ਨਵੇਂ ਸਾਲ ਤੇ ਚੇਤ ਮਹੀਨੇ ਦੀ ਸੰਗਰਾਂਦ ’ਤੇ ਸ੍ਰੀ ਦਰਬਾਰ ਸਾਹਿਬ ’ਚ ਆਇਆ ਸੰਗਤ ਦਾ ਹੜ੍ਹ
ਨਵੇਂ ਸਾਲ ਤੇ ਚੇਤ ਮਹੀਨੇ ਦੀ ਸੰਗਰਾਂਦ ’ਤੇ ਸ੍ਰੀ ਦਰਬਾਰ ਸਾਹਿਬ ’ਚ ਆਇਆ ਸੰਗਤ ਦਾ ਹੜ੍ਹ
Publish Date: Sat, 14 Mar 2026 04:38 PM (IST)
Updated Date: Sun, 15 Mar 2026 04:01 AM (IST)
ਜਸਪਾਲ ਸਿੰਘ ਜੱਸੀ,•ਪੰਜਾਬੀ ਜਾਗਰਣ, ਤਰਨਤਾਰਨ : ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਜਿਥੇ ਚੇਤ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ, ਉੱਥੇ ਹੀ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਗੁਰੂ ਘਰ ਵਿਚ ਲੱਖਾਂ ਦੀ ਗਿਣਤੀ ’ਚ ਸੰਗਤ ਨੇ ਪਹੁੰਚ ਕੇ ਜਿੱਥੇ ਪਵਿੱਤਰ ਸਰੋਵਰ ’ਚ ਇਸ਼ਨਾਨ ਕੀਤਾ। ਉਥੇ ਹੀ ਕਹਾੜ ਪ੍ਰਸ਼ਾਦ ਦੀ ਦੇਗ ਕਰਵਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਸੀਸ ਨਿਵਾਂ ਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਜਦੋਂਕਿ ਮਨਬਿਰਤੀ ਇਕਾਗਰ ਕਰ ਕੇ ਇਲਾਹੀ ਬਾਣੀ ਦਾ ਕੀਰਤਨ ਵੀ ਸਰਵਣ ਕੀਤਾ। ਸਾਰਾ ਦਿਨ ਹਜੂਰੀ ਰਾਗੀ ਜਥਿਆਂ ਵੱਲੋਂ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ ਗਿਆ।
ਸੰਗਰਾਂਦ ਤੇ ਨਵੇਂ ਸਾਲ ਦਾ ਦਿਹਾੜਾ ਹੋਣ ਕਰਕੇ ਸ਼ਨਿਚਰਵਾਰ ਸਵੇਰੇ ਤੜਕੇ ਤੋਂ ਹੀ ਸੰਗਤ ਸ੍ਰੀ ਦਰਬਾਰ ਸਾਹਿਬ ਪਹੁੰਚਣੀ ਸ਼ੁਰੂ ਹੋ ਗਈ। ਸਾਰਾ ਦਿਨ ਗੁਰੂ ਘਰ ’ਚ ਸ਼ਰਧਾਲੂਆਂ ਦੀ ਆਮਦ ਹੁੰਦੀ ਰਹੀ। ਸੰਗਤ ਨੇ ਜਿੱਥੇ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਈ, ਉੱਥੇ ਹੀ ਗੁਰੂ ਸਾਹਿਬ ਅੱਗੇ ਨਤਮਸਤਕ ਹੋਏ ਅਰਦਾਸ ਬੇਨਤੀ ਵੀ ਕੀਤੀ।
ਦੱਸ ਦਈਏ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਚੌਦਸ, ਮੱਸਿਆ ਤੇ ਸੰਗਰਾਂਦ ਦੇ ਦਿਹਾੜਿਆਂ ਤੋਂ ਇਲਾਵਾ ਸਿੱਖ ਇਤਿਹਾਸ ਨਾਲ ਸਬੰਧਤ ਦਿਹਾੜਿਆਂ ’ਤੇ ਲੱਖਾਂ ਦੀ ਗਿਣਤੀ ’ਚ ਸੰਗਤ ਜੁੜਦੀ ਹੈ। ਸ਼ਨਿਚਰਵਾਰ ਨੂੰ ਵੱਡੀ ਗਿਣਤੀ ਸ਼ਰਧਾਲੂ ਗੁਰੂ ਘਰ ਪੁੱਜੇ ਤੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਸੰਗਤ ਦੀ ਆਮਦ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਗਏ। ਜਦੋਂਕਿ ਲੰਗਰ ਹਾਲ ’ਚ ਗੁਰੂ ਕੇ ਲੰਗਰ ਅਤੁੱਟ ਵਰਤਦੇ ਰਹੇ।
ਉੱਧਰ ਸੰਗਰਾਂਦ ਦੇ ਮੱਦੇਨਜ਼ਰ ਤਰਨਤਾਰਨ ਸ਼ਹਿਰ ਦੇ ਕਈ ਇਲਾਕਿਆਂ ਅਤੇ ਵੱਖ-ਵੱਖ ਪਿੰਡਾਂ ਵਿਚ ਵੀ ਸ਼ਰਧਾਲੂਆਂ ਵੱਲੋਂ ਵੱਖ ਵੱਖ ਪ੍ਰਕਾਰ ਦੇ ਲੰਗਰ ਲਗਾ ਕੇ ਸੰਗਤ ਦੀ ਟਹਿਲ ਸੇਵਾ ਕੀਤੀ ਗਈ। ਮੈਨੇਜਰ ਸ੍ਰੀ ਦਰਬਾਰ ਸਾਹਿਬ ਹਰਜਿੰਦਰ ਸਿੰਘ ਪੱਟੀ ਨੇ ਦੱਸਿਆ ਕਿ ਸੰਗਤ ਦੀ ਆਮਦ ਨੂੰ ਧਿਆਨ ’ਚ ਰੱਖਦਿਆਂ ਜਿੱਥੇ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ. ਉੱਥੇ ਹੀ ਸਮੁੱਚੇ ਸਟਾਫ ਨੇ ਸੰਗਤ ਨੂੰ ਤਹਿ ਦਿਲੋਂ ਜੀ ਆਇਆਂ ਆਖਿਆ।
===
ਅੱਜ ਤੋਂ ਨਿੱਤ ਦੀ ਮਰਿਆਦਾ
ਕਿਵਾੜ ਖੁੱਲ੍ਹਣ ਦਾ ਸਮਾਂ : 3:15 ਵਜੇ ਅੰਮ੍ਰਿਤ ਵੇਲੇ
ਆਰੰਭ ਆਸਾ ਦੀ ਵਾਰ : 4 ਵਜੇ ਅੰਮ੍ਰਿਤ ਵੇਲੇ
ਸਤਿਗੁਰੂ ਜੀ ਦੀ ਸਵਾਰੀ : 4: 45 ਵਜੇ ਅੰਮ੍ਰਿਤ ਵੇਲੇ
ਹੁਕਮ ਸਵੇਰੇ ਪਹਿਲੀ ਵਾਰ : 5 ਵਜੇ ਅੰਮ੍ਰਿਤ ਵੇਲੇ
ਹੁਕਮ ਸਵੇਰੇ ਦੂਜੀ ਵਾਰ : 7 ਵਜੇ ਸਵੇਰੇ
ਆਰੰਭ ਸੋਦਰ ਰਹਿਰਾਸ : 6:45 ਸੰਧਿਆ ਵੇਲੇ
ਹੁਕਮ ਸਮਾਪਤੀ ਵੇਲੇ : 9 ਵਜੇ ਰਾਤ
ਸਤਿਗੁਰੂ ਜੀ ਦੀ ਸਵਾਰੀ 9:15 ਵਜੇ ਰਾਤ
ਸੁੱਖ ਆਸਨ : 9 : 30 ਵਜੇ ਰਾਤ