ਚੰਦ ਮਿੰਟਾਂ ਦੇ ਤੂਫ਼ਾਨ ਨੇ ਪੁਰਾਣੇ ਹਾਈਵੇ ਤੋਂ ਤੋੜ ਦਿੱਤਾ ਮਾਝੇ-ਮਾਲਵੇ ਦਾ ਸੰਪਰਕ
ਚੰਦ ਮਿੰਟਾਂ ਦੇ ਤੂਫਾਨ ਨੇ ਪੁਰਾਣੇ ਹਾਈਵੇ ਤੋਂ ਤੋੜ ਦਿੱਤਾ ਮਾਝੇ-ਮਾਲਵੇ ਦਾ ਸੰਪਰਕ
Publish Date: Thu, 11 Jun 2026 08:36 PM (IST)
Updated Date: Thu, 11 Jun 2026 08:38 PM (IST)

ਰੁੱਖ ਡਿੱਗਣ ਨਾਲ ਪ੍ਰਭਾਵਿਤ ਹੋਈ ਆਵਾਜਾਈ ਕਿਰਪਾਲ ਸਿੰਘ ਰੰਧਾਵਾ•, ਪੰਜਾਬੀ ਜਾਗਰਣ ਹਰੀਕੇ ਪੱਤਣ : ਉੱਤਰੀ ਭਾਰਤ ’ਚ ਕਈ ਦਿਨਾਂ ਤੋਂ ਲਗਾਤਾਰ ਅਸਮਾਨੋਂ ਵਰ੍ਹਦੀ ਅੱਗ ਕਾਰਨ 45 ਡਿਗਰੀ ਤੋਂ ਪਾਰ ਗਏ ਤਾਪਮਾਨ ਨੇ ਆਮ ਜਨਜੀਵਨ ਪ੍ਰਭਾਵਿਤ ਕਰਦਿਆਂ ਲੋਕਾਂ ਨੂੰ ਲੂ ਦੀ ਲਪੇਟ ਵਿਚ ਲਿਆ ਹੋਇਆ ਸੀ। ਪਰ ਵੀਰਵਾਰ ਨੂੰ ਅਚਾਨਕ ਸ਼ਾਮ ਨੂੰ ਭਾਰੀ ਮੀਂਹ ਨਾਲ ਤਾਪਮਾਨ ਵਿਚ ਗਿਰਾਵਟ ਆਈ, ਜਿਸ ਨਾਲ ਲੋਕਾਂ ਨੇ ਗਰਮੀ ਤੋ ਰਾਹਤ ਤਾਂ ਮਹਿਸੂਸ ਕੀਤੀ। ਮੀਂਹ ਤੋਂ ਪਹਿਲਾਂ ਆਏ ਤੇਜ਼ ਤੂਫਾਨ ਦੀ ਭੇਟ ਚੜ੍ਹ ਕੇ ਹੋਏ ਮਾਲੀ ਨੁਕਸਾਨ ਨੇ ਜਨਤਾ ਦੀ ਆਰਥਿਕਤਾ ਨੂੰ ਸੱਟ ਵੀ ਮਾਰੀ। ਹਾਲਾਂਕਿ ਖਬਰ ਲਿਖੇ ਜਾਣ ਤਕ ਕਿਸੇ ਜਾਨੀ ਨੁਕਸਾਨ ਦੀ ਗੱਲ ਸਾਹਮਣੇ ਨਹੀ ਆਈ। ਭਾਰੀ ਤੂਫਾਨ ਦੀ ਲਪੇਟ ਵਿਚ ਆ ਕੇ ਛੋਟੀ ਬਨਸਪਤੀ ਦੇ ਨਾਲ ਨਾਲ ਦਹਾਕਿਆਂ ਪੁਰਾਣੇ ਤੇ 40-50 ਫੁੱਟ ਉੱਚੇ ਦਰਖਤਾਂ ਦੇ ਟੁੱਟਣ ਨਾਲ ਪੁਰਾਣੇ ਹਾਈਵੇ ਤੋਂ ਆਵਾਜਾਈ ਮੁਕੰਮਲ ਠੱਪ ਹੋ ਗਈ ਜਿਸ ਕਾਰਨ ਮਾਝੇ-ਮਾਲਵੇ ਦਾ ਸੰਪਰਕ ਅੰਸ਼ਕ ਤੌਰ ’ਤੇ ਟੁੱਟ ਗਿਆ। ਕੌਮੀ ਸ਼ਾਹ ਮਾਰਗ 54 ’ਤੇ ਜੌਣੇਕੇ ਬਾਈਪਾਸ ਤੇ ਬੰਗਾਲੀ ਵਾਲੇ ਪੁਲ ਤਕ ਡਿੱਗੇ ਦਰਜਨਾਂ ਵੱਡੇ ਦਰੱਖਤਾਂ ਨੂੰ ਪਾਸੇ ਕਰਨ ਲਈ ਜੰਗਲਾਤ ਵਿਭਾਗ ਦੇ ਰੇਂਜ ਅਫਸਰ ਕਮਲਜੀਤ ਸਿੰਘ ਸਿੱਧੂ ਆਪਣੀ ਟੀਮ ਸਮੇਤ ਚਾਰਾਜੋਈ ਕਰਦੇ ਵੇਖੇ ਗਏ। ਲੋਕਾਂ ਦੀ ਸਮੱਸਿਆ ਨੂੰ ਵੇਖਦਿਆਂ ਇੰਨੀ ਜਲਦੀ ਕੀਤੇ ਯਤਨਾਂ ਨੂੰ ਵੇਖ ਕੇ ਰਾਹਗੀਰ ਕਮਲਜੀਤ ਸਿੰਘ ਸਿੱਧੂ ਦੀ ਟੀਮ ਨੂੰ ਦੁਆਵਾਂ ਦਿੰਦੇ ਆਪਣੀ ਮੰਜ਼ਿਲ ਵੱਲ ਰਵਾਨਾ ਹੁੰਦੇ ਗਏ। ਹਰੀਕੇ ਬਾਜ਼ਾਰ ਵਿਚ ਇਮਾਰਤ ’ਤੇ ਡਿੱਗੇ ਭਾਰੀ ਪਿੱਪਲ ਤੋਂ ਹੋਏ ਨੁਕਸਾਨ ਸਬੰਧੀ ਗੁਰਦੀਪ ਬਾਵਾ ਨੇ ਦੱਸਿਆ ਕਿ ਬੇਸ਼ੱਕ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਮਾਰਤ ’ਤੇ ਡਿੱਗੇ ਪਿੱਪਲ ਦੀ ਲਪੇਟ ਵਿਚ ਦੋਪੱਹੀਆ ਵਾਹਨ ਆਉਣ ਨਾਲ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਇਮਾਰਤ ਦਾ ਨੁਕਸਾਨ ਕੀ ਹੋਇਆ ਇਹ ਦਰੱਖ਼ਤ ਹਟਾਉਣ ਤੋਂ ਬਾਅਦ ਪਤਾ ਚੱਲੇਗਾ। ਘਰਾਂ ਦੀ ਛੱਤਾਂ ’ਤੇ ਸਾਮਾਨ, ਦੁਕਾਨਾਂ ਦੇ ਬਾਹਰਲੇ ਛੱਪਰ ਟੀਨਾਂ ਤੇ ਸ਼ੈੱਡ ਤੇਜ਼ ਹਨੇਰੀ ਸਾਹਮਣੇ ਟਿਕ ਨਾ ਸਕੇ। ਹਰੀਕੇ ਅੱਡੇ ’ਤੇ ਤਾਇਨਾਤ ਨਿੱਜੀ ਬੱਸਾਂ ਦੇ ਇੰਚਾਰਜ ਤੇ ਸਹਾਇਕ ਸਾਥੀਆਂ ਨੇ ਮੌਸਮ ਦੇ ਤਕਾਜ਼ੇ ਨਾਲ ਪ੍ਰੇਸ਼ਾਨ ਸਵਾਰੀਆਂ ਦੀ ਪ੍ਰੇਸ਼ਾਨੀ ਨੂੰ ਵੇਖਦਿਆਂ ਬਦਲਵੇਂ ਰੂਟ ਰਸਤੇ ਬੱਸਾਂ ਨੂੰ ਰਵਾਨਾ ਕੀਤਾ। ਦੇਰ ਤਕ ਹਾਈਵੇ ਖੁੱਲ੍ਹਣ ਤੋਂ ਬਾਅਦ ਰਾਹਗੀਰ ਬਾਗੋਬਾਗ ਨਜ਼ਰ ਆਏ। ਉੱਧਰ ਪਾਵਰਕਾਮ ਸੂਤਰਾਂ ਦੀ ਮੰਨੀਏ ਤਾਂ ਤੂਫਾਨ ਦੀ ਭੇਟ ਚੜ੍ਹ ਕੇ ਦਰਜਨਾਂ ਖੰਭੇ, ਤਾਰਾਂ ਟੁੱਟ ਗਈਆਂ ਜਿਸ ਨਾਲ ਬਿਜਲੀ ਸਪਲਾਈ ਵੀ ਬੰਦ ਹੋ ਗਈ। ਤੂਫਾਨ ਨਾਲ ਹੋਏ ਨੁਕਸਾਨ ਦਾ ਦਿੱਤਾ ਜਾਵੇ ਮੁਆਵਜ਼ਾ : ਖਹਿਰਾ ਇਸ ਸਬੰਧੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪੱਟੀ ਜ਼ੋਨ ਆਗੂ ਜਥੇਦਾਰ ਸਵਰਨ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਬੇਸ਼ੱਕ ਗਰਮੀ ਤੋ ਨਿਜਾਤ ਮਹਿਸੂਸ ਹੋਈ ਪਰ ਤੂਫਾਨ ਦੀ ਵਜ੍ਹਾ ਨਾਲ ਹੋਏ ਮਾਲੀ ਨੁਕਸਾਨ ਦੀ ਵਿਸ਼ੇਸ਼ ਰਿਪੋਰਟ ਤਿਆਰ ਕਰਵਾ ਕੇ ਪੀੜਤਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਲਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਨੁਕਸਾਨ ਤੋਂ ਜਾਣੂ ਕਰਵਾਇਆ ਜਾਵੇਗਾ। ਕੈਪਸ਼ਨ- ਹਰੀਕੇ ਬਜਾਰ ਵਿਚ ਗੁਰਦੀਪ ਬਾਵਾ ਦੀ ਇਮਾਰਤ ’ਤੇ ਡਿੱਗਾ ਵਰ੍ਹਿਆਂ ਪੁਰਾਣਾ ਪਿੱਪਲ। ਕੈਪਸ਼ਨ- ਹਰੀਕੇ ਵਿਖੇ ਕਿਸ਼ਤੀਆਂ ਬਣਾਉਣ ਵਾਲੇ ਅਵਤਾਰ ਸਿੰਘ ਦੀ ਦੁਕਾਨ ਦਾ ਡਿੱਗਾ ਸ਼ੈੱਡ। ਕੈਪਸ਼ਨ- ਪੁਰਾਣੇ ਹਾਈਵੇ ’ਤੇ ਦਰਿਆ ਕਿਨਾਰੇ ਬੰਦ ਹੋਈ ਸੜਕ ਜੋ ਮਾਝੇ-ਮਾਲਵੇ ਨੂੰ ਜੋੜਦੀ ਹੈ। ਕੈਪਸ਼ਨ- ਕਿੜੀਆਂ ਪਿੰਡ ਨੂੰ ਜਾਣ ਵਾਲੀ ਸੜਕ ਜੋ ਰੁੱਖ ਡਿੱਗਣ ਕਾਰਨ ਬੰਦ ਹੋ ਗਈ। ਕੈਪਸ਼ਨ- ਹਰੀਕੇ ’ਚ ਦੁਕਾਨ ਦਾ ਬਨੇਰਾ ਡਿੱਗਣ ਕਾਰਨ ਟੁੱਟਾ ਸ਼ੈੱਡ। ਕੈਪਸ਼ਨ- ਹਰੀਕੇ ਹੈੱਡ ਵਰਕਸ ਦੇ ਨਜਦੀਕ ਡਿੱਗੇ ਭਾਰੀ ਟਾਹਣ ਕਾਰਨ ਬੰਦ ਪਈ ਸੜਕ। ਕੈਪਸ਼ਨ- ਜੌਣੇਕੇ ਨਜ਼ਦੀਕ ਪੁਰਾਣੀ ਸੜਕ ’ਤੇ ਡਿੱਗੇ ਰੁੱਖ ਨੇੜਿਓਂ ਮੁਸ਼ਕਿਲ ਨਾਲ ਲੰਘਦੇ ਵਾਹਨ। ਕੈਪਸ਼ਨ- ਜਥੇਦਾਰ ਸਵਰਨ ਸਿੰਘ ਖਹਿਰਾ।