- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਨੇਰੀ-ਤੂਫ਼ਾਨ ਨੇ ਜਨ ਜੀਵਨ ਕੀਤਾ ਪ੍ਰਭਾਵਿਤ, ਮੋਹਲੇਧਾਰ ਮੀਂਹ ਨੇ ਦਿੱਤੀ ਗਰਮੀ ਤੋਂ ਰਾਹਤ

ਅਸਮਾਨ ’ਤੇ ਆਈਆਂ ਸੰਘਣੀਆਂ ਕਾਲੀਆਂ ਘਟਾਵਾਂ ਨੇ ਚਿੱਟੇ ਦਿਨ ਕਰ ਦਿੱਤਾ ਹਨੇਰਾ
ਤੂਫ਼ਾਨ ਕਾਰਨ ਕਈ ਥਾਵਾਂ ’ਤੇ ਰੁੱਖਾਂ ਦੇ ਟਾਹਣੇ ਡਿੱਗੇ, ਝੋਨੇ ਦੇ ਨੁਕਸਾਨ ਦਾ ਖ਼ਦਸ਼ਾ
ਘਰਾਂ ਦੀਆਂ ਛੱਤਾਂ ਤੋਂ ਉੱਡੀਆਂ ਟੀਨਾਂ, ਧੂੜ ਭਰਿਆ ਹੋਇਆ ਚੌਗਿਰਦਾ
ਜਸਪਾਲ ਸਿੰਘ ਜੱਸੀ, •ਪੰਜਾਬੀ ਜਾਗਰਣ
ਤਰਨਤਾਰਨ : ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਜਿੱਥੇ ਲੋਕ ਬੁਰੀ ਤਰ੍ਹਾਂ ਪ੍ਰੇਸ਼ਾਨ ਸਨ, ਉੱਥੇ ਹੀ ਵੀਰਵਾਰ ਸ਼ਾਮ ਨੂੰ ਅਚਾਨਕ ਬਦਲੇ ਮੌਸਮ ਨੇ ਇਕ ਪਾਸੇ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਦਿੱਤੀ। ਦੂਜੇ ਪਾਸੇ, ਤੇਜ਼ ਹਨੇਰੀ ਅਤੇ ਤੂਫ਼ਾਨ ਕਾਰਨ ਜਨਜੀਵਨ ਵੀ ਪ੍ਰਭਾਵਿਤ ਹੁੰਦਾ ਦਿਖਾਈ ਦਿੱਤਾ। ਸ਼ਾਮ ਸਮੇਂ ਅਚਾਨਕ ਅਸਮਾਨ ’ਤੇ ਸੰਘਣੀਆਂ ਕਾਲੀਆਂ ਘਟਾਵਾਂ ਛਾ ਗਈਆਂ ਅਤੇ ਕੁਝ ਹੀ ਮਿੰਟਾਂ ਵਿੱਚ ਚਿੱਟਾ ਦਿਨ ਹਨੇਰੇ ’ਚ ਤਬਦੀਲ ਹੋ ਗਿਆ। ਇਸ ਕਾਰਨ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਲੋਕ ਆਪਣੀ ਮੰਜ਼ਿਲ ਵੱਲ ਵਧਦੇ ਦਿਖਾਈ ਦਿੱਤੇ। ਹਾਲਾਂਕਿ ਹਨੇਰੀ ਦੀ ਰਫਤਾਰ ਨੇ ਰਾਹਗੀਰਾਂ ਨੂੰ ਰੁਕਣ ਲਈ ਮਜਬੂਤ ਕਰ ਦਿੱਤਾ। ਤੂਫਾਨ ਇੰਨਾ ਤੇਜ਼ ਸੀ ਕਿ ਪੈਦਲ ਚੱਲਣਾ ਤਕ ਮੁਸ਼ਕਲ ਹੋ ਗਿਆ। ਇੰਨਾ ਹੀ ਨਹੀਂ, ਧੂੜ ਭਰੇ ਚੌਗਿਰਦੇ ਦੇ ਚੱਲਦਿਆਂ ਜਿੱਥੇ ਲੋਕ ਪਰੇਸ਼ਾਨ ਦਿਖਾਈ ਦਿੱਤੇ, ਉੱਥੇ ਹੀ ਕਈ ਥਾਵਾਂ ’ਤੇ ਰੁੱਖਾਂ ਦੇ ਟਾਹਣੇ ਡਿੱਗਣ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ। ਹਾਲਾਂਕਿ ਕੁਝ ਮਿੰਟਾਂ ਬਾਅਦ ਮੋਹਲੇਧਾਰ ਮੀਂਹ ਸ਼ੁਰੂ ਹੋ ਗਿਆ ਅਤੇ ਹਨੇਰੀ ਕਾਰਨ ਉੱਡ ਰਹੀ ਧੂੜ ਤੋਂ ਲੋਕਾਂ ਨੂੰ ਰਾਹਤ ਮਿਲੀ।
ਦੱਸ ਦਈਏ ਕਿ ਤੇਜ਼ ਹਵਾਵਾਂ ਨਾਲ ਸ਼ੁਰੂ ਹੋਈ ਹਨੇਰੀ ਨੇ ਵੇਖਦਿਆਂ ਹੀ ਵੇਖਦਿਆਂ ਤੂਫ਼ਾਨੀ ਰੂਪ ਧਾਰਨ ਕਰ ਲਿਆ। ਕਈ ਇਲਾਕਿਆਂ ਵਿਚ ਧੂੜ ਦੇ ਗੁਬਾਰ ਅਸਮਾਨ ਤਕ ਉੱਡਦੇ ਦਿਖਾਈ ਦਿੱਤੇ, ਜਿਸ ਕਾਰਨ ਵਾਹਨ ਚਾਲਕਾਂ ਨੂੰ ਲਾਈਟਾਂ ਜਗਾ ਕੇ ਸਫ਼ਰ ਕਰਨਾ ਪਿਆ। ਤੂਫ਼ਾਨ ਦੀ ਤੀਬਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕਈ ਥਾਵਾਂ ’ਤੇ ਘਰਾਂ ਅਤੇ ਦੁਕਾਨਾਂ ਦੀਆਂ ਟੀਨਾਂ ਉੱਡ ਗਈਆਂ, ਜਦੋਂਕਿ ਕੁਝ ਕੱਚੇ ਅਤੇ ਅਸਥਾਈ ਢਾਂਚਿਆਂ ਨੂੰ ਵੀ ਨੁਕਸਾਨ ਪੁੱਜਣ ਦਾ ਵੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।
ਹਨੇਰੀ ਦੇ ਚੱਲਦਿਆਂ ਕਈ ਪਿੰਡਾਂ ਅਤੇ ਸ਼ਹਿਰੀ ਇਲਾਕਿਆਂ ਵਿਚ ਰੁੱਖਾਂ ਦੀਆਂ ਟਾਹਣੀਆਂ ਟੁੱਟ ਗਈਆਂ। ਬਿਜਲੀ ਦੀਆਂ ਤਾਰਾਂ ’ਤੇ ਦਰੱਖਤਾਂ ਦੀਆਂ ਟਾਹਣੀਆਂ ਡਿੱਗਣ ਕਾਰਨ ਕਈ ਇਲਾਕਿਆਂ ਵਿਚ ਬਿਜਲੀ ਸਪਲਾਈ ਵੀ ਠੱਪ ਹੋ ਗਈ। ਬਿਜਲੀ ਵਿਭਾਗ ਦੀਆਂ ਟੀਮਾਂ ਵੱਲੋਂ ਬਿਜਲੀ ਬਹਾਲੀ ਦਾ ਕੰਮ ਮੌਸਮ ਦਰੁਸਤ ਹੁੰਦਿਆਂ ਹੀ ਸ਼ੁਰੂ ਕਰ ਦਿੱਤਾ ਗਿਆ। ਤੂਫ਼ਾਨ ਤੋਂ ਬਾਅਦ ਹੋਈ ਮੋਹਲੇਧਾਰ ਬਾਰਿਸ਼ ਨੇ ਜਿੱਥੇ ਮੌਸਮ ਨੂੰ ਸੁਹਾਵਣਾ ਬਣਾ ਦਿੱਤਾ, ਉੱਥੇ ਹੀ ਲੋਕਾਂ ਨੂੰ 43 ਡਿਗਰੀ ਸੈਲਸੀਅਸ ਤੋਂ ਉੱਪਰ ਚੱਲ ਰਹੇ ਤਾਪਮਾਨ ਤੋਂ ਵੀ ਵੱਡੀ ਰਾਹਤ ਮਿਲੀ। ਮੀਂਹ ਪੈਣ ਨਾਲ ਤਾਪਮਾਨ ਵਿਚ ਕਾਫ਼ੀ ਗਿਰਾਵਟ ਦਰਜ ਕੀਤੀ ਗਈ ਅਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ। ਬੱਚੇ, ਨੌਜਵਾਨ ਅਤੇ ਬਜ਼ੁਰਗ ਘਰਾਂ ਤੋਂ ਬਾਹਰ ਨਿਕਲ ਕੇ ਠੰਢੇ ਮੌਸਮ ਦਾ ਆਨੰਦ ਮਾਣਦੇ ਨਜ਼ਰ ਆਏ।
ਦੂਜੇ ਪਾਸੇ ਕਿਸਾਨਾਂ ਵਿਚ ਤੂਫ਼ਾਨ ਅਤੇ ਤੇਜ਼ ਹਵਾਵਾਂ ਨੂੰ ਲੈ ਕੇ ਚਿੰਤਾ ਵੀ ਦੇਖਣ ਨੂੰ ਮਿਲੀ। ਕਿਸਾਨ ਤਜਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਸਮੇਂ ਖੇਤਾਂ ਵਿਚ ਲਗਾਏ ਗਏ ਝੋਨੇ ਦੀ ਪਨੀਰੀ ਅਤੇ ਹੋਰ ਫ਼ਸਲਾਂ ਉੱਪਰ ਤੇਜ਼ ਹਵਾਵਾਂ ਦਾ ਅਸਰ ਪੈ ਸਕਦਾ ਹੈ। ਤੇਜ਼ ਹਵਾ ਦੇ ਚੱਲਦਿਆਂ ਹਾਲ ਹੀ ਵਿਚ ਲਗਾਏ ਗਏ ਝੋਨੇ ਉੱਪਰ ਜੇਕਰ ਪਾਣੀ ਵਿਚਲੀ ਝੱਗ ਚੜ੍ਹ ਜਾਂਦੀ ਹੈ ਤਾਂ ਉਸ ਦੇ ਪਲਣ ਵਿਚ ਸਮੱਸਿਆ ਬਣ ਜਾਵੇਗੀ। ਹਾਲਾਂਕਿ ਮੀਂਹ ਕਾਰਨ ਖੇਤਾਂ ਵਿੱਚ ਨਮੀ ਵਧਣ ਨਾਲ ਕੁਝ ਫ਼ਸਲਾਂ ਨੂੰ ਫ਼ਾਇਦਾ ਵੀ ਹੋਣ ਦੀ ਸੰਭਾਵਨਾ ਹੈ।
ਸ੍ਰੀ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ’ਚ ਉੱਠੀਆਂ ਉੱਚੀਆਂ ਛੱਲਾਂ
ਵੀਰਵਾਰ ਨੂੰ ਆਏ ਤੂਫਾਨ ਤੇ ਤੇਜ਼ ਹਨੇਰੀ ਦੇ ਚੱਲਦਿਆਂ ਹਰ ਪਾਸੇ ਰੁੱਖ ਆਦਿ ਝੂਲਦੇ ਦਿਖਾਈ ਦਿੱਤੇ। ਨਾਲ ਹੀ ਸ੍ਰੀ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਉੱਪਰੋਂ ਲੰਘਦੇ ਕਾਲੇ ਬੱਦਲ ਜਿੱਥੇ ਅਲੌਕਿਕ ਦ੍ਰਿਸ਼ ਪੇਸ਼ ਕਰ ਰਹੇ ਸਨ, ਉੱਥੇ ਹੀ ਪਵਿੱਤਰ ਸਰੋਵਰ ਦੇ ਜਲ ਵਿਚ ਤੇਜ਼ ਹਵਾਵਾਂ ਦੇ ਚੱਲਦਿਆਂ ਉੱਠਦੀਆਂ ਉੱਚੀਆਂ ਛੱਲਾਂ ਵੀ ਸ਼ਰਧਾਲੂਆਂ ਦੇ ਮਨਾਂ ਨੂੰ ਸਕੂਨ ਦੇ ਰਹੀਆਂ ਹਨ। ਦਿਨ ਭਰ ਗਰਮੀ ਨਾਲ ਜੂਝ ਰਹੇ ਲੋਕਾਂ ਲਈ ਸ਼ਾਮ ਦਾ ਮੀਂਹ ਕਿਸੇ ਵਰਦਾਨ ਤੋਂ ਘੱਟ ਨਹੀਂ ਸੀ, ਪਰ ਤੂਫ਼ਾਨ ਕਾਰਨ ਹੋਏ ਨੁਕਸਾਨ ਨੇ ਲੋਕਾਂ ਦੀਆਂ ਚਿੰਤਾਵਾਂ ਵੀ ਵਧਾ ਦਿੱਤੀਆਂ।