ਪੱਟੀ ਤੇ ਕੰਡਿਆਲਾ ਪਿੰਡ ਦੇ ਇਲਾਕੇ ’ਚ ਉਸ ਵੇਲੇ ਹੜਕੰਪ ਮਚ ਗਿਆ। ਜਦੋਂ ਕਰੀਬ 30 ਏਕੜ ਦੇ ਕਰੀਬ ਖੇਤਾਂ ’ਚ ਕਣਕ ਦੀ ਪੱਕੀ ਫ਼ਸਲ ਨੂੰ ਭਿਆਨਕ ਅੱਗ ਲੱਗ ਗਈ।

ਬੱਲੂ ਮਹਿਤਾ,•ਪੰਜਾਬੀ ਜਾਗਰਣ, ਪੱਟੀ : ਪੱਟੀ ਤੇ ਕੰਡਿਆਲਾ ਪਿੰਡ ਦੇ ਇਲਾਕੇ ’ਚ ਉਸ ਵੇਲੇ ਹੜਕੰਪ ਮਚ ਗਿਆ। ਜਦੋਂ ਕਰੀਬ 30 ਏਕੜ ਦੇ ਕਰੀਬ ਖੇਤਾਂ ’ਚ ਕਣਕ ਦੀ ਪੱਕੀ ਫ਼ਸਲ ਨੂੰ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਕੁਝ ਮਿੰਟਾਂ ’ਚ ਹੀ ਕਈ ਕਿਸਾਨਾਂ ਦੀ ਮਿਹਨਤ ਸੜ ਕੇ ਸੁਆਹ ਹੋ ਗਈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਅੱਗ ਖੇਤਾਂ ’ਚ ਚੱਲ ਰਹੀ ਕੰਬਾਇਨ ਤੋਂ ਭੜਕੀ ਦੱਸੀ ਜਾ ਰਹੀ ਹੈ।
ਮੌਕੇ ’ਤੇ ਇਕੱਤਰ ਹੋਏ ਕਿਸਾਨਾਂ ਨੇ ਦੱਸਿਆ ਕਿ ਘਟਨਾ ਸਮੇਂ ਖੇਤਾਂ ’ਚ ਗੁਰਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ ਦੀ ਕੰਬਾਇਨ ਕਣਕ ਕੱਟ ਰਹੀ ਸੀ। ਅਚਾਨਕ ਮਸ਼ੀਨ ’ਚੋਂ ਚਿੰਗਾਰੀ ਨਿਕਲਣ ਕਾਰਨ ਅੱਗ ਲੱਗ ਗਈ, ਜੋ ਹਵਾ ਦੇ ਕਾਰਨ ਤੇਜ਼ੀ ਨਾਲ ਫੈਲ ਗਈ ਤੇ ਨੇੜਲੇ ਖੇਤਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ। ਜਦੋਂਕਿ ਘਟਨਾ ਤੋਂ ਬਾਅਦ ਕੰਬਾਇਨ ਚਾਲਕ ਮਸ਼ੀਨ ਲੈ ਕੇ ਫ਼ਰਾਰ ਹੋ ਗਿਆ। ਇਸ ਮੌਕੇ ਕਿਸਾਨ ਨਿਸ਼ਾਨ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਚੋਹਲਾ ਸਾਹਿਬ ਮੱਥਾ ਟੇਕਣ ਗਏ ਹੋਏ ਸੀ।
ਸਵੇਰੇ ਕਰੀਬ 10 ਵਜੇ ਉਨ੍ਹਾਂ ਨੂੰ ਫੋਨ ਆਇਆ ਕਿ ਖੇਤਾਂ ’ਚ ਅੱਗ ਲੱਗ ਗਈ ਹੈ। ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਉਨ੍ਹਾਂ ਦੀ ਪੱਕੀ ਫ਼ਸਲ ਅੱਗ ਦੀ ਭੇਟ ਚੜ੍ਹ ਰਹੀ ਸੀ। ਉਨ੍ਹਾਂ ਕਿਹਾ ਕਿ ਆੜ੍ਹਤੀਏ ਤੋਂ ਕਰਜ਼ਾ ਲੈ ਕੇ ਕਰੀਬ 15 ਏਕੜ ’ਚ ਕਣਕ ਦੀ ਬਿਜਾਈ ਕੀਤੀ ਸੀ, ਜੋ ਹੁਣ ਸੜ ਕੇ ਖ਼ਤਮ ਹੋ ਗਈ ਹੈ। ਅੱਗ ਕਾਰਨ ਜਿਨ੍ਹਾਂ ਕਿਸਾਨਾਂ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ’ਚ ਚਾਨਣ ਸਿੰਘ ਪੁੱਤਰ ਨਿਸ਼ਾਨ ਸਿੰਘ ਦੀ 5 ਏਕੜ, ਜਿਸ ਵਿੱਚੋਂ ਕੁਝ ਜ਼ਮੀਨ ਠੇਕੇ ’ਤੇ ਲਈ ਸੀ। ਭੁਪਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਦੀ 2 ਏਕੜ, ਬਲਦੇਵ ਸਿੰਘ ਪੁੱਤਰ ਸਵਿੰਦਰ ਸਿੰਘ ਦੀ 6 ਏਕੜ, ਦਿਲਬਾਗ ਸਿੰਘ ਦੀ 4 ਏਕੜ, ਬਾਬਾ ਸੁਰਜੀਤ ਸਿੰਘ ਕਾਰ ਸੇਵਾ ਝਾੜ ਸਾਹਿਬ ਦੀ ਕਰੀਬ ਢਾਈ ਏਕੜ, ਨਿਸ਼ਾਨ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਵਾਰਡ ਨੰਬਰ 8 ਪੱਟੀ ਦੀ ਕਰੀਬ 7 ਏਕੜ ਅਤੇ ਕੁਲਵੰਤ ਸਿੰਘ ਪੁੱਤਰ ਦਿਆਲ ਸਿੰਘ ਦੀ 4 ਕਨਾਲ ਫ਼ਸਲ ਸ਼ਾਮਿਲ ਹੈ।
ਅੱਗ ਲੱਗਣ ਤੋਂ ਬਾਅਦ ਸਥਾਨਕ ਲੋਕਾਂ ਨੇ ਤੁਰੰਤ ਇਕੱਠੇ ਹੋ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਪੱਟੀ ਅਤੇ ਕੰਡਿਆਲੇ ਦੀਆਂ ਬਹਿਕਾਂ ਦੇ ਨਿਵਾਸੀਆਂ ਨੇ ਮਿਲ ਕੇ ਫੌਜੀ ਛਾਉਣੀ ਤੋਂ ਆਏ ਪਾਣੀ ਦੇ ਟੈਂਕਰਾਂ ਤੇ ਹੋਰ ਸਾਧਨਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਫਾਇਰ ਬ੍ਰਿਗੇਡ ਦੀ ਟੀਮ ਦੇਰੀ ਨਾਲ ਮੌਕੇ ’ਤੇ ਪਹੁੰਚੀ, ਜਿਸ ਕਾਰਨ ਕਿਸਾਨਾਂ ’ਚ ਨਾਰਾਜ਼ਗੀ ਵੀ ਦੇਖਣ ਨੂੰ ਮਿਲੀ। ਕਿਸਾਨਾਂ ਨੇ ਕਿਹਾ ਕਿ ਲੋਕਾਂ ਦਾ ਕਹਿਣਾ ਸੀ ਕਿ ਜੇ ਫਾਇਰ ਬ੍ਰਿਗੇਡ ਸਮੇਂ ਸਿਰ ਪਹੁੰਚ ਜਾਂਦੀ ਤਾਂ ਨੁਕਸਾਨ ਕਾਫੀ ਘੱਟ ਹੋ ਸਕਦਾ ਸੀ।
ਇਸ ਮੌਕੇ ਗੁਰਵੇਲ ਸਿੰਘ ਨੰਬਰਦਾਰ ਕੰਡਿਆਲਾ, ਨਿਰਵੈਲ ਸਿੰਘ ਸਾਬਕਾ ਸਰਪੰਚ, ਤਰਲੋਕ ਸਿੰਘ, ਨਿਸ਼ਾਨ ਸਿੰਘ, ਸਰੂਪ ਸਿੰਘ, ਗੁਰਪ੍ਰੀਤ ਸਿੰਘ, ਬਲਦੇਵ ਸਿੰਘ ਸੇਵਾਦਾਰ, ਅਵਤਾਰ ਸਿੰਘ, ਸੰਤੋਖ ਸਿੰਘ, ਸਮਸ਼ੇਰ ਸਿੰਘ, ਗੁਰਦੇਵ ਸਿੰਘ, ਦਿਲਬਾਗ ਸਿੰਘ, ਸੁਖਬੀਰ ਸਿੰਘ ਖਹਿਰਾ, ਤਰਸੇਮ ਸਿੰਘ, ਦਲਬੀਰ ਸਿੰਘ ਨੰਬਰਦਾਰ, ਹਰਜਿੰਦਰ ਸਿੰਘ, ਸਕੱਤਰ ਸਿੰਘ ਇਕਾਈ ਪ੍ਰਧਾਨ ਕਿਸਾਨ ਸੰਘਰਸ਼ ਕਮੇਟੀ ਪੱਟੀ, ਸੁਖਵਿੰਦਰ ਸਿੰਘ ਫੌਜੀ, ਰੇਸ਼ਮ ਸਿੰਘ, ਗੋਪੀ ਆਦਿ ਨੇ ਬਚਾਅ ਕਾਰਜਾਂ ’ਚ ਭਾਗ ਲਿਆ।
ਖੇਤੀਬਾੜੀ ਵਿਭਾਗ ਦੇ ਸਬ ਇੰਸਪੈਕਟਰ ਨਿਸ਼ਾਨ ਸਿੰਘ ਵੀ ਮੌਕੇ ’ਤੇ ਪਹੁੰਚੇ ਤੇ ਨੁਕਸਾਨ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬਣਦੇ ਨਿਯਮਾਂ ਅਨੁਸਾਰ ਕਿਸਾਨਾਂ ਨੂੰ ਰਾਹਤ ਦੇਣ ਲਈ ਰਿਪੋਰਟ ਤਿਆਰ ਕਰ ਕੇ ਉੱਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ। ਇਸ ਘਟਨਾ ਨਾਲ ਕਿਸਾਨਾਂ ਨੂੰ ਭਾਰੀ ਆਰਥਿਕ ਝਟਕਾ ਲੱਗਾ ਹੈ ਤੇ ਉਹ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕਰ ਰਹੇ ਹਨ। ਪਿੰਡ ਵਾਸੀਆਂ ਨੇ ਵੀ ਮੰਗ ਕੀਤੀ ਕਿ ਅਜਿਹੀਆਂ ਘਟਨਾਵਾਂ ਤੋਂ ਬਚਾਅ ਲਈ ਪ੍ਰਸ਼ਾਸਨ ਵੱਲੋਂ ਢੰਗ ਦੇ ਇੰਤਜ਼ਾਮ ਕੀਤੇ ਜਾਣ ਤੇ ਫਾਇਰ ਬ੍ਰਿਗੇਡ ਦੀ ਸੇਵਾ ਨੂੰ ਹੋਰ ਮਜ਼ਬੂਤ ਕੀਤਾ ਜਾਵੇ।