ਮੋਟਰਸਾਈਕਲ ਸਵਾਰ ਧਰਮੀ ਫੌਜੀ ਨੂੰ ਦੋ ਨਕਾਬਪੋਸ਼ਾਂ ਨੇ ਦਾਤਰ ਦੇ ਨੋਕ ’ਤੇ ਲੁੱਟਿਆ
ਆਏ ਦਿਨ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ।
Publish Date: Sun, 08 Feb 2026 07:08 PM (IST)
Updated Date: Mon, 09 Feb 2026 04:09 AM (IST)

ਤੇਜਿੰਦਰ ਸਿੰਘ ਬੱਬੂ•,ਪੰਜਾਬੀ ਜਾਗਰਣ, ਝਬਾਲ : ਮੋਟਰਸਾਈਕਲ ਸਵਾਰ ਧਰਮੀ ਫ਼ੌਜੀ ਨੂੰ ਰਸਤੇ ’ਚ ਰੋਕ ਕੇ ਬਾਈਕ ਸਵਾਰ ਦੋ ਨਕਾਬਪੋਸ਼ਾਂ ਨੇ ਦਾਤਰ ਦੀ ਨੋਕ ’ਤੇ ਨਕਦੀ ਅਤੇ ਹੋਰ ਕਾਗਜ਼ਾਤ ਜ਼ਬਰਦਸਤੀ ਖੋਹ ਲਏ। ਵਾਰਦਾਤ ਨੂੰ ਅੰਜਾਮ ਦੇਣ ਉਪਰੰਤ ਲੁਟੇਰੇ ਮੌਕੇ ਤੋਂ ਫਰਾਰ ਵੀ ਹੋ ਗਏ। ਇਸ ਸਬੰਧੀ ਥਾਣਾ ਝਬਾਲ ਵਿਖੇ ਦਿੱਤੀ ਸ਼ਿਕਾਇਤ ਬਾਰੇ ਧਰਮੀ ਫ਼ੌਜੀ ਬਲਦੇਵ ਸਿੰਘ ਵਾਸੀ ਪਿੰਡ ਭੁੱਚਰ ਕਲਾਂ ਨੇ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ ’ਤੇ ਪਿੰਡ ਸੁਰਸਿੰਘ ਤੋਂ ਵਾਪਸ ਭੁੱਚਰ ਕਲਾਂ ਆ ਰਿਹਾ ਸੀ। ਇਸੇ ਦੌਰਾਨ ਪਿੱਛੋਂ ਆਏ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ਾਂ ਨੇ ਇਕਦਮ ਉਸ ਦੇ ਅੱਗੇ ਮੋਟਰਸਾਈਕਲ ਲਗਾ ਕੇ ਉਸ ਨੂੰ ਰੋਕ ਲਿਆ ਅਤੇ ਤੇਜ਼ਧਾਰ ਦਾਤਰ ਦਾ ਵਾਰ ਕਰਕੇ ਉਸ ਨੂੰ ਮਾਰ ਦੇਣ ਦਾ ਡਰਾਵਾ ਦਿੰਦਿਆਂ ਉਸ ਕੋਲੋਂ ਉਸ ਦਾ ਪਰਸ ਜਿਸ ਵਿਚ ਕੁਝ ਨਕਦੀ, ਏਟੀਐੱਮ, ਅਧਾਰ ਕਾਰਡ, ਪੈਨ ਕਾਰਡ, ਲਾਇਸੰਸ ਤੇ ਹੋਰ ਬੈਂਕ ਨਾਲ ਸਬੰਧਤ ਕਾਗਜ਼ਾਤ ਸਨ, ਖੋਹ ਕੇ ਫਰਾਰ ਹੋ ਗਏ। ਜਦੋਂਕਿ ਜਾਂਦੇ ਹੋਏ ਉਸ ਦੇ ਮੋਟਰਸਾਈਕਲ ਦੀ ਚਾਬੀ ਕੱਢ ਕੇ ਖੇਤਾਂ ਵਿਚ ਸੁੱਟ ਗਏ। ਦੱਸ ਦਈਏ ਕਿ ਆਏ ਦਿਨ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਪਰ ਪੁਲਿਸ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਲੁੱਟ ਖੋਹ ਦੀਆਂ ਲਗਾਤਾਰ ਵੱਧ ਰਹੀਆਂ ਘਟਨਾਵਾਂ ਦੇ ਚੱਲਦਿਆਂ ਲੋਕਾਂ ਅੰਦਰ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਕੋਈ ਵੀ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝਦਾ। ਮੋਟਰਸਾਈਕਲ ’ਤੇ ਜਾਂਦਿਆਂ ਹਰ ਵੇਲੇ ਲੋਕਾਂ ਦਾ ਸਾਹ ਸੂਕਿਆ ਰਹਿੰਦਾ ਹੈ ਕਿ ਪਤਾ ਨਹੀਂ ਕਦੋਂ ਕੋਈ ਲੁਟੇਰਾ ਉਨ੍ਹਾਂ ਦਾ ਸਭ ਕੁਝ ਕੋਹ ਕੇ ਲੈ ਜਾਵੇ।