ਸੈਦਪੁਰ ਪਿੰਡ ’ਚ ਅਕਾਲੀ ਦਲ ਤੇ ਆਪ ਛੱਡ 20 ਆਗੂ ਕਾਂਗਰਸ ’ਚ ਸ਼ਾਮਲ
ਸੈਦਪੁਰ ਪਿੰਡ ’ਚ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਛੱਡ 20 ਆਗੂ ਕਾਂਗਰਸ ’ਚ ਸ਼ਾਮਿਲ
Publish Date: Thu, 11 Jun 2026 07:34 PM (IST)
Updated Date: Thu, 11 Jun 2026 07:35 PM (IST)

ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕੀਤਾ ਨਿੱਘਾ ਸਵਾਗਤ ਕਿਹਾ, ਲੋਕ ਮੁੜ ਕਾਂਗਰਸ ਦੀਆਂ ਨੀਤੀਆਂ ’ਤੇ ਪ੍ਰਗਟਾ ਰਹੇ ਨੇ ਭਰੋਸਾ ਕੇਪੀ ਗਿੱਲ•, ਪੰਜਾਬੀ ਜਾਗਰਣ ਕੈਰੋਂ : ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਸੈਦਪੁਰ ਵਿਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨਾਲ ਸਬੰਧਤ ਕਰੀਬ 20 ਪ੍ਰਮੁੱਖ ਆਗੂਆਂ ਅਤੇ ਪਰਿਵਾਰਾਂ ਨੇ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿਚ ਸ਼ਮੂਲੀਅਤ ਕਰ ਲਈ। ਇਸ ਮੌਕੇ ਪੱਟੀ ਤੋਂ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਨਵੇਂ ਸ਼ਾਮਲ ਹੋਏ ਆਗੂਆਂ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਪਾਰਟੀ ਵਿਚ ਪੂਰਾ ਮਾਣ-ਸਤਿਕਾਰ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਸੰਬੋਧਨ ਕਰਦਿਆਂ ਗਿੱਲ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ ਤੋਂ ਲੋਕ ਨਿਰਾਸ਼ ਹਨ ਅਤੇ ਹੁਣ ਵੱਡੀ ਗਿਣਤੀ ਵਿਚ ਲੋਕ ਕਾਂਗਰਸ ਦੀਆਂ ਲੋਕ ਪੱਖੀ ਨੀਤੀਆਂ ਅਤੇ ਵਿਚਾਰਧਾਰਾ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਹਮੇਸ਼ਾ ਹਰ ਵਰਗ ਦੇ ਹੱਕਾਂ ਦੀ ਆਵਾਜ਼ ਬਣੀ ਹੈ ਅਤੇ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਹਰੇਕ ਵਰਕਰ ਨੂੰ ਬਣਦਾ ਮਾਣ ਅਤੇ ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ, ਨੌਜਵਾਨਾਂ ਦੇ ਭਵਿੱਖ, ਕਿਸਾਨਾਂ ਦੀਆਂ ਸਮੱਸਿਆਵਾਂ ਅਤੇ ਆਮ ਲੋਕਾਂ ਦੇ ਹਿੱਤਾਂ ਲਈ ਕਾਂਗਰਸ ਹਮੇਸ਼ਾ ਸੰਘਰਸ਼ ਕਰਦੀ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਪਾਰਟੀ ਨੂੰ ਹੋਰ ਵੀ ਮਜ਼ਬੂਤੀ ਮਿਲੇਗੀ। ਉਨ੍ਹਾਂ ਪਾਰਟੀ ਵਿਚ ਸ਼ਾਮਿਲ ਹੋਏ ਸਾਰੇ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਆਉਣ ਨਾਲ ਪਿੰਡ ਸੈਦਪੁਰ ਅਤੇ ਸਮੁੱਚੇ ਹਲਕਾ ਪੱਟੀ ਵਿਚ ਕਾਂਗਰਸ ਹੋਰ ਮਜ਼ਬੂਤ ਹੋਵੇਗੀ। ਕਾਂਗਰਸ ਵਿਚ ਸ਼ਾਮਲ ਹੋਣ ਵਾਲਿਆਂ ’ਚ ਸਾਬਕਾ ਸਰਪੰਚ ਬਲਦੇਵ ਸਿੰਘ, ਮੈਂਬਰ ਰਾਜਵਿੰਦਰ ਸਿੰਘ ਰਾਜੂ, ਸੁਖਦੇਵ ਸਿੰਘ ਲਾਡੀ, ਵਜ਼ੀਰ ਸਿੰਘ, ਹਰਭਜਨ ਸਿੰਘ, ਗੁਰਵਿੰਦਰ ਸਿੰਘ, ਗੁਰਦਿਆਲ ਸਿੰਘ, ਰਾਜ ਬਹਾਦਰ ਸਿੰਘ, ਬਲਬੀਰ ਸਿੰਘ, ਸਵਰਨ ਸਿੰਘ, ਸੱਤਾ ਸਿੰਘ, ਜੋਰਾ ਸਿੰਘ, ਬਲਵੰਤ ਸਿੰਘ, ਹਰਜਿੰਦਰ ਸਿੰਘ, ਬਲਵਿੰਦਰ ਕੌਰ, ਸ਼ਿਵਨੰਦ ਸਿੰਘ, ਪ੍ਰਿੰਸ, ਡਾ. ਗੱਗੂ ਗੁਰਬਾਜ ਸਿੰਘ, ਪ੍ਰਮਜੀਤ ਸਿੰਘ ਸਮੇਤ ਹੋਰ ਕਈ ਆਗੂ ਅਤੇ ਸਮਰਥਕ ਸ਼ਾਮਲ ਹਨ। ਸਮਾਗਮ ਦੌਰਾਨ ਨਵੇਂ ਸ਼ਾਮਲ ਹੋਏ ਆਗੂਆਂ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦੀਆਂ ਨੀਤੀਆਂ ਅਤੇ ਹਰਮਿੰਦਰ ਸਿੰਘ ਗਿੱਲ ਦੀ ਕਾਰਜ ਸ਼ੈਲੀ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿਚ ਸ਼ਾਮਿਲ ਹੋਏ ਹਨ ਅਤੇ ਆਉਣ ਵਾਲੇ ਸਮੇਂ ਵਿਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਇਸ ਮੌਕੇ ਸਾਬਕਾ ਸਰਪੰਚ ਹਰਜਿੰਦਰ ਸਿੰਘ ਚੰਬਲ, ਸੀਨੀਅਰ ਕਾਂਗਰਸੀ ਆਗੂ ਰਛਪਾਲ ਸਿੰਘ ਬੋਪਾਰਾਏ, ਗੁਰਵੇਲ ਸਿੰਘ ਲੋਹਾਰੀਆਂ, ਸੁਖਵਿੰਦਰ ਸਿੰਘ ਸਿੱਧੂ ਸੰਗਵਾਂ, ਗੁਰਬਿੰਦਰ ਸਿੰਘ ਸਭਰਾ, ਗੁਰਚਰਨਪ੍ਰੀਤ ਸਿੰਘ ਸਭਰਾ, ਮਨਦੀਪ ਸਿੰਘ ਮੰਨਾ ਆਦਿ ਹਾਜਰ ਸਨ।