ਕਿਸਾਨਾਂ ਦੇ ਚਿਹਰਿਆਂ ’ਤੇ ਪਰਤੀ ਰੌਣਕ, ਲੋਕਾਂ ਨੇ ਸੁੱਖ ਦਾ ਸਾਹ ਲਿਆ
ਭਾਰੀ ਮੀਂਹ ਨੇ ਦਿਵਾਈ ਗਰਮੀ ਤੋਂ ਰਾਹਤ, ਗਰਜ-ਚਮਕ ਤੇ ਗੜਿਆਂ ਨਾਲ ਬਦਲਿਆ ਮੌਸਮ
Publish Date: Thu, 11 Jun 2026 08:12 PM (IST)
Updated Date: Thu, 11 Jun 2026 08:14 PM (IST)

ਕੇਪੀ ਗਿੱਲ, •ਪੰਜਾਬੀ ਜਾਗਰਣ ਕੈਰੋਂ : ਕਈ ਦਿਨਾਂ ਤੋਂ ਅੱਤ ਦੀ ਗਰਮੀ ਅਤੇ ਤਪਦੀ ਧੁੱਪ ਦੀ ਮਾਰ ਝੱਲ ਰਹੇ ਪੱਟੀ ਇਲਾਕੇ ਦੇ ਲੋਕਾਂ ਨੂੰ ਵੀਰਵਾਰ ਸ਼ਾਮ ਕਰੀਬ 6 ਵਜੇ ਪਏ ਭਾਰੀ ਮੀਂਹ ਨੇ ਵੱਡੀ ਰਾਹਤ ਦਿੱਤੀ। ਸ਼ਾਮ ਸਮੇਂ ਅਚਾਨਕ ਲਹਿੰਦੇ ਪਾਸਿਓਂ ਕਾਲੇ ਬੱਦਲ ਛਾ ਗਏ ਅਤੇ ਕੁਝ ਹੀ ਮਿੰਟਾਂ ਵਿੱਚ ਤੇਜ਼ ਗਰਜ-ਚਮਕ, ਹਨੇਰੀ ਅਤੇ ਗੜਿਆਂ ਦੇ ਨਾਲ ਮੀਂਹ ਸ਼ੁਰੂ ਹੋ ਗਿਆ। ਮੌਸਮ ਨੇ ਅਜਿਹਾ ਰੁਖ ਬਦਲਿਆ ਕਿ ਦਿਨ ਵੇਲੇ ਹੀ ਹਨੇਰਾ ਛਾ ਗਿਆ ਅਤੇ ਲੋਕਾਂ ਨੂੰ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਸਫ਼ਰ ਕਰਨਾ ਪਿਆ। ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ਲਗਾਤਾਰ ਵਧਣ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਸੀ। ਕਿਸਾਨ, ਮਜ਼ਦੂਰ, ਰਿਕਸ਼ਾ ਚਾਲਕ, ਰੇਹੜੀ ਵਾਲੇ ਅਤੇ ਦਿਹਾੜੀਦਾਰ ਲੋਕ ਅੱਤ ਦੀ ਗਰਮੀ ਕਾਰਨ ਪ੍ਰੇਸ਼ਾਨ ਸਨ। ਮੀਂਹ ਪੈਣ ਨਾਲ ਨਾ ਸਿਰਫ਼ ਮੌਸਮ ਸੁਹਾਵਣਾ ਹੋ ਗਿਆ, ਸਗੋਂ ਲੋਕਾਂ ਨੇ ਵੀ ਗਰਮੀ ਤੋਂ ਵੱਡੀ ਰਾਹਤ ਮਹਿਸੂਸ ਕੀਤੀ। ਇਸ ਮੀਂਹ ਨੇ ਕਿਸਾਨਾਂ ਦੇ ਚਿਹਰਿਆਂ ਤੇ ਵੀ ਮੁਸਕਾਨ ਲਿਆ ਦਿੱਤੀ। ਇਨ੍ਹਾਂ ਦਿਨਾਂ ਝੋਨੇ ਦੀ ਲੁਆਈ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਖੇਤਾਂ ਵਿੱਚ ਕੰਮ ਕਰ ਰਹੇ ਕਿਸਾਨ ਤੇ ਖੇਤ ਮਜ਼ਦੂਰ ਤੇਜ਼ ਗਰਮੀ ਨਾਲ ਜੂਝ ਰਹੇ ਸਨ। ਮੀਂਹ ਕਾਰਨ ਤਾਪਮਾਨ ਵਿੱਚ ਗਿਰਾਵਟ ਆਈ ਹੈ, ਜਿਸ ਨਾਲ ਖੇਤੀਬਾੜੀ ਦੇ ਕੰਮਾਂ ਵਿੱਚ ਕੁਝ ਰਾਹਤ ਮਿਲਣ ਦੀ ਉਮੀਦ ਹੈ। ਹਾਲਾਂਕਿ ਕੁਝ ਥਾਵਾਂ ਤੇ ਤੇਜ਼ ਹਨੇਰੀ ਅਤੇ ਗੜਿਆਂ ਕਾਰਨ ਸਬਜ਼ੀਆਂ ਅਤੇ ਬਾਗਾਂ ਦੀਆਂ ਫ਼ਸਲਾਂ ਨੂੰ ਮਾਮੂਲੀ ਨੁਕਸਾਨ ਹੋਣ ਦੀਆਂ ਵੀ ਖ਼ਬਰਾਂ ਹਨ। ਮੀਂਹ ਸ਼ੁਰੂ ਹੁੰਦੇ ਹੀ ਬੱਚੇ, ਨੌਜਵਾਨ ਅਤੇ ਆਮ ਲੋਕ ਘਰਾਂ ਤੋਂ ਬਾਹਰ ਨਿਕਲ ਆਏ ਅਤੇ ਠੰਢੇ ਮੌਸਮ ਦਾ ਆਨੰਦ ਮਾਣਿਆ। ਮੌਸਮ ਦੇ ਇਸ ਅਚਾਨਕ ਬਦਲਾਅ ਨੇ ਕੁਦਰਤ ਦੀ ਤਾਕਤ ਦਾ ਅਹਿਸਾਸ ਵੀ ਕਰਵਾਇਆ। ਇਕ ਪਾਸੇ ਤੇਜ਼ ਗਰਜ ਅਤੇ ਬਿਜਲੀ ਦੀ ਚਮਕ ਨੇ ਲੋਕਾਂ ਨੂੰ ਘਰਾਂ ਅੰਦਰ ਰਹਿਣ ਲਈ ਮਜਬੂਰ ਕੀਤਾ, ਉੱਥੇ ਹੀ ਦੂਜੇ ਪਾਸੇ ਮੀਂਹ ਦੀਆਂ ਫੁਹਾਰਾਂ ਨੇ ਧਰਤੀ ਦੀ ਤਪਸ਼ ਨੂੰ ਠੰਢਾ ਕਰ ਦਿੱਤਾ। ਰੁੱਖਾਂ, ਬੂਟਿਆਂ ਅਤੇ ਖੇਤਾਂ ਵਿਚ ਹਰਿਆਵਲ ਹੋਰ ਨਿਖਰ ਕੇ ਸਾਹਮਣੇ ਆਈ ਅਤੇ ਪੰਛੀਆਂ ਦੀ ਚਹਿਕ ਵੀ ਸੁਣਨ ਨੂੰ ਮਿਲੀ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇਹ ਮੀਂਹ ਗਰਮੀ ਤੋਂ ਪਰੇਸ਼ਾਨ ਲੋਕਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਕਿਸਾਨਾਂ ਨੇ ਆਸ ਪ੍ਰਗਟਾਈ ਕਿ ਆਉਣ ਵਾਲੇ ਦਿਨਾਂ ਵਿਚ ਵੀ ਮੌਸਮ ਅਨੁਕੂਲ ਰਹੇ ਤਾਂ ਝੋਨੇ ਦੀ ਲੁਆਈ ਅਤੇ ਹੋਰ ਖੇਤੀਬਾੜੀ ਦੇ ਕੰਮ ਸੁਚਾਰੂ ਢੰਗ ਨਾਲ ਚੱਲ ਸਕਣਗੇ।