ਫੂਡ ਸੇਫਟੀ ਵਿੰਗ ਦੀ ਸਾਂਝੀ ਟੀਮ ਨੇ ਸਟਰੀਟ ਫੂਡ ਵੇਚਣ ਵਾਲਿਆਂ ਦੀ ਕੀਤੀ ਚੈਕਿੰਗ
ਜ਼ਿਲ੍ਹਾ ਸਿਹਤ ਅਧਿਕਾਰੀ ਨੇ ਸਾਰਿਆਂ ਨੂੰ ਹਦਾਇਤ ਕੀਤੀ ਕਿ ਉਹ ਭੋਜਨ ਪਦਾਰਥਾਂ ਨੂੰ ਉਸ ਮਾਤਰਾ ਵਿਚ ਤਿਆਰ ਕਰਨ ਜੋ ਤਾਜੀ ਪਰੋਸੀ, ਵੇਚਣ ਦੀ ਸੰਭਾਵਨਾ ਹੋਵੇ
Publish Date: Sat, 14 Mar 2026 04:45 PM (IST)
Updated Date: Sun, 15 Mar 2026 04:01 AM (IST)
ਜਸਪਾਲ ਸਿੰਘ ਜੱਸੀ,•ਪੰਜਾਬੀ ਜਾਗਰਣ, ਤਰਨਤਾਰਨ : ਡਿਪਟੀ ਕਮਿਸ਼ਨਰ ਰਾਹੁਲ ਤੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਵੱਲੋਂ ਫੂਡ ਸੇਫਟੀ ਵਿੰਗ ਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਦੀ ਗਠਤ ਕੀਤੀ ਸਾਂਝੀ ਟੀਮ ਨੇ ਸਟਰੀਟ ਫੂਡ ਵੇਚਣ ਵਾਲਿਆਂ, ਖਾਸ ਕਰ ਕੇ ਗਾਹਕਾਂ ਨੂੰ ਤਿਆਰ ਕੀਤੇ ਫਾਸਟ ਫੂਡ ਸਮਾਨ ਵੇਚਣ ’ਚ ਲੱਗੇ ਲੋਕਾਂ ਦੀ ਚੈਕਿੰਗ ਕੀਤੀ।
ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਖਬੀਰ ਕੌਰ ਅਤੇ ਫੂਡ ਸੇਫਟੀ ਅਫ਼ਸਰ ਸਾਕਸ਼ੀ ਖੋਸਲਾ ਦੀ ਅਗਵਾਈ ਹੇਠ ਇਹ ਵਿਸ਼ੇਸ਼ ਜਾਂਚ ਮੁਹਿੰਮ ਜਸਵਿੰਦਰ ਸਿੰਘ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਅਜੈਪਾਲ ਸਿੰਘ ਸੈਨੇਟਰੀ ਇੰਸਪੈਕਟਰ, ਸੈਨੇਟਰੀ ਇੰਸਪੈਕਟਰ ਸੰਕਲਪ ਦੇ ਨਾਲ ਚਲਾਈ ਗਈ। ਟੀਮ ਨੇ ਨੂਰਦੀ ਚੌਕ, ਜੰਡਿਆਲਾ ਰੋਡ, ਗੋਇੰਦਵਾਲ ਸਾਹਿਬ ਰੋਡ ਸਮੇਤ ਸ਼ਹਿਰ ਦੇ ਵੱਖ-ਵੱਖ ਖੇਤਰਾਂ ਦਾ ਦੌਰਾ ਕੀਤਾ ਅਤੇ ਐੱਫਬੀਓਐੱਸ ਨੂੰ ਐੱਫਐੱਸਐੱਸਏਆਈ ਦੁਆਰਾ ਐੱਫਬੀਓ ਲਈ ਪ੍ਰਦਾਨ ਕੀਤੀ ਗਈ ਸਹੀ ਚੈੱਕ ਸੂਚੀ ਅਨੁਸਾਰ ਸਫ਼ਾਈ ਬਾਰੇ ਹਦਾਇਤਾਂ ਦਿੱਤੀਆਂ।
ਸਾਰੇ ਫੂਡ ਕਾਰੋਬਾਰ ਸੰਚਾਲਕਾਂ, ਖਾਸ ਕਰਕੇ ਸਟਰੀਟ ਫੂਡ ਵੇਚਣ ਵਾਲਿਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ। ਤਿਆਰ ਭੋਜਨ ਪਦਾਰਥ ਵੇਚਣ ਵਾਲਿਆਂ ਨੂੰ ਰੇਹੜੀ ਤੇ ਸਟਾਲ ਨੂੰ ਸਾਫ਼ ਰੱਖਣ, ਗੁਣਵੱਤਾ ਵਾਲੇ ਕੱਚੇ ਮਾਲ ਦੀ ਵਰਤੋਂ ਕਰਨ, ਮਨਜ਼ੂਰਸ਼ੁਦਾ ਭੋਜਨ ਰੰਗਾਂ ਦੀ ਵਰਤੋਂ ਕਰਨ, ਤਿਆਰ ਭੋਜਨ ਨੂੰ ਧੂੜ ਅਤੇ ਮੱਖੀਆਂ ਦੇ ਸੰਪਰਕ ਤੋਂ ਬਿਨ੍ਹਾਂ ਢੱਕ ਕੇ ਰੱਖਣ ਅਤੇ ਢੱਕੇ ਹੋਏ ਡੱਬਿਆਂ ਦੀ ਵਰਤੋਂ ਕਰਨ ਦੀ ਹਿਦਾਇਤ ਕੀਤੀ ਗਈ।
ਵੱਧਦੇ ਤਾਪਮਾਨ ਨੂੰ ਧਿਆਨ ਵਿਚ ਰੱਖਦੇ ਹੋਏ ਜ਼ਿਲ੍ਹਾ ਸਿਹਤ ਅਧਿਕਾਰੀ ਨੇ ਸਾਰਿਆਂ ਨੂੰ ਹਦਾਇਤ ਕੀਤੀ ਕਿ ਉਹ ਭੋਜਨ ਪਦਾਰਥਾਂ ਨੂੰ ਉਸ ਮਾਤਰਾ ਵਿਚ ਤਿਆਰ ਕਰਨ ਜੋ ਤਾਜੀ ਪਰੋਸੀ, ਵੇਚਣ ਦੀ ਸੰਭਾਵਨਾ ਹੋਵੇ ਅਤੇ ਭੋਜਨ ਨੂੰ ਸੁਰੱਖਿਅਤ ਰੱਖਣ ਲਈ 5 ਡਿਗਰੀ ਤੋਂ ਘੱਟ ਜਾਂ 65 ਡਿਗਰੀ ਤੋਂ ਵੱਧ ਰੱਖਣ ਅਤੇ ਖਾਣਾ ਪਕਾਉਣ ਵਾਲੇ ਤੇਲ ਨੂੰ ਦੁਬਾਰਾ ਵਰਤਣ ਤੋਂ ਬਚਣ ਲਈ ਐੱਫਬੀਓਜ਼ ਨੂੰ ਐੱਫਐੱਸਐੱਸਏਆਈ ਰਜਿਸਟ੍ਰੇਸ਼ਨ, ਲਾਈਸੈਂਸ ਬਣਾਉਣ ਅਤੇ ਮਿਆਦ ਪੁੱਗਣ ਦੀ ਸੂਰਤ ਵਿਚ ਨਵੀਨੀਕਰਨ ਕਰਵਾਉਣ ਲਈ ਕਿਹਾ।
ਉਨ੍ਹਾਂ ਕਿਹਾ ਕਿ ਇਹ ਮੁਹਿੰਮ ਜਾਰੀ ਰਹੇਗੀ ਅਤੇ ਆਮ ਲੋਕਾਂ ਨੂੰ ਸੁਰੱਖਿਅਤ, ਗੁਣਵੱਤਾ ਅਤੇ ਸ਼ੁੱਧ ਭੋਜਨ ਪਦਾਰਥਾਂ ਦੀ ਉਪਲਬੱਧਤਾ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਵਿਚ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਭਵਿੱਖ ਵਿਚ ਅਚਨਚੇਤ ਜਾਂਚ ਕੀਤੀ ਜਾਵੇਗੀ।