ਪੱਟੀ ਸਟੇਡੀਅਮ ’ਚ ਯੋਗਾ ਕੈਂਪ ਸ਼ੁਰੂ, 21 ਨੂੰ ਵਿਸ਼ਵ ਯੋਗਾ ਦਿਵਸ ਮੌਕੇ ਹੋਵੇਗੀ ਸਮਾਪਤੀ
ਪੱਟੀ ਸਟੇਡੀਅਮ ’ਚ ਯੋਗਾ ਕੈਂਪ ਦਾ ਸ਼ੁਭ ਆਰੰਭ, 21 ਨੂੰ ਵਿਸ਼ਵ ਯੋਗਾ ਦਿਵਸ ਮੌਕੇ ਹੋਵੇਗੀ ਸਮਾਪਤੀ
Publish Date: Wed, 10 Jun 2026 05:26 PM (IST)
Updated Date: Wed, 10 Jun 2026 05:26 PM (IST)

ਵੱਡੀ ਗਿਣਤੀ ’ਚ ਲੋਕਾਂ ਨੇ ਲਿਆ ਹਿੱਸਾ ਸਿਹਤਮੰਦ ਜੀਵਨ ਲਈ ਯੋਗਾ ਅਪਣਾਉਣ ਦਾ ਦਿੱਤਾ ਸੱਦਾ ਕੇਪੀ ਗਿੱਲ•, ਪੰਜਾਬੀ ਜਾਗਰਣ ਕੈਰੋਂ : ਸਰੀਰਕ ਤੇ ਮਾਨਸਿਕ ਤੰਦਰੁਸਤੀ ਨੂੰ ਸਮਰਪਿਤ 21 ਜੂਨ ਨੂੰ ਵਿਸ਼ਵ ਯੋਗਾ ਦਿਵਸ ਦੇ ਮੱਦੇਨਜ਼ਰ ਪੱਟੀ ਸਟੇਡੀਅਮ ’ਚ ਬੁੱਧਵਾਰ ਤੋਂ 12 ਰੋਜ਼ਾ ਯੋਗਾ ਕੈਂਪ ਦਾ ਸ਼ੁੱਭ ਆਰੰਭ ਹੋ ਗਿਆ। ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਲਗਾਏ ਜਾ ਰਹੇ ਇਸ ਕੈਂਪ ਵਿਚ ਪਹਿਲੇ ਦਿਨ ਹੀ ਵੱਡੀ ਗਿਣਤੀ ਵਿਚ ਨੌਜਵਾਨਾਂ, ਔਰਤਾਂ ਤੇ ਬਜ਼ੁਰਗਾਂ ਨੇ ਸ਼ਮੂਲੀਅਤ ਕੀਤੀ। ਕੈਂਪ ਦੌਰਾਨ ਸਵੇਰੇ 5 ਵਜੇ ਤੋਂ ਯੋਗਾ ਮਾਹਿਰਾਂ ਵੱਲੋਂ ਹਿੱਸਾ ਲੈਣ ਵਾਲਿਆਂ ਨੂੰ ਵੱਖ-ਵੱਖ ਯੋਗ ਆਸਣ, ਪ੍ਰਾਣਾਯਾਮ ਅਤੇ ਸਿਹਤਮੰਦ ਜੀਵਨ ਸ਼ੈਲੀ ਬਾਰੇ ਜਾਣਕਾਰੀ ਦਿੱਤੀ ਗਈ। ਕੈਂਪ ਵਿਚ ਮੋਟਾਪਾ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਥਾਈਰਾਇਡ, ਜੋੜਾਂ ਦੇ ਦਰਦ ਅਤੇ ਮਾਨਸਿਕ ਤਣਾਅ ਵਰਗੀਆਂ ਸਮੱਸਿਆਵਾਂ ਤੋਂ ਬਚਾਅ ਲਈ ਵਿਸ਼ੇਸ਼ ਯੋਗ ਅਭਿਆਸ ਕਰਵਾਏ ਜਾ ਰਹੇ ਹਨ। ਇਸ ਦੇ ਨਾਲ ਭਾਰ ਘਟਾਉਣ, ਸਰੀਰਕ ਤਾਕਤ ਵਧਾਉਣ ਅਤੇ ਰੋਗਾਂ ਤੋਂ ਬਚਾਅ ਸਬੰਧੀ ਵਿਸ਼ੇਸ਼ ਸੈਸ਼ਨ ਵੀ ਕਰਵਾਏ ਜਾਣਗੇ। ਇਸ ਮੌਕੇ ਕੈਂਪ ਦੇ ਪ੍ਰਬੰਧਕ ਜਸਬੀਰ ਸਿੰਘ ਸੰਧੂ ਨੇ ਕਿਹਾ ਕਿ ਅੱਜ ਦੇ ਦੌਰ ਵਿਚ ਗਲਤ ਖਾਣ-ਪੀਣ ਅਤੇ ਤਣਾਅ ਭਰੀ ਜੀਵਨ ਸ਼ੈਲੀ ਕਾਰਨ ਬਿਮਾਰੀਆਂ ਤੇਜ਼ੀ ਨਾਲ ਵੱਧ ਰਹੀਆਂ ਹਨ। ਯੋਗਾ ਇਕ ਅਜਿਹਾ ਸਾਧਨ ਹੈ ਜੋ ਬਿਨਾਂ ਕਿਸੇ ਦਵਾਈ ਦੇ ਮਨੁੱਖ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਤੰਦਰੁਸਤ ਰੱਖ ਸਕਦਾ ਹੈ। ਉਨ੍ਹਾਂ ਪੱਟੀ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਆਪਣੇ ਪਰਿਵਾਰਾਂ ਸਮੇਤ ਇਸ ਕੈਂਪ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ। ਯੋਗ ਗੁਰੂ ਅਤੇ ਰਿਟਾਇਰਡ ਪੀਸੀਐੱਸ ਅਧਿਕਾਰੀ ਰਣਜੀਤ ਸਿੰਘ ਭੁੱਲਰ ਨੇ ਕਿਹਾ ਕਿ ਨਿਯਮਿਤ ਯੋਗ ਅਭਿਆਸ ਨਾਲ ਕਈ ਗੰਭੀਰ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਅਤੇ ਮਨੁੱਖ ਇਕ ਸਿਹਤਮੰਦ ਅਤੇ ਖੁਸ਼ਹਾਲ ਜੀਵਨ ਜੀਅ ਸਕਦਾ ਹੈ। ਉਨ੍ਹਾਂ ਕਿਹਾ ਕਿ ਯੋਗਾ ਸਿਰਫ਼ ਇਕ ਕਸਰਤ ਨਹੀਂ, ਸਗੋਂ ਇਕ ਜੀਵਨ ਸ਼ੈਲੀ ਹੈ ਜਿਸ ਨੂੰ ਹਰ ਉਮਰ ਦੇ ਵਿਅਕਤੀ ਨੂੰ ਅਪਣਾਉਣਾ ਚਾਹੀਦਾ ਹੈ। ਕੈਂਪ ਦੌਰਾਨ ਯੋਗ ਅਧਿਆਪਕ ਰਾਜੇਸ਼ ਕੁਮਾਰ ਸ਼ਰਮਾ ਅਤੇ ਬਾਬੂ ਹਰੀ ਚੰਦ ਵੱਲੋਂ ਵੀ ਹਿੱਸਾ ਲੈਣ ਵਾਲਿਆਂ ਨੂੰ ਯੋਗਾ ਦੀਆਂ ਵੱਖ-ਵੱਖ ਵਿਧੀਆਂ ਅਤੇ ਉਨ੍ਹਾਂ ਦੇ ਲਾਭਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਪ੍ਰਬੰਧਕਾਂ ਨੇ ਦੱਸਿਆ ਕਿ ਇਹ ਯੋਗਾ ਕੈਂਪ ਲਗਾਤਾਰ 21 ਜੂਨ ਵਿਸ਼ਵ ਯੋਗਾ ਦਿਵਸ ਤੱਕ ਚੱਲੇਗਾ ਅਤੇ ਸਮਾਪਤੀ ਸਮਾਰੋਹ ਮੌਕੇ ਵਿਸ਼ੇਸ਼ ਯੋਗਾ ਸੈਸ਼ਨ ਕਰਵਾਇਆ ਜਾਵੇਗਾ। ਉਨ੍ਹਾਂ ਇਲਾਕਾ ਵਾਸੀਆਂ ਨੂੰ ਇਸ ਮੁਫ਼ਤ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਸਿਹਤਮੰਦ ਜੀਵਨ ਲਈ ਯੋਗਾ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ। ਇਸ ਮੌਕੇ ਵਜ਼ੀਰ ਸਿੰਘ ਪਾਰਸ, ਕਲੱਬ ਦੇ ਪ੍ਰਧਾਨ ਪ੍ਰਿਥੀਪਾਲ ਸਿੰਘ ਬਾਠ, ਕਾਮਰੇਡ ਸੁਖਦੇਵ ਸਿੰਘ ਵੀ ਮੌਜੂਦ ਰਹੇ।