ਖੰਡ ਮਿੱਲ ਸ਼ੇਰੋਂ ਦੇ ਮਸਲੇ ’ਤੇ ਸਥਾਨਕ ਵਿਧਾਇਕਾਂ ਨੂੰ ਮਿਲੇਗਾ ਵਫ਼ਦ : ਸੰਯੁਕਤ ਕਿਸਾਨ ਮੋਰਚਾ
ਖੰਡ ਮਿੱਲ ਸ਼ੇਰੋਂ ਦੇ ਮਸਲੇ ’ਤੇ ਸਥਾਨਕ ਵਿਧਾਇਕਾਂ ਨੂੰ ਮਿਲੇਗਾ ਕਿਸਾਨਾਂ ਦਾ ਵਫ਼ਦ : ਸੰਯੁਕਤ ਕਿਸਾਨ ਮੋਰਚਾ
Publish Date: Wed, 10 Jun 2026 06:17 PM (IST)
Updated Date: Wed, 10 Jun 2026 06:20 PM (IST)

ਸ਼ੇਰੋਂ ਖੰਡ ਮਿੱਲ ਦੀ ਜ਼ਮੀਨ ਬਚਾਉਣ ਲਈ ਲੱਗੇ ਪੱਕੇ ਮੋਰਚੇ ਦੇ 21ਵੇਂ ਦਿਨ ਆਗੂਆਂ ਨੇ ਲਿਆ ਫ਼ੈਸਲਾ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਸੰਯੁਕਤ ਕਿਸਾਨ ਮੋਰਚੇ ਵੱਲੋਂ ਤਰਨਤਾਰਨ ਜ਼ਿਲ੍ਹੇ ਦੀ ਸਹਿਕਾਰੀ ਖੰਡ ਮਿੱਲ ਸ਼ੇਰੋਂ ਦੀ ਮਾਲਕੀ ਬਦਲਣ ਵਿਰੁੱਧ ਚੱਲ ਰਿਹਾ ਪੱਕਾ ਮੋਰਚਾ ਬੁੱਧਵਾਰ ਨੂੰ 21ਵੇਂ ਦਿਨ ਵੀ ਜਾਰੀ ਰਿਹਾ। ਜਦੋਂਕਿ ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਜਥੇਬੰਦੀਆਂ ਦੇ ਆਗੂਆਂ ਨੇ ਫ਼ੈਸਲਾ ਕੀਤਾ ਕਿ ਉਕਤ ਮਸਲੇ ਸਬੰਧੀ ਹੁਣ ਸਥਾਨਕ ਵਿਧਾਇਕਾਂ ਨੂੰ ਕਿਸਾਨਾਂ ਦੇ ਵਫ਼ਦ ਮਿਲਣਗੇ ਤੇ ਉਨ੍ਹਾਂ ਨੂੰ ਵਾਅਦਾ ਪੂਰਾ ਕਰਨ ਦੀ ਮੰਗ ਕੀਤੀ ਜਾਵੇਗੀ। ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ ਸੁਲੱਖਣ ਸਿੰਘ ਮੁੰਡਾਲਾ, ਨਛੱਤਰ ਸਿੰਘ ਪੰਨੂ, ਮਹਾਂਬੀਰ ਸਿੰਘ ਗਿੱਲ, ਮਨਜੀਤ ਸਿੰਘ ਬੱਗੂ, ਤਰਸੇਮ ਸਿੰਘ ਲੁਹਾਰ, ਇੰਦਰਜੀਤ ਸਿੰਘ ਮਰਹਾਣਾ, ਜੱਸਾ ਸਿੰਘ ਕੱਦ ਗਿੱਲ, ਸੁਖਬਾਜ ਸਿੰਘ ਸਿੱਧੂ, ਦਵਿੰਦਰ ਸੋਹਲ, ਰਤਨ ਸਿੰਘ ਢੰਡ ਆਦਿ ਆਗੂਆਂ ਨੇ ਕਿਹਾ ਕਿ ਇਸ ਸਹਿਕਾਰੀ ਖੰਡ ਮਿੱਲ ਸ਼ੇਰੋਂ ਨੂੰ ਮੁੜ ਚਾਲੂ ਕਰਨ ਲਈ ਮੌਜੂਦਾ ਸਰਕਾਰ ਨੇ ਵਾਅਦਾ ਕੀਤਾ ਸੀ ਜੋ ਪੂਰਾ ਕਰਨ ਦੀ ਬਜਾਏ ਉਲਟਾ ਇਸ ਦੀ ਸੌ ਏਕੜ ਜ਼ਮੀਨ ਖ਼ੁਰਦ-ਬੁਰਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਵਾਅਦਾ ਯਾਦ ਕਰਾਉਣ ਲਈ 12 ਜੂਨ ਨੂੰ ਸੰਯੁਕਤ ਕਿਸਾਨ ਮੋਰਚੇ ਦਾ ਵਫ਼ਦ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਮਿਲੇਗਾ। 14 ਜੂਨ ਨੂੰ ਹਲਕਾ ਤਰਨਤਾਰਨ ਦੇ ਐੱਮਐੱਲਏ ਹਰਮੀਤ ਸਿੰਘ ਨੂੰ ਮਿਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਮਿੱਲ ਕਿਸਾਨਾਂ ਦੇ 60 ਫੀਸਦੀ ਹਿੱਸਿਆਂ ਨਾਲ ਬਣੀ ਹੋਈ ਹੈ, ਜਿਸ ਨੂੰ ਸਰਕਾਰ ਆਪਣੀ ਮਨਮਰਜ਼ੀ ਨਾਲ ਅੱਗੇ ਮਾਲਕੀ ਤਬਦੀਲ ਨਹੀਂ ਕਰ ਸਕਦੀ। ਆਗੂਆਂ ਨੇ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਤੋਂ ਬਾਹਰ ਆਉਣ ਲਈ ਕਹਿ ਰਹੀ ਹੈ, ਉੱਥੇ ਨਾਲ ਹੀ ਝੋਨੇ ਦੀ ਫ਼ਸਲ ਦਾ ਬਦਲ ਗੰਨਾ ਸ਼ੂਗਰ ਮਿੱਲ ਨੂੰ ਬੰਦ ਕਰ ਰਹੀ। ਪੰਜਾਬ ਸਰਕਾਰ ਦੀ ਬਦਲਵੀਂ ਖੇਤੀ ਨੀਤੀ ਤਾਂ ਹੀ ਢੰਗ ਨਾਲ ਲਾਗੂ ਕੀਤੀ ਜਾ ਸਕਦੀ ਹੈ, ਜੇਕਰ ਸਰਕਾਰ ਝੋਨੇ ਦੀ ਫ਼ਸਲ ਦੀ ਜਗ੍ਹਾ ਗੰਨੇ ਦੀ ਖੇਤੀ ਨੂੰ ਉਤਸ਼ਾਹਿਤ ਕਰੇ। ਕਿਸਾਨਾਂ ਵੱਲੋਂ ਸਰਕਾਰ ਕੋਲੋਂ ਮੰਗ ਕੀਤੀ ਗਈ ਕਿ ਤੁਰੰਤ ਇਹ ਖੰਡ ਮਿੱਲ ਮੁੜ ਚਾਲੂ ਕੀਤੀ ਜਾਵੇ, ਤਾਂ ਜੋ ਇਲਾਕੇ ਦੇ ਮੰਡ ਇਲਾਕੇ ਵਿਚ ਹੜ੍ਹਾਂ ਨਾਲ ਹੁੰਦੀ ਤਬਾਹੀ ਦੌਰਾਨ ਫ਼ਸਲਾਂ ਦਾ ਬਚਾਅ ਹੋ ਸਕੇ। ਇਸ ਮੌਕੇ ਆਗੂਆਂ ਕਿਹਾ ਕਿ ਖੰਡ ਮਿੱਲ ਦੇ ਖਾਤੇ ਵਿਚ ਨੌਂ ਕਰੋੜ ਰੁਪਏ ਸੜਕ ਮੁਆਵਜ਼ੇ ਦੇ ਜਮ੍ਹਾਂ ਹਨ ਜਿਸ ਨਾਲ ਇਹ ਮਿੱਲ ਸਰਕਾਰ ਵੱਲੋਂ ਬਿਨਾਂ ਖ਼ਰਚ ਕੀਤਿਆਂ ਚੱਲ ਸਕਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਕਾਰ ਸਿੰਘ ਵਲਟੋਹਾ, ਜਸਬੀਰ ਸਿੰਘ ਨਿੱਜਰਪੁਰਾ, ਬਲਜਿੰਦਰ ਸਿੰਘ, ਸੁਖਦੇਵ ਸਿੰਘ ਲੁੱਧੜ, ਭਾਗ ਸਿੰਘ ਮੁੰਡਾਲਾ, ਬਾਬਾ ਜਸਵਿੰਦਰ ਸਿੰਘ ਮੀਆਂ ਵਿੰਡ, ਸਰਬਜੀਤ ਸਿੰਘ, ਰਣਜੀਤ ਸਿੰਘ, ਹੀਰਾ ਸਿੰਘ ਦੀਨੇਵਾਲ, ਬਲਦੇਵ ਸਿੰਘ ਸ਼ੇਰੋਂ, ਅਮਰੀਕ ਸਿੰਘ ਸ਼ੇਰੋਂ, ਕਸ਼ਮੀਰ ਸਿੰਘ, ਕਰਨਵੀਰ ਸਿੰਘ, ਮਾਹੀਪਾਲ, ਮਾਸਟਰ ਸੁਖਦੇਵ ਸਿੰਘ, ਕੇਹਰ ਸਿੰਘ, ਮੰਗਲ ਸਿੰਘ ਖਹਿਰਾ ਆਦਿ ਹਾਜ਼ਰ ਸਨ।