ਸੀਨੀਅਰ ਨਾਗਰਿਕ ਤੇ ਪੈਨਸ਼ਨਰ ਸਭਾ ਦੀ ਮਹੀਨਾਵਾਰ ਮੀਟਿੰਗ ’ਚ ਸਰਕਾਰ ਵਿਰੁੱਧ ਤਿੱਖਾ ਰੋਸ
ਸੀਨੀਅਰ ਨਾਗਰਿਕ ਤੇ ਪੈਨਸ਼ਨਰ ਸਭਾ ਦੀ ਮਹੀਨਾਵਾਰ ਬੈਠਕ ‘ਚ ਸਰਕਾਰ ਵਿਰੁੱਧ ਤਿੱਖਾ ਰੋਸ
Publish Date: Thu, 11 Jun 2026 04:43 PM (IST)
Updated Date: Thu, 11 Jun 2026 04:44 PM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਸੀਨੀਅਰ ਨਾਗਰਿਕ ਤੇ ਪੈਨਸ਼ਨਰ ਸਭਾ ਜ਼ਿਲ੍ਹਾ ਤਰਨਤਾਰਨ ਦੀ ਮਹੀਨਾਵਾਰ ਮੀਟਿੰਗ ਵੀਰਵਾਰ ਨੂੰ ਬੱਸ ਅੱਡਾ ਤਰਨਤਾਰਨ ਵਿਖੇ ਅਜੀਤ ਸਿੰਘ ਢੋਟੀਆਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਜੱਸਾ ਸਿੰਘ ਕੱਦਗਿੱਲ ਵੱਲੋਂ ਸੁਚੱਜੇ ਢੰਗ ਨਾਲ ਚਲਾਈ ਗਈ। ਮੀਟਿੰਗ ਦੀ ਸ਼ੁਰੂਆਤ ਪਟਿਆਲਾ ਵਿਚ ਬਿਜਲੀ ਬੋਰਡ ਦੇ ਮੁਲਾਜ਼ਮਾਂ ਉੱਤੇ ਹੋਏ ਅਣਮਨੁੱਖੀ ਵਤੀਰੇ ਦੀ ਨਿੰਦਾ ਨਾਲ ਕੀਤੀ ਗਈ। ਹਾਜ਼ਰ ਮੈਂਬਰਾਂ ਨੇ ਹੈਰਾਨੀ ਪ੍ਰਗਟਾਈ ਕਿ ਇਸ ਮਾਮਲੇ ’ਤੇ ਅਜੇ ਤਕ ਮੁੱਖ ਮੰਤਰੀ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਰਕਾਰ ਹਰ ਮਸਲੇ ’ਤੇ ਪੈਨਸ਼ਨਰਾਂ ਦੇ ਵਿਰੁੱਧ ਫ਼ੈਸਲੇ ਕਰ ਰਹੀ ਹੈ ਅਤੇ ਉਨ੍ਹਾਂ ਦੇ ਬਣਦੇ ਹੱਕਾਂ ਤੋਂ ਵਾਂਝਾ ਕੀਤਾ ਜਾ ਰਿਹਾ ਹੈ। ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਸੇਵਾ ਕੇਂਦਰਾਂ ਦੇ ਕਰਮਚਾਰੀਆਂ ਅਤੇ ਸਫਾਈ ਸੇਵਕਾਂ ਨੂੰ ਨਿਗੁਣੇ ਵੇਤਨ ਦਿੱਤੇ ਜਾ ਰਹੇ ਹਨ। ਇਸ ਤੋਂ ਇਲਾਵਾ ਲੋਕਾਂ ਨੂੰ ਮੁਫ਼ਤ ਸਹੂਲਤਾਂ ਦੇ ਕੇ ਵੋਟਾਂ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨਾਲ ਲੋਕਾਂ ਨੂੰ ਆਤਮ-ਨਿਰਭਰ ਬਣਾਉਣ ਦੀ ਬਜਾਏ ਉਨ੍ਹਾਂ ਨੂੰ ਨਿਰਭਰ ਬਣਾਇਆ ਜਾ ਰਿਹਾ ਹੈ। ਡਾਕਟਰ ਏਕੇ ਕਲਸੀ ਵੱਲੋਂ ਅਦਾਲਤ ਵਿਚ ਕੀਤੀ ਜਾ ਰਹੀ ਮਦਦ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਸਾਥੀਆਂ ਨੂੰ ਮਾਇਕ ਸਹਾਇਤਾ ਦੇਣ ਦੀ ਅਪੀਲ ਕੀਤੀ ਗਈ। ਇਸ ਮੌਕੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਗਿਆ ਕਿ ਜੇ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੇ ਹੱਕਾਂ ਦੇ ਵਿਰੁੱਧ ਫੈਸਲੇ ਜਾਰੀ ਰਹੇ, ਤਾਂ 2027 ਵਿਚ ਸਰਕਾਰ ਨੂੰ ਸਬਕ ਸਿਖਾਇਆ ਜਾਵੇਗਾ। ਬੈਠਕ ਦੌਰਾਨ ਪੈਨਸ਼ਨਰ ਮਹਾਸੰਘ ਦੀ ਰਾਜ ਪੱਧਰੀ ਕਾਰਜਕਾਰਨੀ ਦੀ ਚੋਣ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ ਗਈ। ਇਸ ਵਿਚ ਜੱਸਾ ਸਿੰਘ ਕੱਦ ਗਿੱਲ ਅਤੇ ਗੁਰਮੇਜ ਸਿੰਘ ਸਫ਼ੀਪੁਰ ਨੂੰ ਰਾਜ ਪੱਧਰ ‘ਤੇ ਸ਼ਾਮਿਲ ਕਰਨ ‘ਤੇ ਧੰਨਵਾਦ ਪ੍ਰਗਟ ਕੀਤਾ ਗਿਆ। ਬੁਲਾਰਿਆਂ ਨੇ ਸਰਕਾਰ ਵੱਲੋਂ ਅਦਾਲਤੀ ਫੈਸਲਿਆਂ ਨੂੰ ਲਾਗੂ ਨਾ ਕਰਨ ਅਤੇ ਸੂਬੇ ਨੂੰ ਕਰਜ਼ੇ ਵਿਚ ਡੁੱਬਣ ਲਈ ਵੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਜੇ ਲੋਕਾਂ ਨੂੰ ਰੋਜ਼ਗਾਰ ਦਿੱਤਾ ਜਾਵੇ ਤਾਂ ਉਹ ਆਪਣੀਆਂ ਜ਼ਰੂਰਤਾਂ ਖੁਦ ਪੂਰੀ ਕਰ ਸਕਦੇ ਹਨ। ਬੈਠਕ ਨੂੰ ਗੁਰਮੇਜ ਸਿੰਘ, ਮਾਸਟਰ ਸਤਵਿੰਦਰ ਸਿੰਘ ਅਤੇ ਅੰਮ੍ਰਿਤਸਰ ਤੋਂ ਪਹੁੰਚੇ ਕਾਮਰੇਡ ਜੋਗਿੰਦਰ ਸਿੰਘ ਨੇ ਸੰਬੋਧਨ ਕੀਤਾ। ਇਸ ਮੌਕੇ ਮੋਹਿੰਦਰ ਸਿੰਘ, ਧਰਮ ਸਿੰਘ, ਲੱਖਾ ਸਿੰਘ, ਕੁਲਵੰਤ ਸਿੰਘ ਸਮੇਤ ਕਰੀਬ ਸੌ ਮੈਂਬਰ ਹਾਜ਼ਰ ਸਨ। ਅੰਤ ਵਿਚ ਪ੍ਰਧਾਨ ਅਜੀਤ ਸਿੰਘ ਢੋਟੀਆਂ ਨੇ ਸਾਰੇ ਹਾਜ਼ਰ ਮੈਂਬਰਾਂ ਦਾ ਧੰਨਵਾਦ ਕੀਤਾ।