ਮਾਘੀ ਦੇ ਦਿਹਾੜੇ ’ਤੇ ਪਿੰਡ ਕੱਕਾ ਕੰਡਿਆਲਾ ’ਚ ਸਜਾਇਆ ਅਲੌਕਿਕ ਨਗਰ ਕੀਰਤਨ
ਨਗਰ ਕੀਰਤਨ ਦੌਰਾਨ ਵੱਖ-ਵੱਖ ਪੜਾਵਾਂ ’ਤੇ ਕਥਾ ਵਾਚਕ, ਕਵੀਸ਼ਰੀ ਜਥਾ ਤੇ ਬੀਬੀਆਂ ਦੇ ਸ਼ਬਦੀ ਜਥੇ ਨੇ ਸੰਗਤ ਨੂੰ ਗੁਰੂ ਜਸ ਸੁਣਾ ਕੇ ਨਿਹਾਲ ਕੀਤਾ।
Publish Date: Wed, 14 Jan 2026 07:44 PM (IST)
Updated Date: Thu, 15 Jan 2026 04:10 AM (IST)

ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਦੇ ਨਜ਼ਦੀਕੀ ਪਿੰਡ ਕੱਕਾ ਕੰਡਿਆਲਾ ਵਿਖੇ 40 ਮੁਕਤਿਆਂ ਦੀ ਯਾਦ ਵਿਚ ਪਿੰਡ ਦੇ ਗੁਰਦੁਆਰਾ ਬਾਬਾ ਤਾਰਾ ਸਿੰਘ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ। ਜਿਸ ਵਿਚ ਵੱਡੀ ਗਿਣਤੀ ’ਚ ਸੰਗਤ ਨੇ ਹਾਜ਼ਰੀ ਭਰੀ। ਨਗਰ ਕੀਰਤਨ ਦਾ ਪਿੰਡ ਦੀਆਂ ਗਲੀਆਂ ਨੂੰ ਫੁੱਲਾਂ ਨਾਲ ਸਜਾਵਾਟੀ ਗੇਟ ਲਗਾ ਕੇ ਸ਼ਰਧਾਲੂ ਸੰਗਤ ਵਲੋਂ ਭਰਵਾਂ ਸੁਆਗਤ ਕੀਤਾ ਗਿਆ। ਇਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਫੁੱਲਾਂ ਨਾਲ ਸਜਾਈ ਹੋਈ ਸੁੰਦਰ ਪਾਲਕੀ ਵਿਚ ਸੁਸ਼ੋਭਿਤ ਸਨ ਤੇ ਸੰਗਤਾਂ ਨੇ ‘‘ਸਤਿਨਾਮ ਸ੍ਰੀ ਵਾਹਿਗੁਰੂ’’ ਜੀ ਦੇ ਜਾਪ ਨਾਲ ਨਗਰ ਕੀਰਤਨ ’ਤੇ ਫੁੱਲਾਂ ਦੀ ਵਰਖਾ ਕੀਤੀ। ਨਗਰ ਕੀਰਤਨ ਦਾ ਵੱਖ-ਵੱਖ ਪੜਾਵਾਂ ’ਤੇ ਭਰਵਾਂ ਸਵਾਗਤ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਨਗਰ ਕੀਰਤਨ ਦੌਰਾਨ ਵੱਖ-ਵੱਖ ਪੜਾਵਾਂ ’ਤੇ ਕਥਾ ਵਾਚਕ, ਕਵੀਸ਼ਰੀ ਜਥਾ ਤੇ ਬੀਬੀਆਂ ਦੇ ਸ਼ਬਦੀ ਜਥੇ ਨੇ ਸੰਗਤ ਨੂੰ ਗੁਰੂ ਜਸ ਸੁਣਾ ਕੇ ਨਿਹਾਲ ਕੀਤਾ। ਨਗਰ ਕੀਰਤਨ ਦੇ ਨਾਲ ਫੌਜੀ ਬੈਂਡ ਨੇ ਮਦੁਰ ਧੁੰਨਾ ਵਜਾ ਕੇ ਨਗਰ ਕੀਰਤਨ ਦੀ ਸ਼ੋਭਾ ਵਧਾਈ। ਇਸ ਮੌਕੇ ਛੋਟੇ-ਛੋਟੇ ਬੱਚਿਆਂ ਨੇ ਸਿੱਖੀ ਨੂੰ ਦਰਸਾਉਂਦੇ ਹੋਏ ਪਹਿਰਾਵੇ ਧਾਰਨ ਕਰਕੇ ‘ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਜੈਕਾਰੇ ਵੀ ਲਗਾਏ ਗਏ। ਵੱਖ ਵੱਖ ਪੜਾਵਾਂ ’ਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸੰਗਤਾਂ ਲਈ ਵੱਖ ਵੱਖ ਥਾਵਾਂ ’ਤੇ ਅਨੇਕਾਂ ਪ੍ਰਕਾਰ ਦੇ ਲੰਗਰ ਸ਼ਰਧਾਲੂਆਂ ਵਲੋਂ ਲਗਾਏ ਗਏ। ਨਗਰ ਕੀਰਤਨ ਦੇਰ ਸ਼ਾਮ ਨੂੰ ਪਿੰਡ ਦੀ ਪ੍ਰਕਰਮਾ ਕਰਦਾ ਹੋਇਆ ਮੁੜ ਗੁਰਦੁਆਰਾ ਬਾਬਾ ਤਾਰਾ ਸਿੰਘ ਵਿਖੇ ਅਮਿਟ ਯਾਦਾਂ ਛੱਡਦਾ ਹੋਇਆ ਸੰਪੰਨ ਹੋਇਆ। ਕੈਪਸ਼ਨ- ਪਿੰਡ ਕੱਕਾ ਕੰਡਿਆਲਾ ਵਿਖੇ ਸਜਾਏ ਗਏ ਨਗਰ ਕੀਰਤਨ ਦੀ ਅਗਵਾਈ ਕਰਦੇ ਹੋਏ ਪੰਜ ਪਿਆਰੇ ਸਾਹਿਬਾਨ। ਕੈਪਸ਼ਨ- ਵੱਡੀ ਗਿਣਤੀ ’ਚ ਸੰਗਤ ਨਗਰ ਕੀਰਤਨ ਵਿਚ ਹਾਜਰੀ ਭਰਦੀ ਹੋਈ। ਕੈਪਸ਼ਨ- ਸਿੱਖੀ ਬਾਣੇ ਵਿਚ ਸਜੇ ਪਿੰਡ ਦੇ ਛੋਟੇ ਛੋਟੇ ਬੱਚੇ। ਕੈਪਸ਼ਨ- ਨਗਰ ਕੀਰਤਨ ਦੌਰਾਨ ਭਾਈ ਗੁਰਜੰਟ ਸਿੰਘ ਬਹਿਲਾ ਦਾ ਕਵੀਸ਼ਰੀ ਜਥਾ ਗੁਰੂ ਇਤਿਹਾਸ ਸੁਣਾਉਂਦਾ ਹੋਇਆ।