ਗੁਰਦੁਆਰਾ ਗੁਰੂ ਕਾ ਖੂਹ ’ਚ ਪੰਜਵੇ ਦਿਨ ਦੇ ਸਮਾਗਮਾਂ ’ਚ ਜੁੜੀ ਵੱਡੀ ਗਿਣਤੀ ਸੰਗਤ
ਬਰਸਾਤ ਦਾ ਮੌਸਮ ਹੋਣ ਦੇ ਬਾਵਜੂਦ ਵੱਡੀ ਗਿਣਤੀ ਸੰਗਤ ਨੇ ਇਸ ਸਮਾਗਮ ’ਚ ਹਾਜ਼ਰੀ ਭਰੀ।
Publish Date: Sat, 04 Apr 2026 08:03 PM (IST)
Updated Date: Sun, 05 Apr 2026 04:11 AM (IST)

ਵੱਖ-ਵੱਖ ਜਥਿਆਂ ਨੇ ਸ਼ਾਮ 6 ਤੋਂ ਰਾਤ ਸਾਢੇ ਦਸ ਵਜੇ ਤਕ ਲਵਾਈ ਹਾਜ਼ਰੀ ਜਸਪਾਲ ਸਿੰਘ ਜੱਸੀ•,ਪੰਜਾਬੀ ਜਾਗਰਣ, ਤਰਨਤਾਰਨ : ਸ਼ਹੀਦਾਂ ਦੇ ਸਿਰਤਾਜ, ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ 463ਵੇਂ ਪ੍ਰਕਾਸ਼ ਪੁਰਬ ’ਤੇ ਤਰਨਤਾਰਨ ਸ਼ਹਿਰ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ’ਚ ਕਰਵਾਏ ਜਾ ਰਹੇ ਦਸ ਰੋਜ਼ਾ ਗੁਰਮਤਿ ਸਮਾਗਮਾਂ ਦੀ ਲੜੀ ਤਹਿਤ ਸ਼ਨਿਚਰਵਾਰ ਨੂੰ ਇਤਿਹਾਸਿਕ ਗੁਰਦੁਆਰਾ ਗੁਰੂ ਕਾ ਖੂਹ ਵਿਖੇ ਪੰਜਵੇਂ ਦਿਨ ਦੇ ਗੁਰਮਤਿ ਸਮਾਗਮ ਸ਼ਰਧਾ ਭਾਵਨਾ ਨਾਲ ਕਰਵਾਏ ਗਏ। ਬਰਸਾਤ ਦਾ ਮੌਸਮ ਹੋਣ ਦੇ ਬਾਵਜੂਦ ਵੱਡੀ ਗਿਣਤੀ ਸੰਗਤ ਨੇ ਇਸ ਸਮਾਗਮ ’ਚ ਹਾਜ਼ਰੀ ਭਰੀ। ਜਦੋਂਕਿ ਸ਼ਾਮ 6 ਤੋਂ ਰਾਤ ਸਾਢੇ 10 ਵਜੇ ਤਕ ਵੱਖ-ਵੱਖ ਜਥਿਆਂ ਨੇ ਗੁਰਬਾਣੀ ਕੀਰਤਨ ਤੇ ਕਥਾ ਨਾਲ ਸੰਗਤ ਨੂੰ ਨਿਹਾਲ ਕੀਤਾ। ਸ੍ਰੀ ਗੁਰੂ ਅਰਜਨ ਦੇਵ ਜੀ ਕੀਰਤਨ ਦਰਬਾਰ ਸਭਾ ਵੱਲੋਂ ਮੈਨੇਜਰ ਹਰਜਿੰਦਰ ਸਿੰਘ ਪੱਟੀ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਦਸ ਰੋਜ਼ਾ ਗੁਰਮਤਿ ਸਮਾਗਮਾਂ ’ਚ ਹਰ ਰੋਜ਼ ਸੰਗਤ ਸ਼ਰਧਾ ਤੇ ਉਤਸ਼ਾਹ ਨਾਲ ਹਾਜ਼ਰੀ ਭਰ ਰਹੀ ਹੈ। ਸ਼ਨਿਚਰਵਾਰ ਨੂੰ ਪੰਜਵੇਂ ਦਿਨ ਗੁਰਦੁਆਰਾ ਗੁਰੂ ਕਾ ਖੂਹ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਕੀਰਤਨੀ ਜਥਾ ਬੀਬੀਆਂ ਗੁਰਦੁਆਰਾ ਗੁਰੂ ਕਾ ਖੂਹ ਤਰਨਤਾਰਨ, ਭਾਈ ਕਰਨਬੀਰ ਸਿੰਘ, ਭਾਈ ਗੁਰਲਾਲ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਤਰਨਤਾਰਨ, ਗਿਆਨੀ ਕੁਲਵਿੰਦਰ ਸਿੰਘ ਕਥਾ ਵਾਚਕ ਗੁਰਦੁਆਰਾ ਦੂਖ ਨਿਵਾਰਣ ਸਾਹਿਬ ਲੁਧਿਆਣਾ ਤੇ ਭਾਈ ਕੁਲਦੀਪ ਸਿੰਘ ਖ਼ਾਲਸਾ ਹਿਸਾਰ ਵਾਲਿਆਂ ਨੇ ਕਥਾ ਤੇ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ। ਸਮਾਗਮ ਮੌਕੇ ਭਾਈ ਰਣਜੀਤ ਸਿੰਘ ਗ੍ਰੰਥੀ, ਭਾਈ ਅਰਜਨ ਸਿੰਘ ਗ੍ਰੰਥੀ, ਭਾਈ ਧਰਮ ਸਿੰਘ, ਚਰਨਜੀਤ ਸਿੰਘ, ਜਸਪਾਲ ਸਿੰਘ, ਜਸਬੀਰ ਸਿੰਘ, ਮਨਜੀਤ ਸਿੰਘ ਲਾਲੀ, ਹਰਜੀਤ ਸਿੰਘ, ਮਾ. ਇਕਬਾਲ ਸਿੰਘ ਤੇ ਕੁਲਦੀਪ ਸਿੰਘ ਸਮੇਤ ਸਮੂਹ ਮੁਹੱਲਾ ਵਾਸੀ ਸੰਗਤ ਨੇ ਸਮਾਗਮਾਂ ਦੀ ਸਫਲਤਾ ਵਾਸਤੇ ਸ਼ਰਧਾ ਪੂਰਵਕ ਸੇਵਾ ਵੀ ਨਿਭਾਈ। ਇਸ ਮੌਕੇ ਗੁਰੂ ਕੇ ਲੰਗਰ ਜਿੱਥੇ ਅਤੁੱਟ ਵਰਤਾਏ ਗਏ, ਉੱਥੇ ਹੀ ਗੁਰਦੁਆਰਾ ਸਾਹਿਬ ਦੀ ਰੌਸ਼ਨੀਆਂ ਨਾਲ ਸਜਾਵਟ ਵੀ ਕੀਤੀ ਗਈ। ====== ਅੱਜ ਅਫ਼ਸਰ ਐਵੀਨਿਊ ਦੇ ਗੁਰਦੁਆਰਾ ਸਾਹਿਬ ’ਚ ਹੋਣਗੇ ਸਮਾਗਮ ਸ੍ਰੀ ਗੁਰੂ ਅਰਜਨ ਦੇਵ ਜੀ ਕੀਰਤਨ ਦਰਬਾਰ ਸਭਾ ਦੇ ਸੇਵਾਦਾਰਾਂ ਨੇ ਦੱਸਿਆ ਕਿ ਅੱਜ 5 ਅਪ੍ਰੈਲ ਨੂੰ ਅਫ਼ਸਰ ਐਵੀਨਿਊ ਫੋਕਲ ਪੁਆਇੰਟ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਛੇਵੇਂ ਦਿਨ ਦੇ ਸਮਾਗਮ ਹੋਣਗੇ। ਜਿਸ ’ਚ ਇਸੇ ਗੁਰਦੁਆਰਾ ਸਾਹਿਬ ਦਾ ਬੱਚਿਆਂ ਦਾ ਕੀਰਤਨੀ ਜਥਾ, ਗਿਆਨੀ ਹੀਰਾ ਸਿੰਘ ਕਥਾ ਵਾਚਕ ਸ੍ਰੀ ਦਰਬਾਰ ਸਾਹਿਬ ਤਰਨਤਾਰਨ, ਭਾਈ ਰਣਬੀਰ ਸਿੰਘ, ਗਿਆਨੀ ਸੰਤੋਖ ਸਿੰਘ ਕਥਾ ਵਾਚਕ ਸੁਰਸਿੰਘ ਵਾਲੇ ਤੇ ਭਾਈ ਸੁਖਵੰਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਤਸਰ ਵਾਲੇ ਸੰਗਤ ਨੂੰ ਗੁਰੂ ਸ਼ਬਦ ਨਾਲ ਜੋੜਨਗੇ।