ਮਜ਼ਦੂਰਾਂ ਦੀਆਂ ਭਖ਼ਦੀਆਂ ਮੰਗਾਂ ਦੇ ਹੱਲ ਲਈ 8 ਅਪ੍ਰੈਲ ਨੂੰ ਜਲੰਧਰ ’ਚ ਹੋਵੇਗੀ ਵਿਸ਼ਾਲ ਰੈਲੀ
ਹੱਕੀ ਮੰਗਾਂ ਪ੍ਰਤੀ ਸਰਕਾਰਾਂ ਦੀ ਮੁਜ਼ਰਮਾਨਾ ਬੇਧਿਆਨੀ ਖ਼ਿਲਾਫ਼ ਮਜ਼ਦੂਰ ਪਰਿਵਾਰਾਂ ’ਚ ਅੰਤਾਂ ਦਾ ਰੋਹ ਉਬਾਲੇ ਮਾਰ ਰਿਹਾ ਹੈ।
Publish Date: Sat, 21 Mar 2026 04:26 PM (IST)
Updated Date: Sun, 22 Mar 2026 04:05 AM (IST)
ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਦਿਹਾਤੀ ਮਜ਼ਦੂਰ ਸਭਾ ਦੀ ਜ਼ਿਲ੍ਹਾ ਕਮੇਟੀ ਤਰਨਤਾਰਨ ਦੀ ਮੀਟਿੰਗ ਗਾਂਧੀ ਪਾਰਕ ਤਰਨਤਾਰਨ ਵਿਖੇ ਸਭਾ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਵੈਰੋਂਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਜ਼ਿਲ੍ਹਾ ਕਮੇਟੀ ਮੈਂਬਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ, ਜ਼ਿਲ੍ਹਾ ਸਕੱਤਰ ਚਮਨ ਲਾਲ ਦਰਾਜਕੇ, ਸੂਬਾ ਕਮੇਟੀ ਦੇ ਮੈਂਬਰ ਬਲਦੇਵ ਸਿੰਘ ਭੈਲ ਨੇ ਕਿਹਾ ਕਿ ਕੇਂਦਰੀ ਤੇ ਸੂਬਾਈ ਹਕੂਮਤਾਂ ਦਾ ਕਿਰਤੀ ਵਰਗ ਖ਼ਾਸ ਕਰ ਕੇ ਬੇਜ਼ਮੀਨੇ ਸਾਧਨਹੀਣ ਪੇਂਡੂ ਮਜ਼ਦੂਰਾਂ ਪ੍ਰਤੀ ਵਿਤਕਰੇ ਭਰਿਆ ਰਵੱਈਆ ਤੇ ਇਨ੍ਹਾਂ ਦੀਆਂ ਹੱਕੀ ਮੰਗਾਂ ਪ੍ਰਤੀ ਸਰਕਾਰਾਂ ਦੀ ਮੁਜ਼ਰਮਾਨਾ ਬੇਧਿਆਨੀ ਖ਼ਿਲਾਫ਼ ਮਜ਼ਦੂਰ ਪਰਿਵਾਰਾਂ ’ਚ ਅੰਤਾਂ ਦਾ ਰੋਹ ਉਬਾਲੇ ਮਾਰ ਰਿਹਾ ਹੈ।
ਇਨ੍ਹਾਂ ਆਗੂਆਂ ਨੇ ਬੁਢਾਪਾ, ਵਿਧਵਾ, ਅੰਗਹੀਣ ਪੈਨਸ਼ਨ ਘੱਟੋਂ-ਘੱਟ ਪੰਜ ਹਜ਼ਾਰ ਰੁਪਏ ਪ੍ਰਤੀ ਮਹੀਨਾ ਤੇ ਉਮਰ ਦੀ ਹੱਦ ਔਰਤਾਂ ਲਈ 55 ਸਾਲ ਤੇ ਮਰਦਾਂ ਲਈ 58 ਸਾਲ ਕੀਤੀ ਜਾਵੇ, ਚੋਣ ਵਾਅਦੇ ਅਨੁਸਾਰ ਔਰਤਾਂ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਤੇ ਪਿਛਲੇ ਚਾਰ ਸਾਲਾਂ ਦਾ 48 ਹਜ਼ਾਰ ਰੁਪਏ ਬਕਾਇਆ ਔਰਤਾਂ ਦੇ ਖਾਤੇ ’ਚ ਪਾਏ ਜਾਣ।
ਆਗੂਆਂ ਨੇ ਮਜ਼ਦੂਰ ਵਰਗ ਨੂੰ ਅਪੀਲ ਕਰਦਿਆਂ ਕਿਹਾ ਕਿ ਦਿਹਾਤੀ ਮਜ਼ਦੂਰ ਸਭਾ ਵੱਲੋਂ 8 ਅਪ੍ਰੈਲ ਨੂੰ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ’ਚ ਕੀਤੀ ਜਾ ਰਹੀ ਸੂਬਾਈ ਰੈਲੀ ਨੂੰ ਸਫ਼ਲ ਬਣਾਇਆ ਜਾਵੇ, ਤਾਂ ਜੋ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਮਜ਼ਦੂਰ ਮਾਰੂ ਨੀਤੀਆਂ ਦਾ ਮੁਕਾਬਲਾ ਕੀਤਾ ਜਾ ਸਕੇ।
ਮੀਟਿੰਗ ’ਚ ਜਥੇਬੰਦੀ ਦੇ ਸੀਨੀਅਰ ਆਗੂ ਹਰਜਿੰਦਰ ਸਿੰਘ ਚੂੰਘ, ਸਵਿੰਦਰ ਸਿੰਘ ਚੱਕ, ਜਰਨੈਲ ਸਿੰਘ ਰਸੂਲਪੁਰ, ਪਰਮਜੀਤ ਗੰਡੀਵਿੰਡ, ਚੰਦ ਸਿੰਘ ਤੂਤ, ਦਿਆਲ ਸਿੰਘ ਲੋਹਕਾ ਆਦਿ ਆਗੂ ਹਾਜ਼ਰ ਸਨ।