ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਸਬੰਧੀ ਸਜਾਇਆ ਮਹਾਨ ਨਗਰ ਕੀਰਤਨ
ਨਗਰ ਕੀਰਤਨ ਦੌਰਾਨ ਸਿੱਖੀ ਬਾਣੇ ਵਿਚ ਸਜੇ ਵੱਡੀ ਗਿਣਤੀ ਨੌਜਵਾਨਾਂ ਨੇ ਸਿੱਖ ਮਾਰਸ਼ਲ ਆਰਟ ਗੱਤਕੇ ਦੇ ਜਿੱਥੇ ਜੌਹਰ ਦਿਖਾਏ।
Publish Date: Sat, 31 Jan 2026 07:35 PM (IST)
Updated Date: Sun, 01 Feb 2026 04:14 AM (IST)

ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਤਰਨਤਾਰਨ : ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿਚ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਹੇਠ ਪਿੰਡ ਜੋਧਪੁਰ ਮੋੜ ਤੋਂ ਸਜਾਇਆ ਗਿਆ। ਇਸ ਨਗਰ ਕੀਰਤਨ ਵਿਚ ਇਲਾਕੇ ਭਰ ਦੀ ਵੱਡੀ ਗਿਣਤੀ ਸੰਗਤ ਨੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਹਾਜਰੀ ਭਰੀ। ਜਦੋਂਕਿ ਸ਼ਬਦੀ ਜੱਥਿਆਂ ਨੇ ਸਮੁੱਚੇ ਮਾਰਗ ਵਿਚ ਕੀਰਤਨ ਰਾਂਹੀ ਸੰਗਤ ਨੂੰ ਹਰ ਜਸ ਸਰਵਣ ਕਰਵਾਇਆ। ਨਗਰ ਕੀਰਤਨ ਦੌਰਾਨ ਸਿੱਖੀ ਬਾਣੇ ਵਿਚ ਸਜੇ ਵੱਡੀ ਗਿਣਤੀ ਨੌਜਵਾਨਾਂ ਨੇ ਸਿੱਖ ਮਾਰਸ਼ਲ ਆਰਟ ਗੱਤਕੇ ਦੇ ਜਿੱਥੇ ਜੌਹਰ ਦਿਖਾਏ। ਉਥੇ ਹੀ ਫੁੱਲਾਂ ਨਾਲ ਸਜਾਏ ਗਏ ਵਿਸ਼ੇਸ਼ ਵਾਹਨ ਵਿਚ ਬਿਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸੰਗਤ ਨੇ ਸੀਸ ਨਿਵਾ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਨਗਰ ਕੀਰਤਨ ਦੀ ਆਰੰਭਤਾ ਮੌਕੇ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਮੁਖੀ ਦਸ਼ਮੇਸ਼ ਤਰਨਾ ਦਲ, ਸੰਤ ਬਾਬਾ ਸੁੱਖਾ ਸਿੰਘ ਜੀ ਸਰਹਾਲੀ ਸਾਹਿਬ ਵਾਲਿਆਂ ਵੱਲੋਂ ਗਿਆਨੀ ਤਰਲੋਕ ਸਿੰਘ ਕਥਾ ਵਾਚਕ ਜਿਥੇ ਉਚੇਚੇ ਤੌਰ ’ਤੇ ਪਹੁੰਚੇ। ਉਥੇ ਹੀ ਭਾਈ ਨਿਰਮਲ ਸਿੰਘ ਢੋਟੀਆਂ ਨੇ ਪਾਲਕੀ ਸਾਹਿਬ ਦੀ ਸੇਵਾ ਨਿਭਾਈ ਅਤੇ ਬਾਬਾ ਸੁਰਜੀਤ ਸਿੰਘ ਕੱਲ੍ਹਾ, ਦਲਬੀਰ ਸਿੰਘ ਫੌਜੀ ਜਲੰਧਰ ਤੇ ਮੁਖਤਾਰ ਸਿੰਘ ਉਸਮੀ ਵੀ ਮੌਜੂਦ ਰਹੇ। ਇਸ ਮੌਕੇ ਜਾਣਕਾਰੀ ਦਿੰਦਿਆਂ ਗੁਰੂ ਗੋਬਿੰਦ ਸਿੰਘ ਗੱਤਕਾ ਸਪੋਰਟਸ ਕਲੱਬ ਦੇ ਮੁੱਖ ਸੇਵਾਦਾਰ ਭਾਈ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਇਹ ਨਗਰ ਕੀਰਤਨ ਜੋਧਪੁਰ ਮੋੜ ਤੋਂ ਆਰੰਭ ਹੋ ਕੇ ਚਾਰ ਖੰਬਾ ਚੌਂਕ, ਬੋਹੜੀ ਵਾਲਾ ਚੌਕ, ਗੁਰਦੁਆਰਾ ਸ੍ਰੀ ਲਕੀਰ ਸਾਹਿਬ, ਝਬਾਲ ਬਾਈਪਾਸ, ਪਿੰਡ ਦਬੁਰਜੀ, ਗੋਹਲਵੜ, ਬਾਲਾਚੱਕ, ਚੱਬਾ, ਗੁਰਦੁਆਰਾ ਬਾਬਾ ਨੌਧ ਸਿੰਘ ਜੀ, ਗੁਰਦੁਆਰਾ ਟਾਹਲਾ ਸਾਹਿਬ, ਗੁਰੂਵਾਲੀ, ਮਾਤਾ ਕੌਲਾਂ ਜੀ ਭਲਾਈ ਕੇਂਦਰ, ਡੇਰਾ ਕਾਰ ਸੇਵਾ ਭੂਰੀ ਵਾਲੇ, ਚਾਟੀਵੰਡ ਚੌਂਕ ਤੋਂ ਹੁੰਦਾ ਹੋਇਆ ਗੁਰਦੁਆਰਾ ਸੀਸ ਗੰਜ ਸਾਹਿਬ ਅੰਮ੍ਰਿਤਸਰ ਪੁੱਜਾ। ਉਨ੍ਹਾਂ ਦੱਸਿਆ ਕਿ ਵੱਖ ਵੱਖ ਪੜਾਵਾਂ ’ਤੇ ਸੰਗਤ ਵੱਲੋਂ ਨਗਰ ਕੀਰਤਨ ਦਾ ਨਿੱਘਾ ਸਵਾਗਤ ਕਰਦਿਆਂ ਗੁਰੂ ਸਾਹਿਬ ਉੱਪਰ ਫੁੱਲਾਂ ਦੀ ਵਰਖਾ ਕੀਤੀ ਗਈ। ਜਦੋਂਕਿ ਨਗਰ ਕੀਰਤਨ ਦੌਰਾਨ ਸ਼ਹੀਦ ਬਾਬਾ ਜੀਵਨ ਸਿੰਘ ਜੀ ਸਤਿਸੰਗ ਸਬਾ ਢੋਟੀਆਂ ਦੇ ਜੱਥੇ ਨੇ ਜਿੱਥੇ ਸਤਿਸੰਗ ਕੀਤਾ। ਉਥੇ ਹੀ ਭਾਈ ਸੁਖਦੇਵ ਸਿੰਘ ਸ਼ੇਖਚੱਕ ਵਾਲਿਆਂ ਵੱਲੋਂ ਪੰਜ ਪਿਆਰੇ ਸਾਹਿਬਾਨ ਦੀ ਸੇਵਾ ਨਿਭਾਈ ਗਈ। ਟਰੈਫਿਕ ਵਿਵਸਥਾ ਦੀ ਸੇਵਾ ਸਤਨਾਮ ਸਿੰਘ ਸਰਹਾਲੀ ਨੇ ਨਿਭਾਈ ਅਤੇ ਇਸ ਨਗਰ ਕੀਰਤਨ ਦੌਰਾਨ ਗੁਰੂ ਗੋਬਿੰਦ ਸਿੰਘ ਗੱਤਕਾ ਸਪੋਰਟਸ ਕਲੱਬ ਦੇ ਪਰਮਜੀਤ ਸਿੰਘ, ਸਵਿੰਦਰ ਸਿੰਘ ਢੋਟੀਆਂ, ਸਿਮਰਨਪ੍ਰੀਤ ਸਿੰਘ, ਅਕਾਸ਼ਦੀਪ ਸਿੰਘ, ਗੁਰਪ੍ਰੀਤ ਸਿੰਘ, ਜਸਕਰਨ ਸਿੰਘ, ਜਸਪਾਲ ਸਿੰਘ, ਗੁਰਲਾਲ ਸਿੰਘ, ਕਰਨਬੀਰ ਸਿੰਘ, ਹਰਪ੍ਰੀਤ ਸਿੰਘ ਅਤੇ ਬਿਕਰਮਜੀਤ ਸਿੰਘ ਸਮੇਤ ਹੋਰ ਨੌਜਵਾਨਾਂ ਵੱਲੋਂ ਗੱਤਕੇ ਦੇ ਜੌਹਰ ਦਿਖਾਏ ਗਏ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਤੋਂ ਇਹ ਨਗਰ ਕੀਰਤਨ ਵਾਪਸ ਜੋਧਪੁਰ ਮੋੜ ਵਿਖੇ ਸਮਾਪਤ ਹੋਇਆ।