ਪੱਕੇ ਮੋਰਚੇ ’ਚ 22ਵੇਂ ਦਿਨ ਐੱਸਕੇਐੱਮ ਦੀ ਲੀਡਰਸ਼ਿਪ ਨੇ ਦਿੱਤਾ ਮਦਦ ਦਾ ਭਰੋਸਾ
ਪੱਕੇ ਮੋਰਚੇ ਵਿਚ 22 ਵੇਂ ਦਿਨ ਐੱਸਕੇਐੱਮ ਦੀ ਲੀਡਰਸ਼ਿਪ ਨੇ ਦਿੱਤਾ ਮਦਦ ਦਾ ਭਰੋਸਾ
Publish Date: Thu, 11 Jun 2026 05:19 PM (IST)
Updated Date: Thu, 11 Jun 2026 05:20 PM (IST)

ਸਹਿਕਾਰੀ ਖੰਡ ਮਿੱਲ ਸ਼ੇਰੋਂ ਦੀ ਮਾਲਕੀ ਬਦਲਣ ਵਿਰੁੱਧ ਲਗਾਇਆ ਗਿਆ ਹੈ ਮੋਰਚਾ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਤਰਨਤਾਰਨ ਵੱਲੋਂ ਸਹਿਕਾਰੀ ਖੰਡ ਮਿੱਲ ਸ਼ੇਰੋਂ ਦੀ ਮਾਲਕੀ ਬਦਲਣ ਵਿਰੁੱਧ ਚੱਲ ਰਿਹਾ ਪੱਕਾ ਮੋਰਚਾ ਅੱਜ 22ਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਬੋਲਦਿਆਂ ਸੂਬਾਈ ਆਗੂਆਂ ਡਾਕਟਰ ਸਤਨਾਮ ਸਿੰਘ ਅਜਨਾਲਾ, ਰਤਨ ਸਿੰਘ ਰੰਧਾਵਾ, ਹਰਜੀਤ ਸਿੰਘ ਝੀਤਾ, ਨਛੱਤਰ ਸਿੰਘ ਪੰਨੂ, ਮਨਜੀਤ ਸਿੰਘ ਬੱਗੂ, ਤਰਸੇਮ ਸਿੰਘ ਲੁਹਾਰ, ਇੰਦਰਜੀਤ ਸਿੰਘ ਮਰਹਾਣਾ, ਜੱਸਾ ਸਿੰਘ ਕੱਦਗਿੱਲ ਆਦਿ ਨੇ ਕਿਹਾ ਕਿ ਸਹਿਕਾਰੀ ਖੰਡ ਮਿਲ ਸ਼ੇਰੋਂ ਨੂੰ ਮੁੜ ਚਾਲੂ ਕਰਨ ਲਈ ਮੌਜੂਦਾ ਸਰਕਾਰ ਨੇ ਵਾਅਦਾ ਕੀਤਾ ਸੀ ਜੋ ਪੂਰਾ ਕਰਨ ਦੀ ਬਜਾਏ ਉਲਟਾ ਇਸ ਦੀ 100 ਏਕੜ ਜ਼ਮੀਨ ਖ਼ੁਰਦ-ਬੁਰਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਵਾਅਦਾ ਯਾਦ ਕਰਾਉਣ ਲਈ 12 ਜੂਨ ਨੂੰ ਸੰਯੁਕਤ ਕਿਸਾਨ ਮੋਰਚਾ ਦਾ ਵਫ਼ਦ ਹਲਕਾ ਖਡੂਰ ਸਾਹਿਬ ਦੇ ਐੱਮਐੱਲਏ ਮਨਜਿੰਦਰ ਸਿੰਘ ਲਾਲਪੁਰਾ ਨੂੰ ਮਿਲੇਗਾ। 14 ਜੂਨ ਨੂੰ ਹਲਕਾ ਤਰਨਤਾਰਨ ਦੇ ਐੱਮਐੱਲਏ ਹਰਮੀਤ ਸਿੰਘ ਨੂੰ ਮਿਲੇਗਾ। ਯਾਦ ਰਹੇ ਕਿ ਇਹ ਮਿੱਲ ਕਿਸਾਨਾਂ ਦੇ 60 ਫੀਸਦੀ ਹਿੱਸਿਆਂ ਨਾਲ ਬਣੀ ਹੋਈ ਹੈ। ਇਸ ਨੂੰ ਸਰਕਾਰ ਆਪਣੀ ਮਨਮਰਜ਼ੀ ਨਾਲ ਅੱਗੇ ਮਾਲਕੀ ਤਬਦੀਲ ਨਹੀਂ ਕਰ ਸਕਦੀ। ਜ਼ਿਕਰਯੋਗ ਹੈ ਕਿ ਨਵੰਬਰ 2025 ਵਿਚ ਜਦੋਂ ਭਗਵੰਤ ਮਾਨ ਸਰਕਾਰ ਵੱਲੋਂ ਹੋਰ ਜਾਇਦਾਦਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਤਾਂ ਉਸ ਦੇ ਵਿਚ ਹੀ ਸਹਿਕਾਰੀ ਖੰਡ ਮਿੱਲ ਸ਼ੇਰੋ ਦੀ ਲਗਭਗ 100 ਏਕੜ ਜ਼ਮੀਨ ਦੀ ਮਾਲਕੀ ਤਬਦੀਲ ਕਰਨ ਸਬੰਧੀ ਵੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ। ਜਦੋਂ ਇਸ ਸਬੰਧੀ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੂੰ ਭਿਣਕ ਲੱਗੀ ਤਾਂ ਉਨ੍ਹਾਂ ਨੇ ਤੁਰੰਤ ਇਸ ਵਿਰੁੱਧ ਮੋਰਚਾ ਸ਼ੁਰੂ ਕੀਤਾ। ਆਗੂਆਂ ਦਾ ਮੰਨਣਾ ਹੈ ਕਿ ਪੰਜਾਬ ਸਰਕਾਰ ਇਕ ਪਾਸੇ ਤਾਂ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਤੋਂ ਬਾਹਰ ਆਉਣ ਲਈ ਕਹਿ ਰਹੀ ਹੈ, ਉੱਥੇ ਨਾਲ ਹੀ ਝੋਨੇ ਦੀ ਫ਼ਸਲ ਦਾ ਬਦਲ ਗੰਨਾ ਸ਼ੂਗਰ ਮਿੱਲ ਨੂੰ ਬੰਦ ਕਰ ਰਹੀ। ਪੰਜਾਬ ਸਰਕਾਰ ਦੀ ਬਦਲਵੀਂ ਖੇਤੀ ਨੀਤੀ ਤਾਂ ਹੀ ਢੰਗ ਨਾਲ ਲਾਗੂ ਕੀਤੀ ਜਾ ਸਕਦੀ ਹੈ, ਜੇਕਰ ਸਰਕਾਰ ਝੋਨੇ ਦੀ ਫ਼ਸਲ ਦੀ ਜਗ੍ਹਾ ਗੰਨੇ ਦੀ ਖੇਤੀ ਨੂੰ ਉਤਸ਼ਾਹਿਤ ਕਰੇ। ਕਿਸਾਨਾਂ ਵੱਲੋਂ ਸਰਕਾਰ ਕੋਲੋਂ ਮੰਗ ਕੀਤੀ ਗਈ ਕਿ ਤੁਰੰਤ ਇਹ ਖੰਡ ਮਿੱਲ ਮੁੜ ਚਾਲੂ ਕੀਤੀ ਜਾਵੇ, ਤਾਂ ਜੋ ਇਲਾਕੇ ਦੇ ਮੰਡ ਇਲਾਕੇ ਵਿਚ ਹੜ੍ਹਾਂ ਨਾਲ ਹੁੰਦੀ ਤਬਾਹੀ ਦੌਰਾਨ ਫ਼ਸਲਾਂ ਦਾ ਬਚਾਅ ਹੋ ਸਕੇ। ਇਸ ਮੌਕੇ ਆਗੂਆਂ ਨੇ ਕਿਹਾ ਕਿ ਖੰਡ ਮਿੱਲ ਦੇ ਖਾਤੇ ਵਿਚ ਨੌਂ ਕਰੋੜ ਰੁਪਏ ਸੜਕ ਮੁਆਵਜ਼ੇ ਦੇ ਜਮ੍ਹਾਂ ਹਨ ਜਿਸ ਨਾਲ ਇਹ ਮਿੱਲ ਸਰਕਾਰ ਵੱਲੋਂ ਬਿਨਾਂ ਖ਼ਰਚ ਕੀਤਿਆਂ ਚੱਲ ਸਕਦੀ ਹੈ। ਡਾ. ਸਤਨਾਮ ਸਿੰਘ ਅਜਨਾਲਾ ਨੇ ਮਿੱਲ ਦੀ ਮਾਲਕੀ ਬਦਲਣ ਵਿਰੁੱਧ ਪੰਜਾਬ ਸਰਕਾਰ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਬਿਜਲੀ ਕਾਮਿਆਂ ਉੱਪਰ ਗੈਰ-ਮਨੁੱਖੀ ਲਾਠੀਚਾਰਜ ਕੀਤਾ ਗਿਆ ਸੀ, ਜੋ ਕਿ ਘਿਨਾਉਣੀ ਕਾਰਵਾਈ ਸੀ। ਇਸ ਮੌਕੇ ਉਨ੍ਹਾਂ ਵੱਲੋਂ ਇਸ ਮੋਰਚੇ ਨੂੰ ਖੰਡ, ਪੱਤੀ ਤੇ ਨਕਦ ਰਾਸ਼ੀ ਦੇਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਚੈਨ ਸਿੰਘ ਸਰਹਾਲੀ ਖੁਰਦ, ਜਸਬੀਰ ਸਿੰਘ ਨਿੱਜਰਪੁਰਾ, ਦਾਰਾ ਸਿੰਘ, ਹਰਦੀਪ ਸਿੰਘ ਜੰਗ ਬਹਾਦਰ ਸਿੰਘ, ਨਰਿੰਦਰ ਸਿੰਘ, ਰੇਸ਼ਮ ਸਿੰਘ ਫੇਲੋਕੇ, ਗੁਰਵਿੰਦਰ ਸਿੰਘ ਫੇਲੋਕੇ, ਹਰਨੇਕ ਸਿੰਘ ਵਰਪਾਲ, ਕੇਵਲ ਸਿੰਘ ਮਾੜੀ ਕੰਬੋਕੇ, ਮਾਸਟਰ ਦਲਜੀਤ ਸਿੰਘ ਦਿਆਲਪੁਰਾ, ਸਤਨਾਮ ਸਿੰਘ ਗੰਡੀਵਿੰਡ, ਸੁਲੱਖਣ ਸਿੰਘ ਤੁੜ, ਜਗਵੀਰ ਸਿੰਘ ਜਾਮਾਰਾਏ, ਤਹਿਸੀਮ ਸਿੰਘ ਢੋਟੀਆਂ, ਕੇਵਲ ਢੋਟੀਆਂ, ਜਗਵੀਰ ਜਾਮਾਰਾਏ, ਪ੍ਰੀਤਮ ਸਿੰਘ ਲਕਸ਼ਮੀ ਨੰਗਲ, ਨਾਜਰ ਸਿੰਘ ਸਰਹਾਲੀ ਖੁਰਦ, ਸੁਖਦੇਵ ਸਿੰਘ ਤੁੜ, ਜੱਸਾ ਸਿੰਘ ਕੱਦਗਿਲ, ਮੇਘ ਸਿੰਘ ਵਿਸ਼ੰਬਰਪੁਰ, ਸੁਖਵਿੰਦਰ ਸਿੰਘ ਪੰਡੋਰੀ, ਬਲਵੰਤ ਸਿੰਘ ਝੀਤਾ, ਸੁਰਜੀਤ ਸਿੰਘ ਝੀਤਾ, ਗੁਰਨਾਮ ਸਿੰਘ ਧੁੰਨ ਢਾਏ ਵਾਲਾ, ਹਰਦੀਪ ਸਿੰਘ ਰਸੂਲਪੁਰ, ਬਲਦੇਵ ਸਿੰਘ ਸ਼ੇਰੋਂ, ਅਮਰੀਕ ਸਿੰਘ ਫੌਜੀ, ਕਸ਼ਮੀਰ ਸਿੰਘ ਸ਼ੇਰੋ ਆਦਿ ਹਾਜ਼ਰ ਸਨ।