ਸੜਕ ਹਾਦਸੇ ’ਚ ਇਕ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ
ਕਾਰ ਨੇ ਗਲਤ ਪਾਸੇ ਆ ਕੇ ਮਾਰੀ ਮੋਟਰਸਾਈਕਲ ਨੂੰ ਟੱਕਰ, ਇਕ ਨੌਜਵਾਨ ਦੀ ਮੌਤ
Publish Date: Thu, 12 Mar 2026 09:51 PM (IST)
Updated Date: Fri, 13 Mar 2026 04:12 AM (IST)

ਕੇਪੀ ਗਿੱਲ•, ਪੰਜਾਬੀ ਜਾਗਰਣ, ਕੈਰੋਂ : ਅੰਮ੍ਰਿਤਸਰ ਤੋਂ ਫ਼ਿਲਮ ਦੇਖ ਕੇ ਵਾਪਸ ਆ ਰਹੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ। ਜਿਸ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ, ਜਦੋਂਕਿ ਦੂਜਾ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਇਹ ਹਾਦਸਾ ਕੈਰੋਂ ਫਾਟਕ ਨੇੜੇ ਵਾਪਰਿਆ ਸੀ। ਇਸ ਸਬੰਧੀਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਦੋਸਤ ਭੁਪਿੰਦਰ ਸਿੰਘ ਪੱਟੀ ਨੇ ਦੱਸਿਆ ਕਿ ਉਹ ਚਾਰ ਦੋਸਤ ਦੋ ਮੋਟਰਸਾਈਕਲਾਂ ‘ਤੇ ਅੰਮ੍ਰਿਤਸਰ ਤੋਂ ਫ਼ਿਲਮ ਦੇਖ ਕੇ ਵਾਪਸ ਆ ਰਹੇ ਸਨ। ਜਦੋਂ ਉਹ ਕੈਰੋਂ ਫਾਟਕ ਨੇੜੇ ਪਹੁੰਚੇ ਤਾਂ ਪੱਟੀ ਵੱਲੋਂ ਗਲਤ ਪਾਸੇ ਆ ਰਹੀ ਤੇਜ਼ ਰਫ਼ਤਾਰ ਕਾਰ ਤੋਂ ਪਹਿਲਾਂ ਉਸਦੇ ਅਤੇ ਉਸਦੇ ਦੋਸਤ ਹੈਪੀ ਪੁੱਤਰ ਬਾਜ ਸਿੰਘ ਦਾ ਮੋਟਰਸਾਈਕਲ ਵਾਲ-ਵਾਲ ਬਚਿਆ। ਇਸ ਤੋਂ ਬਾਅਦ ਪਿੱਛੇ ਆ ਰਹੇ ਕੰਵਲ ਮੱਟੂ (25) ਪੁੱਤਰ ਸੁਖਬੀਰ ਸਿੰਘ ਅਤੇ ਪਰਮ ਸਿੰਘ (26) ਸਪਲੈਂਡਰ ਮੋਟਰਸਾਈਕਲ ‘ਤੇ ਸਵਾਰ ਸਨ ਕਿ ਕਾਰ ਦੀ ਲਪੇਟ ਵਿਚ ਆ ਗਏ। ਟੱਕਰ ਕਾਰਨ ਕੰਵਲ ਮੱਟੂ ਦੇ ਸਿਰ ਅਤੇ ਲੱਤਾਂ ‘ਤੇ ਗੰਭੀਰ ਸੱਟਾਂ ਲੱਗੀਆਂ। ਉਸਨੂੰ ਤੁਰੰਤ ਇਲਾਜ ਲਈ ਅੰਮ੍ਰਿਤਸਰ ਭੇਜਿਆ ਗਿਆ ਪਰ ਗੰਭੀਰ ਜ਼ਖ਼ਮਾਂ ਕਾਰਨ ਉਹ ਜ਼ਿੰਦਗੀ ਦੀ ਜੰਗ ਹਾਰ ਗਿਆ। ਜਦੋਂਕਿ ਪਰਮ ਸਿੰਘ ਨੂੰ ਲੱਕ ਵਿਚ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਪਹੂਵਿੰਡ ਵਿਖੇ ਇਲਾਜ ਕਰਵਾਉਣ ਤੋਂ ਬਾਅਦ ਹੁਣ ਉਸਨੂੰ ਅੰਮ੍ਰਿਤਸਰ ਦੇ ਹਸਪਤਾਲ ਵਿਚ ਆਪਰੇਸ਼ਨ ਲਈ ਦਾਖ਼ਲ ਕਰਵਾਇਆ ਗਿਆ ਹੈ। ਦੱਸਣਯੋਗ ਹੈ ਕਿ ਕੰਵਲ ਮੱਟੂ ਆਪਣੇ ਪਰਿਵਾਰ ਦੀ ਗੁਜ਼ਾਰਾ ਕਰਨ ਲਈ ਤਰਨਤਾਰਨ ਦੇ ਇਕ ਸੈਲੂਨ ‘ਤੇ ਕੰਮ ਕਰਦਾ ਸੀ, ਜਦੋਂਕਿ ਪਰਮ ਸਿੰਘ ਪਾਰਸਲ ਵੰਡਣ ਦਾ ਕੰਮ ਕਰਦਾ ਹੈ। ਮ੍ਰਿਤਕ ਕੰਵਲ ਮੱਟੂ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਹਾਦਸੇ ਤੋਂ ਬਾਅਦ ਉਸਨੂੰ ਅੰਮ੍ਰਿਤਸਰ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਡਾਕਟਰਾਂ ਵੱਲੋਂ ਕਰੀਬ ਢਾਈ ਲੱਖ ਰੁਪਏ ਜਮ੍ਹਾਂ ਕਰਵਾਉਣ ਲਈ ਕਿਹਾ। ਪਰਿਵਾਰ ਵੱਲੋਂ ਇਹ ਰਕਮ ਜਮ੍ਹਾਂ ਵੀ ਕਰਵਾ ਦਿੱਤੀ ਗਈ। ਪਰ ਅੱਜ ਤੜਕੇ ਕੰਵਲ ਦੀ ਮੌਤ ਹੋ ਗਈ। ਪਰਿਵਾਰ ਦਾ ਕਹਿਣਾ ਹੈ ਕਿ ਹਸਪਤਾਲ ਵੱਲੋਂ ਹੁਣ ਲਾਸ਼ ਦੇਣ ਲਈ ਕਰੀਬ 2 ਲੱਖ ਰੁਪਏ ਹੋਰ ਮੰਗੇ ਜਾ ਰਹੇ ਹਨ, ਜਿਸ ਕਾਰਨ ਖ਼ਬਰ ਲਿਖੇ ਜਾਣ ਤੱਕ ਪਰਿਵਾਰ ਨੂੰ ਕੰਵਲ ਦੀ ਲਾਸ਼ ਨਹੀਂ ਮਿਲੀ ਸੀ।