- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਲੰਪਿਅਨ ਪੈਦਾ ਕਰਨ ਵਾਲਾ ਸਭਰਾ ਪਿੰਡ ਦਾ ਖੇਡ ਮੈਦਾਨ ਸਰਕਾਰਾਂ ਹੱਥੋਂ ਹਾਰਿਆ

ਕੰਮ ’ਚ ਬੇਲੋੜੀ ਦੇਰੀ ਕਾਰਨ ਟੈਂਡਰ ਕੀਤੇ ਰੱਦ : ਜ਼ਿਲ੍ਹਾ ਖੇਡ ਅਫ਼ਸਰ
ਕਿਰਪਾਲ ਸਿੰਘ ਰੰਧਾਵਾ, •ਪੰਜਾਬੀ ਜਾਗਰਣ
ਹਰੀਕੇ ਪੱਤਣ : ਇਕ ਪਾਸੇ ਪੰਜਾਬ ਸਰਕਾਰ ਨੇ ਪਹਿਲਕਦਮੀ ਕਰਦਿਆਂ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਗਰਮੀਆਂ ਦੇ ਮੌਸਮ ਵਿਚ ਨਿਰੋਈ ਸਿਹਤ ਨੂੰ ਤਵੱਜੋ ਦੇ ਕੇ ਬੱਚਿਆਂ ਨੂੰ ਖੇਡ ਮੈਦਾਨਾਂ ਨਾਲ ਜੋੜਿਆ ਜਾਵੇ, ਪਰ ਹਾਲਾਤ ਇਹ ਹਨ ਕਿ ਓਲੰਪੀਅਨ ਪੈਦਾ ਕਰਨ ਵਾਲੇ ਖੇਡ ਮੈਦਾਨ ਸਰਕਾਰਾਂ ਹੱਥੋਂ ਹਾਰੇ ਹੋਏ ਦਿਖਾਈ ਦੇ ਰਹੇ ਹਨ। ਅਜਿਹਾ ਹੀ ਖੇਡ ਮੈਦਾਨ ਵਿਧਾਨ ਸਭਾ ਹਲਕਾ ਪੱਟੀ ਦੇ ਵੱਡੀ ਗਿਣਤੀ ਵੋਟ ਬੈਂਕ ਦੀ ਸਮਰੱਥਾ ਵਾਲੇ ਇਤਿਹਾਸਕ ਪਿੰਡ ਸਭਰਾ ਦਾ ਵੀ ਹੈ, ਜਿਸ ਦੇ ਵਿਕਾਸ ਲਈ ਬੇਸ਼ੱਕ ਕਰੋੜਾਂ ਰੁਪਏ ਦੀ ਰਾਸ਼ੀ ਤਾਂ ਮਿਲੀ ਪਰ ਮਿਆਰੀ ਤੇ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਖੇਡ ਮੈਦਾਨ ਅੱਜ ਵੀ ਇਸ ਵੱਡੇ ਪਿੰਡ ਨੂੰ ਨਸੀਬ ਨਹੀਂ ਹੋਇਆ।
7 ਏਕੜ ਦੇ ਕਰੀਬ ਰਕਬੇ ਵਿਚ ਬਣਾਏ ਦੋ ਵੱਖ-ਵੱਖ ਖੇਡ ਮੈਦਾਨਾਂ ਦੀ ਹਾਲਤ ਬੜੀ ਤਰਸਯੋਗ ਬਣੀ ਹੋਈ ਹੈ। ਕਈ ਮਹੀਨਿਆਂ ਤੋਂ ਅੱਧ ਵਿਚਾਲੇ ਲਟਕੇ ਖੇਡ ਮੈਦਾਨ ਮੁਕੰਮਲ ਨਾ ਹੋਣ ਕਾਰਨ ਅਭਿਆਸ ਕਰਨ ਵਾਲੇ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਵਿਚ ਨਿਰਾਸ਼ਾ ਦਾ ਆਲਮ ਪਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਵੱਖ-ਵੱਖ ਸਿਆਸੀ ਧਿਰਾਂ, ਕਿਸਾਨ ਜਥੇਬੰਦੀਆਂ ਅਤੇ ਸਾਬਕਾ ਪਹਿਲਵਾਨਾਂ ਨੇ ਇਕ ਮੰਚ ’ਤੇ ਇਕੱਤਰ ਹੋ ਕੇ ਖੇਡ ਮੈਦਾਨ ਦੀਆਂ ਤਰੁੱਟੀਆਂ ਦੂਰ ਕਰਨ, ਇਸ ਨੂੰ ਤੁਰੰਤ ਮੁਕੰਮਲ ਕਰਨ ਅਤੇ ਇਸ ਦੇ ਫੰਡਾਂ ਦੇ ਕਥਿਤ ਘਪਲੇ ਦੇ ਖਦਸ਼ੇ ਕਾਰਨ ਵਿਜੀਲੈਂਸ ਜਾਂਚ ਦੀ ਮੰਗ ਕੀਤੀ।
ਪ੍ਰਤੱਖ ਤੌਰ ’ਤੇ ਵੇਖੀਏ ਤਾਂ ਬਾਸਕਟਬਾਲ ਦੇ ਕੋਰਟ ਦੀ ਗੁਣਵੱਤਾ ਦਾ ਅੰਦਾਜ਼ਾ ਇਸ ਗੱਲ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਦੋ ਵਾਰ ਪ੍ਰੀਮਿਕਸ ਪਾਉਣ ਦੇ ਬਾਵਜੂਦ ਕੋਰਟ ਦੇ ਭੌਣ ਨਿਕਲਣ ਕਾਰਨ ਕੀੜੀਆਂ ਦਾ ਕਬਜ਼ਾ ਹੈ। ਇਸ ਦੇ ਨਾਲ ਹੀ ਵਾਲੀਬਾਲ ਦੇ ਗੱਡੇ, ਪੋਲਾਂ ਦੀ ਬਰਾਬਰ ਖੜ੍ਹਾ ਘਾਹ ਅਧੂਰੀ ਸਾਫ਼-ਸਫ਼ਾਈ ਦੀ ਬਾਤ ਪਾਉਂਦਾ ਦਿਖਾਈ ਦੇ ਰਿਹਾ ਹੈ। ਇਸ ਤੋਂ ਇਲਾਵਾ ਸਮੁੱਚੇ ਖੇਡ ਮੈਦਾਨ ਵਿਚ ਲਾਈਟਾਂ, ਪਖਾਨੇ, ਪੀਣ ਯੋਗ ਪਾਣੀ ਅਤੇ ਬੈਠਣ ਦਾ ਪ੍ਰਬੰਧ ਨਾ ਹੋਣਾ ਪ੍ਰੇਸ਼ਾਨੀ ਦਾ ਸਬੱਬ ਬਣਦਾ ਹੈ ਕਿਉਂਕਿ ਅਭਿਆਸ ਲਈ ਹਰ ਰੋਜ਼ 60 ਤੋਂ 80 ਬੱਚੇ ਆਉਂਦੇ ਹਨ, ਜਿਨ੍ਹਾਂ ਵਿਚ ਦੋ ਦਰਜਨ ਦੇ ਕਰੀਬ ਲੜਕੀਆਂ ਸ਼ਾਮਲ ਹਨ। ਦੱਸਣਯੋਗ ਹੈ ਕਿ ਪਿੰਡ ਸਭਰਾ ਵਾਸੀਆਂ ਨੇ ਸਾਰੀਆਂ ਸਰਕਾਰੀ ਸਹੂਲਤਾਂ ਥਾਣਾ, ਸਰਕਾਰੀ ਸਕੂਲ, ਪਟਵਾਰਖਾਨਾ, ਹਸਪਤਾਲ, ਡਾਕਖਾਨਾ, ਬੈਂਕ, ਪਸ਼ੂ ਹਸਪਤਾਲ ਆਦਿ ਨੇੜੇ-ਨੇੜੇ ਬਣਾਉਣ ਦੇ ਮੰਤਵ ਨਾਲ 25 ਏਕੜ ਰਕਬਾ ਰਾਖਵੇਂ ਤੌਰ ’ਤੇ ਰੱਖਿਆ ਸੀ, ਜਿਸ ਵਿਚੋਂ ਸੱਤ ਏਕੜ ਵਿਚ ਬਣਿਆ ਖੇਡ ਮੈਦਾਨ ਆਖ਼ਰੀ ਸਾਹਾਂ ’ਤੇ ਦਿਖਾਈ ਦੇ ਰਿਹਾ ਹੈ।
‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਪਹਿਲਵਾਨ ਜਤਿੰਦਰ ਸਿੰਘ ਬੱਗਾ, ਗੁਰਚਰਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਸ਼ਿੰਗਾਰ ਸਿੰਘ, ਕਰਮਜੀਤ ਸਿੰਘ, ਦਿਲਬਾਗ ਸਿੰਘ, ਜਗਤਾਰ ਸਿੰਘ ਨੰਬਰਦਾਰ, ਦਰਸ਼ਨ ਸਿੰਘ, ਅਮਰਿੰਦਰ ਸਿੰਘ, ਮਨਜੀਤ ਸਿੰਘ ਆਦਿ ਨੇ ਕਿਹਾ ਕਿ ਪਿੰਡ ਦੇ ਇਸ ਖੇਡ ਮੈਦਾਨ ਦੀਆਂ ਸਹੂਲਤਾਂ ਦੇ ਪ੍ਰੋਟੋਕਾਲ ਨੂੰ ਲਾਗੂ ਕਰਵਾਉਣ ਲਈ ਖੇਡ ਵਿਭਾਗ ਦੇ ਅਧਿਕਾਰੀਆਂ ਤੱਕ ਪਹੁੰਚ ਵੀ ਬਣਾਈ, ਨਾਲ ਹੀ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਪੱਟੀ ਨੂੰ ਗੁਹਾਰ ਲਗਾ ਕੇ ਮੁਸ਼ਕਲਾਂ ਤੋਂ ਜਾਣੂ ਕਰਵਾਇਆ, ਪਰ ਸਾਰੇ ਅਧਿਕਾਰੀ ਗੋਗਲੂ ਤੋਂ ਮਿੱਟੀ ਝਾੜਦੇ ਨਜ਼ਰ ਆਏ। ਵਾਲੀਬਾਲ ਵਾਂਗ ਇਕ-ਦੂਸਰੇ ’ਤੇ ਮਾਮਲਾ ਸੁੱਟਦੇ ਅਧਿਕਾਰੀ ਨੇੜ ਭਵਿੱਖ ਵਿਚ ਲੋਕਾਂ ਦੀ ਕਲਪਨਾ ਦੇ ਮਿਆਰ ’ਤੇ ਖਰੇ ਉਤਰਦੇ ਹਨ ਜਾਂ ਨਹੀਂ, ਇਸ ਸਵਾਲ ਦਾ ਜਵਾਬ ਭਵਿੱਖ ਦੇ ਗਰਭ ਵਿਚ ਹੈ।
ਮੈਦਾਨ ’ਚੋਂ ਨਿਕਲੇ ਓਲੰਪੀਅਨ ਅੱਜ ਵੀ ਹਨ ਪ੍ਰੇਰਨਾ ਸਰੋਤ
ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜੋਤਾ ਸਿੰਘ ਦੇ ਪਿੰਡ ਸਭਰਾ ਦੇ ਇਸ ਖੇਡ ਮੈਦਾਨ ਵਿਚੋਂ ਓਲੰਪੀਅਨ ਤੇ ਨਾਮੀ ਖਿਡਾਰੀ ਅਤੇ ਖਿਡਾਰਨਾਂ ਵੱਲੋਂ ਮਾਰੀਆਂ ਮੱਲਾਂ ’ਤੇ ਇਲਾਕਾ ਅੱਜ ਵੀ ਫਖਰ ਮਹਿਸੂਸ ਕਰਦਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਓਲੰਪੀਅਨ ਹਰਵੰਤ ਕੌਰ, ਹਾਕੀ ਟੀਮ ਦਾ ਹਿੱਸਾ ਬਣੀ ਕਰਮਨਜੀਤ ਕੌਰ, ਉਲੰਪੀਅਨ ਗੁਰਮੀਤ ਕੌਰ ਅਤੇ ਕੁਲਦੇਵ ਸਿੰਘ ਦੀ ਮਿਹਨਤ ਤੋਂ ਅੱਜ ਦੀ ਪੀੜ੍ਹੀ ਪ੍ਰੇਰਨਾ ਲੈ ਰਹੀ ਹੈ। ਇਸ ਤੋਂ ਇਲਾਵਾ ਇਸੇ ਖੇਡ ਮੈਦਾਨ ’ਚ ਪਸੀਨਾ ਵਹਾ ਕੇ ਖੇਡ ਕੋਟੇ ਰਾਹੀਂ ਦੇਸ਼ ਦੀ ਸੇਵਾ ਕਰਨ ਵਾਲੇ ਨੌਜਵਾਨਾਂ ਦੀ ਲੰਮੀ ਸੂਚੀ ਹੈ।
ਕੀ ਕਹਿੰਦੇ ਹਨ ਜ਼ਿਲ੍ਹਾ ਖੇਡ ਅਫ਼ਸਰ ਸਤਵੰਤ ਕੌਰ
ਇਸ ਸਬੰਧੀ ਜ਼ਿਲ੍ਹਾ ਖੇਡ ਅਫ਼ਸਰ ਸਤਵੰਤ ਕੌਰ ਦਾ ਕਹਿਣਾ ਹੈ ਕਿ ਖੇਡ ਮੈਦਾਨਾਂ ਦੇ ਕੰਮਾਂ ਵਿਚ ਬੇਲੋੜੀ ਦੇਰੀ ਕਾਰਨ ਟੈਂਡਰ ਰੱਦ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਨਵੇਂ ਟੈਂਡਰ ਲਗਾ ਕੇ ਜਲਦੀ ਹੀ ਖੇਡ ਮੈਦਾਨ ਮੁਕੰਮਲ ਕਰ ਦਿੱਤੇ ਜਾਣਗੇ। ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਕਿ ਖਿਡਾਰੀਆਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ
ਕੈਪਸ਼ਨ- ਬਾਸਕਟਬਾਲ ਲਈ ਲੱਗੀ ਬਾਸਕਟ ਦੀ ਖਸਤਾ ਹਾਲਤ।
ਕੈਪਸ਼ਨ- ਮੈਦਾਨ ਵਿਚ ਖੇਡਦੇ ਹੋਏ ਪਿੰਡ ਦੇ ਨੌਜਵਾਨ।
ਕੈਪਸ਼ਨ- ਖੇਡ ਮੈਦਾਨ ਵਿਚ ਉੱਗੀ ਬੂਟੀ ਤੇ ਘਾਹ।
ਕੈਪਸ਼ਨ- ਸਤਵੰਤ ਕੌਰ ਜ਼ਿਲ੍ਹਾ ਖੇਡ ਅਫਸਰ।
ਕੈਪਸ਼ਨ- ਪਿੰਡ ਸਭਰਾ ਦੇ ਖੇਡ ਮੈਦਾਨ ਦੀਆਂ ਤਰੁੱਟੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ।