ਦਿਹਾਤੀ ਇਲਾਕੇ ’ਚ ਹਨੇਰੀ ਨੇ ਮਚਾਈ ਤਬਾਹੀ, ਆਰਜ਼ੀ ਦੁਕਾਨਾਂ ਨੂੰ ਪੁੱਜਾ ਭਾਰੀ ਨੁਕਸਾਨ
ਦਿਹਾਤੀ ਇਲਾਕੇ ’ਚ ਹਨੇਰੀ ਨੇ ਮਚਾਈ ਤਬਾਹੀ, ਆਰਜ਼ੀ ਦੁਕਾਨਾਂ ਨੂੰ ਪੁੱਜਾ ਭਾਰੀ ਨੁਕਸਾਨ
Publish Date: Thu, 11 Jun 2026 08:19 PM (IST)
Updated Date: Thu, 11 Jun 2026 08:20 PM (IST)

ਕਈ ਥਾਵਾਂ ’ਤੇ ਸ਼ੈੱਡ ਡਿੱਗੇ, ਫਲਾਂ ਤੇ ਸਬਜ਼ੀਆਂ ਦੀਆਂ ਦੁਕਾਨਾਂ ਦੇ ਫੜ੍ਹ ਉੱਖੜੇ ਸਟਾਫ ਰਿਪੋਰਟਰ•, ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਜ਼ਿਲ੍ਹੇ ਦੇ ਦਿਹਾਤੀ ਇਲਾਕਿਆਂ ਦੇ ਵੱਖ-ਵੱਖ ਕਸਬਿਆਂ ਵਿਚ ਵੀ ਤੇਜ਼ ਹਨੇਰੀ ਅਤੇ ਤੂਫ਼ਾਨ ਨੇ ਕਾਫ਼ੀ ਤਬਾਹੀ ਮਚਾਈ, ਜਿਸ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ। ਅਚਾਨਕ ਚੱਲੀਆਂ ਤੇਜ਼ ਹਵਾਵਾਂ ਨੇ ਕਈ ਆਰਜ਼ੀ ਦੁਕਾਨਾਂ, ਰੇਹੜੀਆਂ ਅਤੇ ਫੜ੍ਹ ਵਾਲੇ ਦੁਕਾਨਦਾਰਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ। ਤੂਫ਼ਾਨ ਦੀ ਰਫ਼ਤਾਰ ਇੰਨੀ ਜ਼ਿਆਦਾ ਸੀ ਕਿ ਕਈ ਥਾਵਾਂ ’ਤੇ ਲੱਗੇ ਸ਼ੈੱਡ ਅਤੇ ਟੀਨਾਂ ਉੱਖੜ ਕੇ ਦੂਰ ਜਾ ਡਿੱਗੇ। ਪ੍ਰਤੱਖਦਰਸ਼ੀਆਂ ਅਨੁਸਾਰ ਸ਼ਾਮ ਸਮੇਂ ਅਚਾਨਕ ਅਸਮਾਨ ’ਤੇ ਕਾਲੇ ਬੱਦਲ ਛਾ ਗਏ ਅਤੇ ਕੁਝ ਹੀ ਮਿੰਟਾਂ ਵਿਚ ਤੇਜ਼ ਹਨੇਰੀ ਨੇ ਤੂਫ਼ਾਨੀ ਰੂਪ ਧਾਰਨ ਕਰ ਲਿਆ। ਬਾਜ਼ਾਰਾਂ ’ਚ ਲੱਗੀਆਂ ਆਰਜ਼ੀ ਦੁਕਾਨਾਂ ਅਤੇ ਫੜ੍ਹਾਂ ਨੂੰ ਆਪਣਾ ਸਾਮਾਨ ਸੰਭਾਲਣ ਦਾ ਮੌਕਾ ਵੀ ਨਹੀਂ ਮਿਲਿਆ। ਕਈ ਫਲਾਂ ਅਤੇ ਸਬਜ਼ੀਆਂ ਵੇਚਣ ਵਾਲੇ ਦੁਕਾਨਦਾਰਾਂ ਦੇ ਫੜ੍ਹ ਉਲਟ ਗਏ, ਜਿਸ ਕਾਰਨ ਉਨ੍ਹਾਂ ਦਾ ਸਾਮਾਨ ਖਿੱਲਰ ਗਿਆ ਅਤੇ ਆਰਥਿਕ ਨੁਕਸਾਨ ਝੱਲਣਾ ਪਿਆ। ਕਸਬਾ ਫਤਿਆਬਾਦ, ਗੋਇੰਦਵਾਲ ਸਾਹਿਬ, ਸ਼ਾਹਬਾਜ਼ਪੁਰ, ਝਬਾਲ ਦੇ ਮੁੱਖ ਬਾਜ਼ਾਰ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿਚ ਕਈ ਥਾਵਾਂ ’ਤੇ ਲੱਗੇ ਲੋਹੇ ਦੇ ਸ਼ੈੱਡ ਅਤੇ ਤਰਪਾਲਾਂ ਤੇਜ਼ ਹਵਾਵਾਂ ਕਾਰਨ ਨੁਕਸਾਨੇ ਗਏ। ਕੁਝ ਥਾਵਾਂ ’ਤੇ ਦਰੱਖਤਾਂ ਦੀਆਂ ਟਾਹਣੀਆਂ ਵੀ ਟੁੱਟ ਕੇ ਸੜਕਾਂ ’ਤੇ ਡਿੱਗ ਪਈਆਂ, ਜਿਸ ਕਾਰਨ ਕੁਝ ਸਮੇਂ ਲਈ ਆਵਾਜਾਈ ਵਿਚ ਰੁਕਾਵਟ ਆਈ। ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ, ਪਰ ਕਈ ਲੋਕਾਂ ਨੂੰ ਆਪਣੀਆਂ ਦੁਕਾਨਾਂ ਅਤੇ ਸਮਾਨ ਨੂੰ ਬਚਾਉਣ ਲਈ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਦੁਕਾਨਦਾਰਾਂ ਨੇ ਦੱਸਿਆ ਕਿ ਉਹ ਪਹਿਲਾਂ ਹੀ ਵਪਾਰ ਵਿਚ ਮੰਦੀ ਨਾਲ ਜੂਝ ਰਹੇ ਹਨ ਅਤੇ ਹੁਣ ਅਚਾਨਕ ਆਈ ਹਨੇਰੀ ਨੇ ਉਨ੍ਹਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਫਲਾਂ ਅਤੇ ਸਬਜ਼ੀਆਂ ਦਾ ਵੱਡੀ ਮਾਤਰਾ ’ਚ ਸਮਾਨ ਖਰਾਬ ਹੋਣ ਕਾਰਨ ਕਈ ਛੋਟੇ ਵਪਾਰੀਆਂ ਨੂੰ ਆਰਥਿਕ ਨੁਕਸਾਨ ਵੀ ਝੱਲਣਾ ਪਵੇਗਾ। ਤੂਫ਼ਾਨ ਤੋਂ ਬਾਅਦ ਹੋਈ ਬਾਰਿਸ਼ ਨੇ ਭਾਵੇਂ ਲੋਕਾਂ ਨੂੰ ਭਿਆਨਕ ਗਰਮੀ ਤੋਂ ਰਾਹਤ ਦਿੱਤੀ, ਪਰ ਹਨੇਰੀ ਕਾਰਨ ਹੋਏ ਨੁਕਸਾਨ ਨੇ ਕਈ ਪਰਿਵਾਰਾਂ ਅਤੇ ਦੁਕਾਨਦਾਰਾਂ ਦੀ ਚਿੰਤਾ ਵਧਾ ਦਿੱਤੀ ਹੈ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਕੁਦਰਤੀ ਆਫ਼ਤ ਕਾਰਨ ਪ੍ਰਭਾਵਿਤ ਹੋਏ ਛੋਟੇ ਦੁਕਾਨਦਾਰਾਂ ਅਤੇ ਰੇਹੜੀ-ਫੜ੍ਹ ਵਾਲਿਆਂ ਦੀਆਂ ਮੁਸ਼ਕਲਾਂ ਦਾ ਜਾਇਜ਼ਾ ਲੈ ਕੇ ਉਨ੍ਹਾਂ ਨੂੰ ਬਣਦੀ ਸਹਾਇਤਾ ਮੁਹੱਈਆ ਕਰਵਾਈ ਜਾਵੇ।