ਕਿਸਾਨਾਂ ਦੀ ਗ੍ਰਿਫ਼ਤਾਰੀ ਵਿਰੁੱਧ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ
ਪੁਤਲਾ ਫੂਕਿਆ ਗਿਆ। ਸਯੁੰਕਤ ਕਿਸਾਨ ਮੋਰਚਾ ਜ਼ਿਲ੍ਹਾ ਤਰਨਤਾਰਨ ਦੇ ਸੱਦੇ ’ਤੇ ਅੱਜ ਸਥਾਨਕ ਚੌਂਕ ਵਿਚ ਵੱਡੀ ਗਿਣਤੀ ’ਚ ਕਿਸਾਨਾਂ ਇਕੱਠੇ ਹੋ ਕੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ।
Publish Date: Fri, 27 Feb 2026 05:46 PM (IST)
Updated Date: Sat, 28 Feb 2026 04:01 AM (IST)

ਤੇਜਿੰਦਰ ਸਿੰਘ ਬੱਬੂ,•ਪੰਜਾਬੀ ਜਾਗਰਣ, ਝਬਾਲ : ਸ਼ੇਰੋਂ ਖੰਡ ਮਿੱਲ ਚਾਲੂ ਕਰਾਉਣ ਲਈ ਦਿੱਤੇ ਜਾ ਰਹੇ ਧਰਨੇ ਤੋਂ ਕਿਸਾਨਾਂ ਦੀ ਗ੍ਰਿਫ਼ਤਾਰੀ ਵਿਰੁੱਧ ਸਯੁੰਕਤ ਕਿਸਾਨ ਮੋਰਚਾ ਜ਼ਿਲ੍ਹਾ ਤਰਨਤਾਰਨ ਦੇ ਸੱਦੇ ’ਤੇ ਅੱਜ ਸਥਾਨਕ ਚੌਂਕ ਵਿਚ ਵੱਡੀ ਗਿਣਤੀ ’ਚ ਕਿਸਾਨਾਂ ਇਕੱਠੇ ਹੋ ਕੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਇਕੱਤਰ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਦਵਿੰਦਰ ਸੋਹਲ, ਕੈਪਟਨ ਸਿੰਘ ਬਘਿਆੜੀ, ਜਗਰੂਪ ਸਿੰਘ ਕਸੇਲ, ਮਲਕੀਤ ਸਿੰਘ ਬਘਿਆੜੀ, ਬਲਜਿੰਦਰ ਸਿੰਘ ਸਰਪੰਚ, ਜਗਤਾਰ ਸਿੰਘ ਜੱਗਾ, ਬਾਬਾ ਬਲਜਿੰਦਰ ਸਿੰਘ, ਹਰਬਿੰਦਰ ਸਿੰਘ ਕਸੇਲ, ਪ੍ਰੀਤਮ ਸਿੰਘ ਛਾਪਾ, ਧਿਆਨ ਸਿੰਘ ਮੰਨਣ ਨੇ ਕਿਹਾ ਕਿ ਬਹੁਤ ਸਾਲ ਪਹਿਲਾਂ ਪਿੰਡ ਸ਼ੇਰੋਂ ਦੀ ਇਕ-ਸੌ ਏਕੜ ਜ਼ਮੀਨ ਬਹੁਤ ਸਸਤੇ ਰੇਟ ’ਤੇ ਲੈ ਕੇ ਖੰਡ ਮਿੱਲ ਚਾਲੂ ਕੀਤੀ ਗਈ ਸੀ। ਇਸ ਮਿੱਲ ਨੇ ਲਗਾਤਾਰ ਸਰਕਾਰ ਨੂੰ ਮੁਨਾਫਾ ਦਿੱਤਾ। ਜਦੋਂ ਮਿੱਲ ਬੰਦ ਕੀਤੀ ਗਈ, ਉਦੋਂ ਵੀ ਮੁਨਾਫ਼ੇ ਵਿਚ ਸੀ। ਤਰਨਤਾਰਨ ਜ਼ਿਲ੍ਹੇ ਦੇ ਕਿਸਾਨਾਂ ਨੂੰ ਇਸਦਾ ਕਾਫ਼ੀ ਫਾਇਦਾ ਸੀ। ਮਜ਼ਦੂਰ ਪਰਿਵਾਰਾਂ ਨੂੰ ਵੀ ਗੰਨਾ ਖੇਤਾਂ ਚੋਂ ਕੱਟਣ ਤੋਂ ਲੈ ਕੇ ਮਿੱਲ ਦੀ ਢੋਆ-ਢੁਆਈ ਅਤੇ ਖੰਡ ਬਣਨ ਤੱਕ ਕੰਮ ਮਿਲਦਾ ਸੀ। ਇਹ ਵੀ ਜ਼ਿਕਰਯੋਗ ਹੈ ਕਿ ਤਰਨਤਾਰਨ ਜ਼ਿਲ੍ਹੇ ਵਿਚ ਖੇਤੀ ਅਧਾਰਿਤ ਸਿਰਫ਼ ਤੇ ਸਿਰਫ਼ ਇਹ ਇੱਕੋ-ਇਕ ਮਿੱਲ ਸੀ। ਮੌਜੂਦਾ ਸਰਕਾਰ ਨੇ ਚੋਣਾਂ ਸਮੇਂ ਵਾਅਦਾ ਕੀਤਾ ਸੀ ਕਿ ਇਹ ਮਿੱਲ ਮੁੜ ਸ਼ੁਰੂ ਕੀਤੀ ਜਾਵੇਗੀ। ਪਰ ਹੁਣ ਕਿਸਾਨਾਂ ਦੀ ਸਲਾਹ ਬਿਨ੍ਹਾਂ ਇਸਦੀ ਕੀਮਤੀ ਜ਼ਮੀਨ ਘੱਟੇ-ਕੌਡੀਆਂ ਕੀਤੀ ਜਾ ਰਹੀ ਹੈ। ਯਾਦ ਰਹੇ ਕਿ ਇਸ ਮਿੱਲ ਵਿਚ 60 ਫ਼ੀਸਦੀ ਹਿੱਸੇਦਾਰੀ ਕਿਸਾਨਾਂ ਦੀ ਹੈ, ਜਿਨ੍ਹਾਂ ਨੂੰ ਪੁੱਛਿਆ ਨਹੀਂ ਜਾ ਰਿਹਾ। ਇਸ ਮੌਕੇ ਕਿਸਾਨ ਆਗੂਆਂ ਮੰਗ ਕੀਤੀ ਕਿ ਗ੍ਰਿਫ਼ਤਾਰ ਕਿਸਾਨ ਤੁਰੰਤ ਰਿਹਾਅ ਕੀਤੇ ਜਾਣ। ਇਹ ਖੰਡ ਮਿੱਲ ਮੁੜ ਚਾਲੂ ਕਰਕੇ, ਸਰਕਾਰ ਆਪਣਾ ਵਾਅਦਾ ਪੂਰਾ ਕਰੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਸਿੰਘ ਕਸੇਲ, ਸੁਖਬੀਰ ਸਿੰਘ ਗੱਗੋਬੂਹਾ, ਆਤਮਾ ਸਿੰਘ ਸੋਹਲ, ਜਸਵੰਤ ਸਿੰਘ ਸੋਹਲ, ਪਰਮਜੀਤ ਸਿੰਘ ਬਘਿਆੜੀ, ਬਿੱਲਾ ਖੂਹ ਵਾਲਾ, ਹਰਬਿੰਦਰ ਸਿੰਘ ਕਸੇਲ ਨੇ ਵੀ ਸੰਬੋਧਨ ਕੀਤਾ।