ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੀ ਨਵੀਂ ਅਪਡੇਟ ਨਾਲ ਲੋਕਾਂ ਤੇ ਡੀਪੂ ਹੋਲਡਰਾਂ ਦੀਆਂ ਵਧੀਆਂ ਮੁਸ਼ਕਲਾਂ
ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੀ ਨਵੀਂ ਅਪਡੇਟ ਨਾਲ ਲੋਕਾਂ ਤੇ ਡੀਪੂ ਹੋਲਡਰਾਂ ਦੀਆਂ ਵਧੀਆਂ ਮੁਸ਼ਕਿਲਾਂ
Publish Date: Thu, 11 Jun 2026 07:17 PM (IST)
Updated Date: Thu, 11 Jun 2026 07:17 PM (IST)

ਬੱਲੂ ਮਹਿਤਾ, •ਪੰਜਾਬੀ ਜਾਗਰਣ ਪੱਟੀ : ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਮੁਫ਼ਤ ਰਾਸ਼ਨ ਮੁਹੱਈਆ ਕਰਵਾਇਆ ਜਾਂਦਾ ਹੈ। ਪਹਿਲਾਂ ਰਾਸ਼ਨ ਡਿਪੂਆਂ ਨੂੰ ਤਿੰਨ ਮਹੀਨਿਆਂ ਦੀ ਕਣਕ ਇਕੱਠੀ ਜਾਰੀ ਕੀਤੀ ਜਾਂਦੀ ਸੀ ਅਤੇ ਲਾਭਪਾਤਰੀਆਂ ਨੂੰ ਵੀ ਤਿੰਨ ਮਹੀਨਿਆਂ ਦਾ ਰਾਸ਼ਨ ਇੱਕੋ ਵਾਰ ਮਿਲ ਜਾਂਦਾ ਸੀ। ਪਰ ਹੁਣ ਮਹਿਕਮੇ ਵੱਲੋਂ ਕੀਤੀ ਗਈ ਨਵੀਂ ਅਪਡੇਟ ਕਾਰਨ ਸਥਾਨਕ ਲੋਕਾਂ ਅਤੇ ਡੀਪੂ ਹੋਲਡਰਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੇਂ ਵੀ ਡੀਪੂ ਹੋਲਡਰਾਂ ਕੋਲ ਤਿੰਨ ਮਹੀਨਿਆਂ ਦਾ ਰਾਸ਼ਨ ਇੱਕੋ ਵਾਰ ਪਹੁੰਚ ਰਿਹਾ ਹੈ, ਪਰ ਈ-ਪੋਸ ਮਸ਼ੀਨਾਂ ’ਤੇ ਲਾਭਪਾਤਰੀਆਂ ਲਈ ਇਕ ਮਹੀਨੇ ਦੀ ਹੀ ਪਰਚੀ ਨਿਕਲ ਰਹੀ ਹੈ। ਜਿਸ ਕਾਰਨ ਲਾਭਪਾਤਰੀਆਂ ਨੂੰ ਤਿੰਨ ਮਹੀਨਿਆਂ ਦਾ ਰਾਸ਼ਨ ਲੈਣ ਲਈ ਤਿੰਨ ਵਾਰ ਵੱਖ-ਵੱਖ ਪਰਚੀਆਂ ਕਢਵਾਉਣੀਆਂ ਪੈ ਰਹੀਆਂ ਹਨ। ਇਸ ਕਾਰਨ ਲੋਕਾਂ ਨੂੰ ਅਤੇ ਡਿਪੂ ਹੋਲਡਰਾਂ ਨੂੰ ਭਾਰੀ ਮੁਸ਼ਕਲ ਪੇਸ਼ ਆ ਰਹੀ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸੁਰਜੀਤ ਕੌਰ, ਕੰਵਲ ਕੌਰ, ਆਸ਼ਾ ਰਾਣੀ, ਸੁਰਿੰਦਰ ਕੌਰ, ਰਮਨ, ਬਲਵਿੰਦਰ ਕੌਰ, ਸੰਦੀਪ ਅਤੇ ਅਜੇ ਕੁਮਾਰ ਆਦਿ ਲਾਭਪਾਤਰੀਆਂ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਦੀ ਇੱਕੋ ਵਾਰ ਵਿਚ ਤਿੰਨ ਮਹੀਨਿਆਂ ਦੀ ਪਰਚੀ ਨਿਕਲ ਜਾਂਦੀ ਸੀ, ਪਰ ਹੁਣ ਵਾਰ-ਵਾਰ ਪਰਚੀ ਕੱਢਣੀ ਪੈਂਦੀ ਹੈ। ਕਈ ਵਾਰ ਮਸ਼ੀਨ ਨਾਲ ਅੰਗੂਠਾ ਮੈਚ ਸਕੈਨ ਨਹੀਂ ਹੁੰਦਾ, ਜਿਸ ਕਾਰਨ ਉਨ੍ਹਾਂ ਨੂੰ ਅਗਲੇ ਦਿਨ ਦੁਬਾਰਾ ਚੱਕਰ ਕੱਟਣਾ ਪੈਂਦਾ ਹੈ। ਦੂਜੇ ਪਾਸੇ ਡੀਪੂ ਹੋਲਡਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਰਾਸ਼ਨ ਦਾ ਸਟਾਕ ਤਿੰਨ ਮਹੀਨਿਆਂ ਦਾ ਮੌਜੂਦ ਹੈ, ਪਰ ਮਸ਼ੀਨ ਰਾਹੀਂ ਇਕ ਮਹੀਨੇ ਦੀ ਹੀ ਪਰਚੀ ਕੱਢੀ ਜਾਂਦੀ ਹੈ, ਜਿਸ ਕਾਰਨ ਸਮਾਂ ਬਹੁਤ ਜ਼ਿਆਦਾ ਲੱਗਦਾ ਹੈ। ਉਨ੍ਹਾਂ ਦੱਸਿਆ ਕਿ ਲਾਭਪਾਤਰੀਆਂ ਦੀ ਭੀੜ ਨੂੰ ਸੰਭਾਲਣਾ ਵੀ ਮੁਸ਼ਕਲ ਬਣ ਰਿਹਾ ਹੈ। ਡੀਪੂ ਹੋਲਡਰਾਂ ਨੇ ਦੱਸਿਆ ਕਿ ਮਸ਼ੀਨ ਵਿਚ ਆਈ ਇਸ ਨਵੀਂ ਤਕਨੀਕੀ ਅਪਡੇਟ ਬਾਰੇ ਉਨ੍ਹਾਂ ਨੂੰ ਵੀ ਮਹਿਕਮੇ ਵੱਲੋਂ ਕੋਈ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਗਈ। ਲੋਕ ਲਗਾਤਾਰ ਪੁੱਛਗਿੱਛ ਕਰ ਰਹੇ ਹਨ। ਸਥਾਨਕ ਲੋਕਾਂ ਅਤੇ ਡੀਪੂ ਹੋਲਡਰਾਂ ਨੇ ਸਰਕਾਰ ਅਤੇ ਖ਼ੁਰਾਕ ਸਪਲਾਈ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਸ ਸਬੰਧੀ ਤੁਰੰਤ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਜਾਣ। ਜੇਕਰ ਸੰਭਵ ਹੋਵੇ ਤਾਂ ਪਹਿਲਾਂ ਵਾਂਗ ਤਿੰਨ ਮਹੀਨਿਆਂ ਦੀ ਰਾਸ਼ਨ ਪਰਚੀ ਇੱਕੋ ਵਾਰ ਕੱਢਣ ਦੀ ਵਿਵਸਥਾ ਮੁੜ ਲਾਗੂ ਕੀਤੀ ਜਾਵੇ, ਤਾਂ ਜੋ ਆਮ ਲੋਕਾਂ ਨੂੰ ਹੋ ਰਹੀ ਖੱਜਲ-ਖੁਆਰੀ ਤੋਂ ਰਾਹਤ ਮਿਲ ਸਕੇ। ਇਸ ਸਬੰਧੀ ਸਬੰਧਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲਾ ਸਾਡੇ ਧਿਆਨ ਵਿਚ ਹੈ। ਈ-ਪੋਸ ਮਸ਼ੀਨਾਂ ਵਿਚ ਇਹ ਨਵੀਂ ਅਪਡੇਟ ਕੇਂਦਰ ਸਰਕਾਰ ਦੇ ਨਿਯਮਾਂ ਅਧੀਨ ਅਤੇ ਰਾਸ਼ਨ ਵੰਡ ਪ੍ਰਣਾਲੀ ਵਿਚ ਪਾਰਦਰਸ਼ਤਾ ਵਧਾਉਣ ਲਈ ਕੀਤੀ ਗਈ ਹੈ, ਤਾਂ ਜੋ ਸਿਸਟਮ ਵਧੇਰੇ ਸੁਰੱਖਿਅਤ ਰਹੇ। ਕਣਕ ਦਾ ਸਟਾਕ ਡਿਪੂਆਂ ਕੋਲ ਪੂਰਾ ਮੌਜੂਦ ਹੈ, ਇਸ ਲਈ ਕਿਸੇ ਵੀ ਲਾਭਪਾਤਰੀ ਨੂੰ ਰਾਸ਼ਨ ਤੋਂ ਵਾਂਝਾ ਨਹੀਂ ਰੱਖਿਆ ਜਾਵੇਗਾ। ਤਕਨੀਕੀ ਬਦਲਾਅ ਕਾਰਨ ਸ਼ੁਰੂਆਤੀ ਦਿਨਾਂ ਵਿਚ ਆ ਰਹੀ ਪਰਚੀ ਅਤੇ ਬਾਇਓਮੈਟ੍ਰਿਕ ਦੀ ਸਮੱਸਿਆ ਦਾ ਜਲਦ ਹੱਲ ਕੀਤਾ ਜਾ ਰਿਹਾ ਹੈ। ਅਸੀਂ ਉੱਚ ਅਧਿਕਾਰੀਆਂ ਨੂੰ ਇਸ ਸਬੰਧੀ ਰਿਪੋਰਟ ਭੇਜ ਰਹੇ ਹਾਂ ਤਾਂ ਜੋ ਇਸ ਪ੍ਰਕਿਰਿਆ ਨੂੰ ਹੋਰ ਸਰਲ ਬਣਾਇਆ ਜਾ ਸਕੇ। ਕੈਪਸ਼ਨ : ਜਾਣਕਾਰੀ ਦਿੰਦੇ ਹੋਏ ਲਾਭਪਾਤਰੀ ਤੇ ਡੀਪੂ ਹੋਲਡਰ।