ਪੰਜਾਬ ਦੇ ਅਸਲ ਮੁੱਦਿਆਂ ਤੋਂ ਭਟਕ ਕੇ ਸੌੜੀ ਰਾਜਨੀਤੀ ਕਰ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ - ਰਾਜਬੀਰ ਭੁੱਲਰ
ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਹ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬ ਦੇ ਲੋਕ ਹੁਣ ਆਮ ਆਦਮੀ ਪਾਰਟੀ ਦੀਆਂ ਝੂਠੀਆਂ ਗੱਲਾਂ ’ਚ ਨਹੀਂ ਆਉਣਗੇ
Publish Date: Sun, 18 Jan 2026 06:51 PM (IST)
Updated Date: Mon, 19 Jan 2026 04:15 AM (IST)

-ਕਿਹਾ ਲਾਅ ਐਂਡ ਆਰਡਰ, ਨਸ਼ੇ ਅਤੇ ਗੈਂਗਸਟਰਵਾਦ ਨੂੰ ਠੱਲ੍ਹ ਪਾਉਣ ਵਿਚ ‘ਆਪ’ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਜਸਪਾਲ ਸਿੰਘ ਜੱਸੀ, •ਪੰਜਾਬੀ ਜਾਗਰਣ, ਤਰਨਤਾਰਨ : ਇਨਕਲਾਬ ਦੇ ਝੂਠੇ ਨਾਅਰੇ ਲਾ ਕੇ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਣ ਦੇ ਸਬਜ਼ਬਾਗ ਵਿਖਾ ਕੇ ਸੱਤਾ ਉੱਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਦਾ ਦੋਗਲਾ ਚਿਹਰਾ ਸਾਰਿਆਂ ਦੇ ਸਾਹਮਣੇ ਆ ਚੁੱਕਾ ਹੈ, ਕਿਉਂਕਿ ਆਮ ਆਦਮੀ ਪਾਰਟੀ ਪੰਜਾਬ ਦੇ ਅਸਲ ਮੁੱਦਿਆਂ ਤੋਂ ਭਟਕ ਕੇ ਸੌੜੀ ਰਾਜਨੀਤੀ ਕਰ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਕਾਂਗਰਸ ਕਮੇਟੀ ਤਰਨਤਾਰਨ ਦੇ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਤਰਨਤਾਰਨ ਵਿਖੇ ਇਕ ਮੀਟਿੰਗ ਨੂੰ ਸੰਬੋਧਨ ਨੂੰ ਕਰਦਿਆਂ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਤੇ ਪੰਜਾਬ ਦੇ ਲੋਕਾਂ ਦੀ ਕੋਈ ਪ੍ਰਵਾਹ ਨਹੀਂ ਹੈ, ਉਹ ਤਾਂ ਸਿਰਫ਼ ਆਪਣੇ ਪਹਿਲੇ ਪੇਸ਼ੇ ਵਜੋਂ ਜੁਮਲੇਬਾਜ਼ੀ ਕਰਨ ਨੂੰ ਹੀ ਪੰਜਾਬ ਦੀ ਤਰੱਕੀ ਸਮਝਦੇ ਹਨ। ਜਦਕਿ ਹਕੀਕਤ ’ਚ ਪੰਜਾਬ ਇਸ ਸਮੇਂ ਸਭ ਤੋਂ ਮਾੜੇ ਦੌਰ ’ਚੋਂ ਗੁਜ਼ਰ ਰਿਹਾ ਹੈ। ਪੰਜਾਬ ’ਚ ਨਸ਼ੇ ਦਾ ਕਾਲਾ ਕਾਰੋਬਾਰ ਪੂਰੇ ਸਿਖਰਾਂ ਉੱਤੇ ਹੈ ਤੇ ਗੈਂਗਸਟਰਵਾਦ ਨੇ ਪੰਜਾਬ ਦੇ ਲੋਕਾਂ ਦੀ ਨੀਂਦ ਹਰਾਮ ਕਰਕੇ ਰੱਖੀ ਹੈ। ਆਏ ਦਿਨ ਪੰਜਾਬ ਦੇ ਵਪਾਰੀ, ਕਾਰੋਬਾਰੀ ਅਤੇ ਦੁਕਾਨਦਾਰ ਨੂੰ ਫਿਰੌਤੀਆਂ ਲਈ ਗੈਂਗਸਟਰਾਂ ਵੱਲੋਂ ਧਮਕਾਇਆ ਜਾ ਰਿਹਾ ਹੈ ਤੇ ਫਿਰੌਤੀ ਨਾ ਦੇਣ ਦੀ ਸੂਰਤ ’ਚ ਸ਼ਰੇਆਮ ਕਤਲੋਗਾਰਤ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਜਿਸ ਕਰ ਕੇ ਪੰਜਾਬ ਦਾ ਹਰੇਕ ਵਰਗ ਬਹੁਤ ਜ਼ਿਆਦਾ ਸਹਿਮ ਦੇ ਮਾਹੌਲ ’ਚ ਜੀਅ ਰਿਹਾ ਹੈ, ਉੱਥੇ ਦੂਸਰੇ ਪਾਸੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਝੂਠੀਆਂ ਤਕਰੀਰਾਂ ਦੇਣ ’ਚ ਲੱਗੀ ਹੋਈ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿਹੜੇ ਲੋਕ ਪੰਜਾਬ ਦੇ ਹੱਕਾਂ ਦੀ ਰਖਵਾਲੀ ਲਈ ਆਵਾਜ਼ ਚੁੱਕਦੇ ਹਨ, ਉਨ੍ਹਾਂ ’ਤੇ ਸਰਕਾਰ ਵੱਲੋਂ ਪਹਿਲਾਂ ਤਾਂ ਦਬਾਅ ਬਣਾਇਆ ਜਾਂਦਾ ਹੈ ਅਤੇ ਜਾਂ ਫਿਰ ਪੰਜਾਬ ਦੇ ਹੱਕਾਂ ਲਈ ਦਿੱਤੇ ਬਿਆਨਾਂ ਨੂੰ ਤੋੜ ਮਰੋੜ ਕੇ ਪੇਸ਼ ਕਰ ਕੇ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਪੰਜਾਬ ਦੇ ਬਹੁਤ ਹੀ ਸੰਜੀਦਾ ਮਸਲਿਆਂ ਨੂੰ ਲੈ ਕੇ ਸਰਕਾਰ ਨੂੰ ਸਵਾਲ ਕੀਤੇ ਗਏ। ਲੇਕਿਨ ਆਮ ਆਦਮੀ ਪਾਰਟੀ ਵੱਲੋਂ ਅਸਲ ਮੁੱਦੇ ਪੰਜਾਬ ਦੇ ਲੋਕਾਂ ਅੱਗੇ ਹੱਲ ਕਰਨ ਦੀ ਬਜਾਏ ਵੱਖ-ਵੱਖ ਝੂਠੀਆਂ ਕਹਾਣੀਆਂ ਬਣਾ ਕੇ ਲੋਕਾਂ ਨੂੰ ਭਟਕਾਇਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਹ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬ ਦੇ ਲੋਕ ਹੁਣ ਆਮ ਆਦਮੀ ਪਾਰਟੀ ਦੀਆਂ ਝੂਠੀਆਂ ਗੱਲਾਂ ’ਚ ਨਹੀਂ ਆਉਣਗੇ ਤੇ ਆਗਾਮੀ 2027 ਦੀਆਂ ਚੋਣਾਂ ’ਚ ਆਮ ਆਦਮੀ ਪਾਰਟੀ ਨੂੰ ਪੰਜਾਬ ਨਾਲ ਕੀਤੇ ਧੋਖੇ ਦਾ ਹਿਸਾਬ ਦੇਣਾ ਪਵੇਗਾ। ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਤੇ ਜਲਦੀ ਹੀ ਆਮ ਆਦਮੀ ਪਾਰਟੀ ਦਾ ਸ੍ਰਫ਼ਾਇਆ ਹੋ ਜਾਵੇਗਾ। ਇਸ ਮੌਕੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਲਖਵਿੰਦਰ ਸਿੰਘ ਲੱਕੀ ਪਾਗਲ, ਗੁਰਵਿੰਦਰ ਸਿੰਘ ਬੌਬੀ ਤਖਤੂਚੱਕ, ਅੰਗਰੇਜ ਸਿੰਘ ਖੱਬੇ ਏਬੀਟੀਸੀ ਟਰਾਂਸਪੋਰਟ ਵਾਲੇ, ਹੀਰਾ ਸਿੰਘ ਮੱਲ੍ਹੀ, ਪ੍ਰਗਟ ਸਿੰਘ, ਮੁਨੀਸ਼ ਸ਼ਰਮਾ, ਸੁਖਜੀਤ ਸਿੰਘ, ਡਾਕਟਰ ਪ੍ਰਦੀਪ ਕੁਮਾਰ ਲਿਟਲ ਆਦਿ ਹਾਜ਼ਰ ਸਨ।