ਦਸ ਰੋਜ਼ਾ ਗੁਰਮਤਿ ਸਮਾਗਮਾਂ ਦੇ 9ਵੇਂ ਦਿਨ ਬੁੱਧਵਾਰ ਨੂੰ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਦੀਵਾਨ ਹਾਲ ’ਚ ਮਹਾਨ ਗੁਰਮਤਿ ਸਮਾਗਮ ਕਰਵਾਇਆ

ਜਸਪਾਲ ਸਿੰਘ ਜੱਸੀ,•ਪੰਜਾਬੀ ਜਾਗਰਣ, ਤਰਨਤਾਰਨ : ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ 463ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਗੁਰੂ ਅਰਜਨ ਦੇਵ ਜੀ ਕੀਰਤਨ ਦਰਬਾਰ ਸਭਾ ਵੱਲੋਂ ਸੰਗਤ ਦੇ ਸਹਿਯੋਗ ਨਾਲ ਸ਼ਹਿਰ ਦੇ ਵੱਖ-ਵੱਖ ਗੁਰੂ ਘਰਾਂ ’ਚ ਕਰਵਾਏ ਜਾ ਰਹੇ ਦਸ ਰੋਜ਼ਾ ਗੁਰਮਤਿ ਸਮਾਗਮਾਂ ਦੇ 9ਵੇਂ ਦਿਨ ਬੁੱਧਵਾਰ ਨੂੰ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਦੀਵਾਨ ਹਾਲ ’ਚ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ।
ਇਸ ਦੌਰਾਨ ਵੱਡੀ ਗਿਣਤੀ ਸੰਗਤ ਨੇ ਸ਼ਾਮ 5 ਤੋਂ ਰਾਤ ਸਾਢੇ 12 ਵਜੇ ਤਕ ਮਨ ਬਿਰਤੀ ਇਕਾਗਰ ਕਰ ਕੇ ਗੁਰਬਾਣੀ ਕੀਰਤਨ ਸਰਵਣ ਕੀਤਾ। ਜਦੋਂਕਿ ਵੱਖ-ਵੱਖ ਜਥਿਆਂ ਨੇ ਗੁਰਬਾਣੀ ਦੀ ਛਹਿਬਰ ਲਾ ਕੇ ਸੰਗਤ ਨੂੰ ਸ਼ਬਦ ਗੁਰੂ ਨਾਲ ਜੋੜਿਆ। ਦੱਸ ਦਈਏ ਕਿ ਪਹਿਲੇ ਸੱਤ ਦਿਨ ਤਰਨਤਾਰਨ ਸ਼ਹਿਰ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ’ਚ ਚੱਲੀ ਸਮਾਗਮਾਂ ਦੀ ਲੜੀ ਤਹਿਤ ਤਿੰਨ ਦੇ ਗੁਰਮਤਿ ਸਮਾਗਮ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਦੀਵਾਨ ਹਾਲ ’ਚ ਮੰਗਲਵਾਰ ਤੋਂ ਆਰੰਭ ਹੋਏ ਹਨ। 9ਵੇਂ ਦਿਨ ਬੁੱਧਵਾਰ ਨੂੰ ਕਰਵਾਏ ਗਏ ਸਮਾਗਮ ਮੌਕੇ ਬਾਬਾ ਬੁੱਢਾ ਸਾਹਿਬ ਜੀ ਕੀਰਤਨੀ ਜਥਾ ਬੀਬੀਆਂ, ਬੀਬੀ ਸੁਪ੍ਰੀਤ ਕੌਰ ਤੇ ਅਰਸ਼ਪ੍ਰੀਤ ਕੌਰ ਸ਼ੇਰੋਂ ਵਾਲਿਆਂ ਦਾ ਜਥਾ, ਭਾਈ ਅੰਮ੍ਰਿਤਪਾਲ ਸਿੰਘ ਹਜੂਰੀ ਰਾਗੀ, ਭਾਈ ਹਰਭਿੰਦਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਤਰਨਤਾਰਨ, ਭਾਈ ਸਤਨਾਮ ਸਿੰਘ ਹਜ਼ੂਰੀ ਰਾਗੀ ਅੰਮ੍ਰਿਤਸਰ, ਭਾਈ ਸੰਦੀਪ ਸਿੰਘ ਹਜ਼ੂਰੀ ਰਾਗੀ ਅੰਮ੍ਰਿਤਸਰ, ਭਾਈ ਸੁਖਵੰਤ ਸਿੰਘ, ਭਾਈ ਜਸਪਾਲ ਸਿੰਘ ਜਵੱਦੀ ਟਕਸਾਲ ਵਾਲੇ, ਭਾਈ ਦਵਿੰਦਰ ਸਿੰਘ ਬਟਾਲਾ ਅਤੇ ਭਾਈ ਬੱਲਪ੍ਰੀਤ ਸਿੰਘ ਲੁਧਿਆਣੇ ਵਾਲਿਆਂ ਨੇ ਸੰਗਤ ਨੂੰ ਹਰਿ ਜਸ ਸਰਵਣ ਕਰਵਾਇਆ।
ਇਸ ਮੌਕੇ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਮੈਨੇਜਰ ਹਰਜਿੰਦਰ ਸਿੰਘ ਪੱਟੀ, ਗਿਆਨੀ ਸਤਪਾਲ ਸਿੰਘ ਹੈੱਡ ਗ੍ਰੰਥੀ, ਮੀਤ ਮੈਨੇਜਜ ਭਗਵੰਤ ਸਿੰਘ, ਗੁਰਪ੍ਰੀਤ ਸਿੰਘ, ਦਿਲਬਾਗ ਸਿੰਘ, ਰਣਜੀਤ ਸਿੰਘ ਜੰਡੋਕੇ, ਮਨਪ੍ਰੀਤ ਕੌਰ, ਗਿਆਨੀ ਅਰਜਨ ਸਿੰਘ, ਗਿਆਨੀ ਸਤਨਾਮ ਸਿੰਘ, ਗਿਆਨੀ ਹੀਰਾ ਸਿੰਘ ਕਥਾ ਗ੍ਰੰਥੀ ਸਮੇਤ ਹੋਰ ਸ਼ਖ਼ਸੀਅਤਾਂ ਨੇ ਸਮਾਗਮਾਂ ਦੀ ਸਫਲਤਾ ਵਾਸਤੇ ਸ਼ਰਧਾ ਪੂਰਵਕ ਸੇਵਾ ਵੀ ਨਿਭਾਈ।
ਇਸ ਮੌਕੇ ਲੰਗਰ ਹਾਲ ’ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੌਜਵਾਨ ਸਭਾ ਨੂਰਦੀ ਅੱਡਾ ਵੱਲੋਂ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਉਥੇ ਹੀ ਸ੍ਰੀ ਦਰਬਾਰ ਸਾਹਿਬ ਦੀਆਂ ਸਮੁੱਚੀ ਇਮਾਰਤਾਂ ਤੇ ਪ੍ਰਕਰਮਾ ਨੂੰ ਰੰਗ-ਬਿਰੰਗੀਆਂ ਰੌਸ਼ਨੀਆਂ ਨਾਲ ਰੁਸ਼ਨਾਇਆ ਗਿਆ। ਸਮਾਗਮ ਦੀ ਸਮਾਪਤੀ ਸਮੇਂ ਗੁਰੂ ਸਾਹਿਬ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਮਠਿਆਈਆਂ ਦੇ ਪ੍ਰਸ਼ਾਦ ਵੰਡੇ ਗਏ। ਜਦੋਂਕਿ ਅਲੌਕਿਕ ਆਤਿਸ਼ਬਾਜ਼ੀ ਵੀ ਕੀਤੀ ਗਈ।
====
ਅੱਜ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਨਾਲ ਆਰੰਭ ਹੋਣਗੇ ਦਸਵੇਂ ਦਿਨ ਮੁੱਖ ਸਮਾਗਮ
ਸ੍ਰੀ ਗੁਰੂ ਅਰਜਨ ਦੇਵ ਜੀ ਕੀਰਤਨ ਦਰਬਾਰ ਸਭਾ ਦੇ ਸੇਵਾਦਾਰਾਂ ਨੇ ਦੱਸਿਆ ਕਿ ਅੱਜ 9 ਅਪ੍ਰੈਲ ਨੂੰ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਦੀਵਾਨ ਹਾਲ ’ਚ ਦਸਵੇਂ ਦਿਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੁੱਖ ਸਮਾਗਮ ਸਮਾਗਮ ਹੋਣਗੇ। ਸਵੇਰੇ ਸਾਢੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਸੰਗਤ ਵੱਲੋਂ ਮਿਲ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਜਾਣਗੇ। ਉਪਰੰਤ ਸਾਢੇ 11 ਤੋਂ ਦੁਪਹਿਰ ਸਵਾ 2 ਵਜੇ ਤਕ ਸ੍ਰੀ ਚੌਕੀ ਸਾਹਿਬ ਸ਼ਬਦੀ ਜਥਾ ਸ੍ਰੀ ਦਰਬਾਰ ਸਾਹਿਬ ਤਰਨਤਾਰਨ, ਭਾਈ ਅਮਨਦੀਪ ਸਿੰਘ ਰਬਾਬੀ, ਭਾਈ ਅਮਰਜੀਤ ਸਿੰਘ, ਭਾਈ ਲਵਦੀਪ ਸਿੰਘ ਤੇ ਭਾਈ ਗੁਰਪਾਲ ਸਿੰਘ ਰਬਾਬੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸੰਗਤ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾ ਕੇ ਨਿਹਾਲ ਕਰਨਗੇ।
ਇਸੇ ਤਰ੍ਹਾਂ ਸ਼ਾਮ 5 ਤੋਂ ਰਾਤ 12 ਵਜੇ ਤਕ ਹੋਣ ਵਾਲੇ ਸਮਾਗਮ ’ਚ ਸ੍ਰੀ ਗੁਰੂ ਅਰਜਨ ਦੇਵ ਜੀ ਕੀਰਤਨੀ ਜਥਾ ਬੀਬੀਆਂ, ਭਾਈ ਸੰਦੀਪ ਸਿੰਘ, ਭਾਈ ਗੁਰਦਾਸ ਸਿੰਘ ਤਰਨਤਾਰਨ, ਗਿਆਨੀ ਸਤਪਾਲ ਸਿੰਘ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਤਰਨਤਾਰਨ, ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਕਥਾ ਵਾਚਕ, ਭਾਈ ਸ਼ੌਕੀਨ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਬੀਬੀ ਜਸਪ੍ਰੀਤ ਕੌਰ ਪਟਿਆਲੇ ਵਾਲੇ, ਭਾਈ ਮਹਿਤਾਬ ਸਿੰਘ ਜਲੰਧਰ ਵਾਲੇ ਤੇ ਭਾਈ ਜਸਕਰਨ ਸਿੰਘ ਕਥਾ ਕੀਰਤਨ ਰਾਹੀਂ ਸੰਗਤ ਨੂੰ ਸ਼ਬਦ ਗੁਰੂ ਨਾਲ ਜੋੜਨਗੇ।