੱਤਾ ਹੈ ਤਾਂ ਜੋ ਹਾਦਸਿਆਂ ਤੋਂ ਬਚਿਆ ਜਾ ਸਕੇ।
===
ਧੁੰਦ ’ਚ ਲਾਈਟਾਂ ਤੇ ਬਰੇਕਾਂ ਦੀ ਕਰਦੇ ਰਹੋ ਜਾਂਚ : ਗਿੱਲ
ਗਿੱਲ ਚਾਈਲਡ ਕੇਅਰ ਹਸਪਤਾਲ ਪੱਟੀ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ਸੁਖਬੀਰ ਸਿੰਘ ਗਿੱਲ ਨੇ ਕਿਹਾ ਕਿ ਇਹ ਰੁੱਤਾਂ ਇਨਸਾਨੀ ਜ਼ਿੰਦਗੀ ਜਿਊਣ ਲਈ ਬਹੁਤ ਮਹੱਤਵ ਰੱਖਦੀਆਂ ਹਨ। ਪਰ ਸਰਦੀਆਂ ’ਚ ਪੈਣ ਵਾਲੀ ਸੰਘਣੀ ਧੁੰਦ ਦੇ ਕਾਰਨ ਆਮ ਤੌਰ ’ਤੇ ਵਿਜ਼ੀਬਿਲਟੀ ਬਹੁਤ ਹੀ ਘੱਟ ਜਾਂਦੀ ਹੈ। ਜਿਸ ਕਾਰਨ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਤੋਂ ਬਚਾਅ ਲਈ ਆਵਾਜਾਈ ਨਿਯਮਾਂ ਦੀ ਪਾਲਣਾ ਸਖ਼ਤੀ ਨਾਲ ਕਰਦੇ ਹੋਏ ਆਪਣੇ ਸਾਧਨ ਦੀਆਂ ਲਾਈਟਾਂ, ਬਰੇਕ, ਹਾਰਨ ਵਗੈਰਾ ਦੀ ਚੈਕਿੰਗ ਕਰਕੇ ਹੀ ਸਫ਼ਰ ਵੱਲ ਜਾਣਾ ਚਾਹੀਦਾ ਹੈ।
===
ਧੁੰਦ ਦੌਰਾਨ ਰਫ਼ਤਾਰ ’ਤੇ ਕੰਟਰੋਲ ਬਹੁਤ ਜ਼ਰੂਰੀ : ਰਾਣਾ
ਇਸ ਮੌਕੇ ਰਾਣਾ ਹਸਪਤਾਲ ਖਾਲੜਾ ਦੇ ਮੈਨੇਜਿੰਗ ਡਾਇਰੈਕਟਰ ਰਜਿੰਦਰ ਸਿੰਘ ਰਾਣਾ ਨੇ ਕਿਹਾ ਕਿ ਧੁੰਦ ’ਚ ਦੋ ਪਹੀਆਂ ਵਾਹਨ ਜਾਂ ਵੱਡੇ ਵਾਹਨਾਂ ਦੀ ਵਰਤੋਂ ਕਰਦਿਆਂ ਰਫ਼ਤਾਰ ’ਤੇ ਕੰਟਰੋਲ ਹੋਣਾ ਬਹੁਤ ਜ਼ਰੂਰੀ ਹੈ। ਆਪਣੇ ਸਾਧਨ ਦੀਆਂ ਫੌਗ ਲਾਈਟਾਂ ਤੇ ਹੈੱਡ ਲਾਈਟਾਂ ਦੀ ਵਰਤੋਂ ਕਰਦੇ ਹੋਏ ਦੂਸਰੇ ਸਾਧਨਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ, ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਾਅ ਕੀਤਾ ਜਾ ਸਕੇ।
===
ਵਾਹਨ ਚਲਾਉਂਦੇ ਸਮੇਂ ਲੋਅ ਬੀਮ ਲਾਈਟ ਦੀ ਵਰਤੋਂ ਕਰੋ : ਸੰਧੂ
ਪਿੰਡ ਨਾਰਲੀ ਤੋਂ ਸਾਬਕਾ ਬਲਾਕ ਸੰਮਤੀ ਮੈਂਬਰ ਬਲਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਧੁੰਦ ’ਚ ਵਾਹਨ ਦੀ ਵਰਤੋਂ ਸਮੇਂ ਲੋਅ ਬੀਮ ਲਾਈਟ ਦੀ ਵਰਤੋਂ ਕਰਨੀ ਚਾਹੀਦੀ ਹੈ। ਹੌਲੀ ਸਪੀਡ ’ਤੇ ਚੱਲਣ ਦੇ ਨਾਲ-ਨਾਲ ਓਵਰਟੇਕ ਕਰਨ ਲਈ ਬਹੁਤ ਚੌਕਸੀ ਵਰਤਣੀ ਚਾਹੀਦੀ ਹੈ। ਆਪਣੇ ਵਾਹਨ ਦੇ ਸ਼ੀਸ਼ਿਆਂ ਨੂੰ ਬਿਲਕੁਲ ਸਾਫ਼ ਰੱਖਣਾ ਚਾਹੀਦਾ ਹੈ, ਤਾਂ ਜੋ ਤੁਹਾਡੀ ਵਿਜ਼ੀਬਿਲਟੀ ਬਣੀ ਰਹੇ।
===
ਧੁੰਦ ’ਚ ਪੈਦਲ ਚੱਲਣ ਵੇਲੇ ਚਮਕਦਾਰ ਕੱਪੜੇ ਪਹਿਨੋ : ਗਿੱਲ
ਗਿੱਲ ਟਰਾਂਸਪੋਰਟ ਦੇ ਮਾਲਕ ਤੇ ਸਮਾਜ ਸੇਵੀ ਰਾਜਬੀਰ ਗਿੱਲ ਨੇ ਕਿਹਾ ਕਿ ਪੈਦਲ ਚੱਲਣ ਵਾਲੇ ਲੋਕ ਸੰਘਣੀ ਧੁੰਦ ’ਚ ਚਮਕਦਾਰ ਜਾਂ ਰਿਫਲੈਕਟਿਵ ਕੱਪੜੇ ਪਹਿਨਣ ਤਾਂ ਜੋ ਉਹ ਆਸਾਨੀ ਨਾਲ ਦਿਖਾਈ ਦੇ ਸਕਣ ਤੇ ਸੜਕ ਦੀ ਬਜਾਏ ਫੁੱਟਪਾਥ 'ਤੇ ਚੱਲਣਾ ਚਾਹੀਦਾ ਹੈ। ਕਿਉਂਕਿ ਸਾਵਧਾਨੀ ਵਰਤਣ ਨਾਲ ਹੀ ਅਸੀਂ ਆਪਣਾ ਤੇ ਦੂਸਰਿਆਂ ਦੀ ਜ਼ਿੰਦਗੀ ਦਾ ਬਚਾਅ ਕਰ ਸਕਦੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਧੁੰਦ ਦਾ ਮੌਸਮ ਕੁਝ ਦਿਨ ਹੋਰ ਹੈ ਤੇ ਸਾਨੂੰ ਇਸ ਮੌਸਮ ਦੌਰਾਨ ਸਾਵਧਾਨ ਰਹਿਣ ਦੀ ਲੋੜ ਹੈ।
ਕੈਪਸ਼ਨ- ਡਾਕਟਰ ਸੁਖਬੀਰ ਸਿੰਘ ਗਿੱਲ।
ਕੈਪਸ਼ਨ- ਰਜਿੰਦਰ ਸਿੰਘ ਰਾਣਾ।
ਕੈਪਸ਼ਨ- ਬਲਵਿੰਦਰ ਸਿੰਘ ਸੰਧੂ ਨਾਰਲੀ।
ਕੈਪਸ਼ਨ- ਰਾਜਬੀਰ ਗਿੱਲ।