ਨਾਨਕਸ਼ਾਹੀ ਨਵੇਂ ਸਾਲ ਸਬੰਧੀ ਸ੍ਰੀ ਦਰਬਾਰ ਸਾਹਿਬ ’ਚ ਹੋਇਆ ਅਦੁੱਤੀ ਗੁਰਮਤਿ ਸਮਾਗਮ
ਸਮਾਪਤੀ ਸਮੇਂ ਗੁਰੂ ਸਾਹਿਬ ਉੱਪਰ ਫੁੱਲਾਂ ਦੀ ਵਰਖਾ ਕਰਨ ਦੇ ਨਾਲ ਨਾਲ ਮਠਿਆਈਆਂ ਦੇ ਪ੍ਰਸ਼ਾਦ ਵੀ ਵੰਡੇ ਗਏ।
Publish Date: Sat, 14 Mar 2026 04:24 PM (IST)
Updated Date: Sun, 15 Mar 2026 04:01 AM (IST)
ਜਸਪਾਲ ਸਿੰਘ ਜੱਸੀ, ਪੰਜਾਬੀ ਜਾਗਰਣ, ਤਰਨਤਾਰਨ : ਨਾਨਕਸ਼ਾਹੀ ਕੈਲੰਡਰ ਮੁਤਾਬਿਕ ਨਵੇਂ ਸਾਲ ਸਬੰਧੀ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਦੀਵਾਨ ਹਾਲ ’ਚ ਅਦੁੱਤੀ ਗੁਰਮਤਿ ਸਮਾਗਮ ਕਰਵਾਇਆ ’ਚ ਗਿਆ। ਰਾਤ ਸਾਢੇ 12 ਵਜੇ ਤਕ ਚੱਲੇ ਸਮਾਗਮ ’ਚ ਵੱਡੀ ਗਿਣਤੀ ਸੰਗਤ ਨੇ ਹਾਜ਼ਰੀ ਭਰ ਕੇ ਨਵੇਂ ਸਾਲ ਨੂੰ ਜੀ ਆਇਆਂ ਆਖਿਆ। ਜਦੋਂਕਿ ਵੱਖ-ਵੱਖ ਜਥਿਆਂ ਨੇ ਗੁਰਬਾਣੀ ਦੀ ਛਹਿਬਰ ਲਾ ਕੇ ਜਿੱਥੇ ਸੰਗਤ ਨੂੰ ਨਿਹਾਲ ਕੀਤਾ। ਉੱਥੇ ਹੀ ਸਮਾਪਤੀ ਸਮੇਂ ਗੁਰੂ ਸਾਹਿਬ ਉੱਪਰ ਫੁੱਲਾਂ ਦੀ ਵਰਖਾ ਕਰਨ ਦੇ ਨਾਲ ਨਾਲ ਮਠਿਆਈਆਂ ਦੇ ਪ੍ਰਸ਼ਾਦ ਵੀ ਵੰਡੇ ਗਏ।
ਸ੍ਰੀ ਸੁਖਮਨੀ ਸਾਹਿਬ ਜੀ ਸੇਵਾ ਸੁਸਾਇਟੀ ਭਗਤ ਨਾਮਦੇਵ ਜੀ ਵੱਲੋਂ ਮੈਨੇਜਰ ਹਰਜਿੰਦਰ ਸਿੰਘ ਪੱਟੀ ਤੇ ਸੰਗਤ ਦੇ ਸਹਿਯੋਗ ਨਾਲ ਸ਼ਾਮ ਸਾਢੇ ਪੰਜ ਵਜੇ ਤੋਂ ਆਰੰਭ ਕਰਵਾਏ ਗਏ ਸਮਾਗਮ ’ਚ ਭਾਈ ਕਰਨਬੀਰ ਸਿੰਘ, ਭਾਈ ਪਰਗਟ ਸਿੰਘ, ਮਾਸਟਰ ਬਦਲੇਵ ਸਿੰਘ ਅਖੰਡ ਕੀਰਤਨੀ ਜਥੇ ਵਾਲੇ, ਭਾਈ ਕਰਨਜੀਤ ਸਿੰਘ ਕੀਰਤਨੀ ਜਥਾ ਤਰਨਤਾਰਨ, ਭਾਈ ਜਸਪਾਲ ਸਿੰਘ ਜਵੱਦੀ ਟਕਸਾਲ ਵਾਲੇ, ਭਾਈ ਕੁਲਵਿੰਦਰ ਸਿੰਘ ਤੇ ਭਾਈ ਪਰਮਿੰਦਰ ਸਿੰਘ ਤੋਂ ਇਲਾਵਾ ਭਾਈ ਪ੍ਰਿਤਪਾਲ ਸਿੰਘ ਕੈਨੇਡਾ ਵਾਲਿਆਂ ਨੇ ਜਿੱਥੇ ਸੰਗਤ ਨੂੰ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਵਾ ਕੇ ਨਿਹਾਲ ਕੀਤਾ। ਉੱਥੇ ਰਸ ਕੀਰਤਨ ਕੌਂਸਲ ’ਚ ਸ਼ਾਮਲ ਜਥਿਆਂ ਨੇ ਕੌਂਸਲ ਰੂਪ ’ਚ ਰਾਤ 12 ਵਜੇ ਸਮਾਗਮ ਦੀ ਸਮਾਪਤੀ ਤਕ ਕੀਰਤਨ ਕਰ ਕੇ ਸੰਗਤ ਨੂੰ ਸ਼ਬਦ ਗੁਰੂ ਨਾਲ ਜੋੜਿਆ। ਰਾਤ 12 ਵੱਜਦਿਆਂ ਹੀ ਦੀਵਾਨ ਹਾਲ ’ਚ ਜੁੜੀ ਸੰਗਤ ਵੱਲੋਂ ਗੁਰੂ ਸਾਹਿਬ ’ਤੇ ਫੁੱਲਾਂ ਦੀ ਵਰਖਾ ਕਰ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਸਮਾਗਮ ਦੌਰਾਨ ਜੋੜਾ ਘਰ ਸੇਵਕ ਜਥੇ ਵੱਲੋਂ ਚਾਹ ਦੇ ਲੰਗਰ ਅਤੁੱਟ ਵਰਤਾਏ ਗਏ। ਜਦੋਂਕਿ ਨਵੇਂ ਸਾਲ ਦੀ ਆਮਦ ਦੇ ਮੱਦੇਨਜ਼ਰ ਸ੍ਰੀ ਦਰਬਾਰ ਸਾਹਿਬ ਦੇ ਨਾਲ ਨਾਲ ਦੀਵਾਨ ਹਾਲ ਦੀ ਇਮਾਰਤ ਨੂੰ ਵੀ ਰੰਗ ਬਿਰੰਗੀਆਂ ਰੌਸ਼ਨੀਆਂ ਨਾਲ ਸਜਾਇਆ ਗਿਆ। ਭਾਈ ਮਨਜਿੰਦਰ ਸਿੰਘ ਬਹਿਲਾ ਨੇ ਸਮਾਗਮ ’ਚ ਪਹੁੰਚੇ ਜਥਿਆਂ ਨੂੰ ਗੁਰੂ ਘਰ ਦੀ ਬਖ਼ਸ਼ਿਸ਼ ਸਿਰੋਪਾਓ ਭੇਟ ਕੀਤੇ ਤੇ ਦੀਵਾਨ ਹਾਲ ’ਚ ਜੁੜੀ ਸੰਗਤ ਨੂੰ ਤਹਿ ਦਿਲੋਂ ਜੀ ਆਇਆਂ ਆਖਿਆ।