ਅੱਤ ਦੀ ਗਰਮੀ ਨੇ ਜਨ-ਜੀਵਨ ਕੀਤਾ ਪ੍ਰਭਾਵਿਤ, ਲੋਕਾਂ ਦਾ ਘਰੋਂ ਨਿਕਲਣਾ ਹੋਇਆ ਔਖਾ
ਅੱਤ ਦੀ ਗਰਮੀ ਨੇ ਜਨ-ਜੀਵਨ ਕੀਤਾ ਪ੍ਰਭਾਵਿਤ, ਲੋਕਾਂ ਦਾ ਘਰੋਂ ਨਿਕਲਣਾ ਹੋਇਆ ਔਖਾ
Publish Date: Wed, 10 Jun 2026 05:54 PM (IST)
Updated Date: Wed, 10 Jun 2026 05:56 PM (IST)

ਕਿਸਾਨਾਂ ਤੋਂ ਲੈ ਕੇ ਮਜ਼ਦੂਰਾਂ, ਰਿਕਸ਼ਾ ਚਾਲਕਾਂ ਤੇ ਰੇਹੜੀ ਵਾਲਿਆਂ ਤਕ ਹਰ ਵਰਗ ਗਰਮੀ ਤੋਂ ਪਰੇਸ਼ਾਨ ਬੱਲੂ ਮਹਿਤਾ/ਕੇਪੀ ਗਿੱਲ, ਪੰਜਾਬੀ ਜਾਗਰਣ ਪੱਟੀ/ਕੈਰੋਂ : ਪੰਜਾਬ ਵਿਚ ਪੈ ਰਹੀ ਅੱਤ ਦੀ ਗਰਮੀ ਨੇ ਆਮ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਸਵੇਰ ਤੋਂ ਹੀ ਤਿੱਖੀ ਧੁੱਪ ਤੇ ਗਰਮ ਹਵਾਵਾਂ ਕਾਰਨ ਲੋਕਾਂ ਦਾ ਘਰਾਂ ’ਚੋਂ ਬਾਹਰ ਨਿਕਲਣਾ ਔਖਾ ਹੋ ਗਿਆ ਹੈ। ਦੁਪਹਿਰ ਵੇਲੇ ਸੜਕਾਂ ਤੇ ਬਾਜ਼ਾਰਾਂ ਵਿਚ ਆਵਾਜਾਈ ਵੀ ਘੱਟ ਨਜ਼ਰ ਆ ਰਹੀ ਹੈ, ਜਦਕਿ ਰੋਜ਼ਾਨਾ ਦਿਹਾੜੀ ਕਰ ਕੇ ਗੁਜ਼ਾਰਾ ਕਰਨ ਵਾਲੇ ਲੋਕ ਸਭ ਤੋਂ ਵੱਧ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਇਨ੍ਹੀਂ ਦਿਨੀਂ ਪੰਜਾਬ ਵਿਚ ਝੋਨੇ ਦੀ ਲੁਆਈ ਦਾ ਕੰਮ ਵੀ ਜ਼ੋਰਾਂ ’ਤੇ ਚੱਲ ਰਿਹਾ ਹੈ। ਕਿਸਾਨ ਅਤੇ ਖੇਤ ਮਜ਼ਦੂਰ ਪਾਣੀ ਨਾਲ ਭਰੇ ਖੇਤਾਂ ਵਿਚ ਤਿੱਖੀ ਧੁੱਪ ਹੇਠ ਕੰਮ ਕਰਨ ਲਈ ਮਜਬੂਰ ਹਨ। ਇਸ ਤੋਂ ਇਲਾਵਾ ਦਿਹਾੜੀਦਾਰ ਮਜ਼ਦੂਰ, ਇੱਟਾਂ ਦੇ ਭੱਠਿਆਂ ’ਤੇ ਕੰਮ ਕਰਨ ਵਾਲੇ ਕਾਮੇ, ਰਿਕਸ਼ਾ ਚਾਲਕ, ਆਟੋ ਚਾਲਕ, ਰੇਹੜੀ ਵਾਲੇ ਅਤੇ ਸੜਕਾਂ ’ਤੇ ਛੋਟਾ ਕਾਰੋਬਾਰ ਕਰਨ ਵਾਲੇ ਲੋਕ ਵੀ ਗਰਮੀ ਦੀ ਮਾਰ ਝੱਲ ਰਹੇ ਹਨ। ਦੂਜੇ ਪਾਸੇ, ਅੱਤ ਦੀ ਗਰਮੀ ਕਾਰਨ ਠੰਢੇ ਪੀਣ ਵਾਲੇ ਪਦਾਰਥਾਂ ਦੀ ਮੰਗ ਵਿਚ ਭਾਰੀ ਵਾਧਾ ਹੋਇਆ ਹੈ। ਬਾਜ਼ਾਰਾਂ ਵਿਚ ਜੂਸ, ਗੰਨੇ ਦਾ ਰਸ, ਲੱਸੀ, ਨਿੰਬੂ ਪਾਣੀ, ਸ਼ਿਕੰਜਵੀ ਅਤੇ ਨਾਰੀਅਲ ਪਾਣੀ ਦੀਆਂ ਦੁਕਾਨਾਂ ’ਤੇ ਲੋਕਾਂ ਦੀ ਭੀੜ ਵੇਖੀ ਜਾ ਰਹੀ ਹੈ। ਹਦਵਾਣੇ ਤੇ ਖਰਬੂਜ਼ੇ ਵਰਗੇ ਮੌਸਮੀ ਫਲਾਂ ਦੀ ਵਿਕਰੀ ਵੀ ਕਾਫ਼ੀ ਵੱਧ ਗਈ ਹੈ। ਫਲ ਵਿਕ੍ਰੇਤਾਵਾਂ ਦਾ ਕਹਿਣਾ ਹੈ ਕਿ ਗਰਮੀ ਵਧਣ ਨਾਲ ਉਨ੍ਹਾਂ ਦੇ ਕਾਰੋਬਾਰ ਵਿਚ ਵੀ ਚੰਗਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਜਥੇਬੰਦੀਆਂ ਅਤੇ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਵਿਚ ਸੰਗਤਾਂ ਵੱਲੋਂ ਠੰਢੇ ਮਿੱਠੇ ਪਾਣੀ, ਸ਼ਰਬਤ ਅਤੇ ਛਬੀਲਾਂ ਲਗਾ ਕੇ ਰਾਹਗੀਰਾਂ ਦੀ ਸੇਵਾ ਕੀਤੀ ਜਾ ਰਹੀ ਹੈ। ਕਈ ਥਾਵਾਂ ’ਤੇ ਲੋਕ ਰਾਹਗੀਰਾਂ ਨੂੰ ਠੰਢਾ ਪਾਣੀ ਅਤੇ ਸ਼ਰਬਤ ਪਿਲਾ ਕੇ ਮਨੁੱਖਤਾ ਦੀ ਸੇਵਾ ਕਰ ਰਹੇ ਹਨ, ਜਿਸ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਦੁਪਹਿਰ ਵੇਲੇ ਗਰਮੀ ਕਾਰਨ ਗਾਹਕ ਘੱਟ ਆਉਂਦੇ ਹਨ, ਪਰ ਸ਼ਾਮ ਢਲਦੇ ਹੀ ਬਾਜ਼ਾਰਾਂ ਵਿਚ ਰੌਣਕ ਪਰਤ ਆਉਂਦੀ ਹੈ। ਸਿਹਤ ਮਾਹਿਰਾਂ ਨੇ ਲੋਕਾਂ ਨੂੰ ਬਿਨਾਂ ਲੋੜ ਤੋਂ ਦੁਪਹਿਰ ਸਮੇਂ ਬਾਹਰ ਨਾ ਨਿਕਲਣ, ਵੱਧ ਤੋਂ ਵੱਧ ਪਾਣੀ ਪੀਣ ਅਤੇ ਹਲਕੇ ਕੱਪੜੇ ਪਹਿਨਣ ਦੀ ਸਲਾਹ ਦਿੱਤੀ ਹੈ। ਮੌਸਮ ਦੀ ਇਸ ਤਪਸ਼ ਨੇ ਇਕ ਪਾਸੇ ਜਿੱਥੇ ਆਮ ਜਨ-ਜੀਵਨ ਨੂੰ ਪ੍ਰਭਾਵਿਤ ਕੀਤਾ ਹੈ, ਉੱਥੇ ਹੀ ਦੂਜੇ ਪਾਸੇ ਪੰਜਾਬ ਦੀ ਸੇਵਾ ਤੇ ਪਰਉਪਕਾਰ ਦੀ ਰਵਾਇਤ ਨੂੰ ਵੀ ਉਜਾਗਰ ਕੀਤਾ ਹੈ। ਜਿੱਥੇ ਮਿਹਨਤਕਸ਼ ਲੋਕ ਰੋਜ਼ੀ-ਰੋਟੀ ਲਈ ਤਿੱਖੀ ਧੁੱਪ ਵਿਚ ਸੰਘਰਸ਼ ਕਰ ਰਹੇ ਹਨ, ਉੱਥੇ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਵੱਲੋਂ ਲਗਾਈਆਂ ਜਾ ਰਹੀਆਂ ਛਬੀਲਾਂ ਅਤੇ ਠੰਢੇ ਪਾਣੀ ਦੀਆਂ ਸੇਵਾਵਾਂ ਲੋਕਾਂ ਨੂੰ ਰਾਹਤ ਦੇਣ ਦਾ ਕੰਮ ਕਰ ਰਹੀਆਂ ਹਨ। ਗਰਮੀ ’ਚ ਲਾਪਰਵਾਹੀ ਪੈ ਸਕਦੀ ਹੈ ਭਾਰੀ : ਡਾ. ਗੁਪਤਾ ਸਰਕਾਰੀ ਹਸਪਤਾਲ ਪੱਟੀ ਦੇ ਐੱਸਐੱਮਓ ਡਾ. ਅਸ਼ੀਸ਼ ਗੁਪਤਾ ਨੇ ਕਿਹਾ ਕਿ ਲਗਾਤਾਰ ਵੱਧ ਰਹੇ ਤਾਪਮਾਨ ਕਾਰਨ ਹੀਟ ਸਟ੍ਰੋਕ, ਡੀਹਾਈਡ੍ਰੇਸ਼ਨ ਅਤੇ ਹੋਰ ਗਰਮੀ ਨਾਲ ਸਬੰਧਤ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ, ਮਜ਼ਦੂਰ, ਰਿਕਸ਼ਾ ਚਾਲਕ, ਰੇਹੜੀ ਵਾਲੇ ਅਤੇ ਧੁੱਪ ਵਿਚ ਕੰਮ ਕਰਨ ਵਾਲੇ ਹੋਰ ਲੋਕ ਖ਼ਾਸ ਸਾਵਧਾਨੀ ਵਰਤਣ। ਡਾ. ਗੁਪਤਾ ਨੇ ਸਲਾਹ ਦਿੱਤੀ ਕਿ ਲੋਕ ਘਰੋਂ ਬਾਹਰ ਨਿਕਲਣ ਸਮੇਂ ਸਿਰ ਢੱਕ ਕੇ ਰੱਖਣ, ਵੱਧ ਤੋਂ ਵੱਧ ਪਾਣੀ ਅਤੇ ਤਰਲ ਪਦਾਰਥ ਜਿਵੇਂ ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ ਅਤੇ ਓਆਰਐੱਸ ਦਾ ਸੇਵਨ ਕਰਨ। ਉਨ੍ਹਾਂ ਕਿਹਾ ਕਿ ਚੱਕਰ ਆਉਣਾ, ਤੇਜ਼ ਬੁਖ਼ਾਰ, ਬਹੁਤ ਜ਼ਿਆਦਾ ਪਿਆਸ ਲੱਗਣਾ ਜਾਂ ਬੇਹੋਸ਼ੀ ਵਰਗੇ ਲੱਛਣ ਦਿਖਾਈ ਦੇਣ ’ਤੇ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਜਾਂ ਹਸਪਤਾਲ ਵਿਚ ਸੰਪਰਕ ਕਰਨਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤਕ ਬਿਨਾਂ ਲੋੜ ਧੁੱਪ ਵਿਚ ਜਾਣ ਤੋਂ ਪਰਹੇਜ਼ ਕੀਤਾ ਜਾਵੇ ਅਤੇ ਬੱਚਿਆਂ, ਬਜ਼ੁਰਗਾਂ ਤੇ ਗਰਭਵਤੀ ਔਰਤਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ।