ਲੋਕਾਂ ਨੇ ਐੱਸਆਈਆਰ ਮੈਪਿੰਗ ਕੈਂਪਾਂ ਦਾ ਲਿਆ ਭਰਪੂਰ ਲਾਭ
ਪੱਟੀ ’ਚ ਵੱਖ-ਵੱਖ ਬੂਥਾਂ 'ਤੇ ਲਗਾਏ ਗਏ ਪ੍ਰੀ-ਐੱਸਆਈਆਰ ਮੈਪਿੰਗ ਕੈਂਪਾਂ ਦਾ ਲੋਕਾਂ ਨੇ ਲਿਆ ਭਰਪੂਰ ਲਾਭ
Publish Date: Sun, 07 Jun 2026 04:34 PM (IST)
Updated Date: Mon, 08 Jun 2026 04:03 AM (IST)
ਚੋਣ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਮੁਹਿੰਮਾਂ ’ਚ ਹਿੱਸਾ ਲੈਣ ਦੀ ਲੋਕਾਂ ਨੂੰ ਅਪੀਲ
ਬੱਲੂ ਮਹਿਤਾ, •ਪੰਜਾਬੀ ਜਾਗਰਣ,
ਪੱਟੀ : ਵਿਧਾਨ ਸਭਾ ਹਲਕਾ ਪੱਟੀ ਦੇ ਵੱਖ-ਵੱਖ ਪੋਲਿੰਗ ਬੂਥਾਂ ’ਤੇ ਪ੍ਰੀ-ਐੱਸਆਈਆਰ ਮੈਪਿੰਗ ਸਬੰਧੀ ਵਿਸ਼ੇਸ਼ ਕੈਂਪ ਲਗਾਏ ਗਏ, ਜਿਨ੍ਹਾਂ ਵਿਚ ਲੋਕਾਂ ਨੇ ਸ਼ਮੂਲੀਅਤ ਕਰਕੇ ਲਾਭ ਪ੍ਰਾਪਤ ਕੀਤਾ। ਇਸ ਮੌਕੇ ਸਰਬਜੀਤ ਸਿੰਘ ਨੇ ਕਿਹਾ ਕਿ ਇਨ੍ਹਾਂ ਕੈਂਪਾਂ ਦਾ ਮੁੱਖ ਉਦੇਸ਼ ਵੋਟਰ ਸੂਚੀਆਂ ਨੂੰ ਹੋਰ ਸੁਚੱਜਾ ਅਤੇ ਸਹੀ ਬਣਾਉਣਾ, ਵੋਟਰਾਂ ਦੀ ਜਾਣਕਾਰੀ ਦੀ ਪੁਸ਼ਟੀ ਕਰਨਾ ਅਤੇ ਚੋਣ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ ਬਣਾਉਣਾ ਸੀ।
ਕੈਂਪਾਂ ਦੌਰਾਨ ਬੂਥ ਲੈਵਲ ਅਫ਼ਸਰਾਂ ਵੱਲੋਂ ਵੋਟਰਾਂ ਦੀ ਜਾਣਕਾਰੀ ਦੀ ਜਾਂਚ ਕੀਤੀ ਗਈ ਅਤੇ ਲੋੜੀਂਦੇ ਦਸਤਾਵੇਜ਼ਾਂ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ, ਪਤੇ ਵਿਚ ਤਬਦੀਲੀ, ਨਾਮ ਦੀ ਸੋਧ ਅਤੇ ਹੋਰ ਲੋੜੀਂਦੀਆਂ ਐਂਟਰੀਆਂ ਸਬੰਧੀ ਲੋਕਾਂ ਦੀ ਸਹਾਇਤਾ ਕੀਤੀ ਗਈ। ਇਸ ਤੋਂ ਇਲਾਵਾ ਪੱਟੀ ਸ਼ਹਿਰ ਅਤੇ ਆਲੇ-ਦੁਆਲੇ ਦੇ ਪਿੰਡਾਂ ਵਿਚ ਲਗਾਏ ਗਏ ਇਨ੍ਹਾਂ ਕੈਂਪਾਂ ਵਿਚ ਨੌਜਵਾਨਾਂ, ਮਹਿਲਾਵਾਂ ਅਤੇ ਬਜ਼ੁਰਗਾਂ ਨੇ ਖਾਸ ਰੁਚੀ ਦਿਖਾਈ। ਕਈ ਨਵੇਂ ਯੋਗ ਵੋਟਰਾਂ ਨੇ ਆਪਣਾ ਨਾਮ ਵੋਟਰ ਸੂਚੀ ਵਿਚ ਦਰਜ ਕਰਵਾਉਣ ਲਈ ਅਰਜ਼ੀਆਂ ਦਿੱਤੀਆਂ, ਜਦਕਿ ਕਈ ਲੋਕਾਂ ਨੇ ਆਪਣੇ ਵੇਰਵਿਆਂ ਦੀ ਤਸਦੀਕ ਕਰਵਾਈ।
ਚੋਣ ਅਮਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਪ੍ਰੀ-ਐੱਸਆਈਆਰ ਮੈਪਿੰਗ ਦਾ ਮਕਸਦ ਵੋਟਰ ਡਾਟਾ ਨੂੰ ਅਪਡੇਟ ਕਰਨਾ ਅਤੇ ਕਿਸੇ ਵੀ ਤਰ੍ਹਾਂ ਦੀ ਗਲਤੀ ਜਾਂ ਦੁਹਰਾਅ ਨੂੰ ਦੂਰ ਕਰਨਾ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਯੋਗ ਨਾਗਰਿਕ ਦਾ ਵੋਟਰ ਸੂਚੀ ਵਿਚ ਨਾਮ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਚੋਣ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਮੁਹਿੰਮਾਂ ਵਿਚ ਵੱਧ ਤੋਂ ਵੱਧ ਹਿੱਸਾ ਲੈਣ।
ਕੈਂਪਾਂ ਵਿਚ ਪਹੁੰਚੇ ਹਰਜਿੰਦਰ ਸਿੰਘ ਪੱਪੂ ਸਰਾਫ਼, ਕੁਲਵੰਤ ਕੌਰ, ਦੀਪਕ ਚੌਧਰੀ, ਗੁਰਚਰਨ ਸਿੰਘ ਚੰਨ, ਰਮਨ ਸ਼ਰਮਾ, ਬਿਕਰਮਜੀਤ ਸਿੰਘ, ਗੁਰਦੇਵ ਸਿੰਘ ਸੋਨੂੰ ਚੀਮਾ ਨੇ ਚੋਣ ਵਿਭਾਗ ਦੀ ਇਸ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਆਪਣੇ ਬੂਥ 'ਤੇ ਹੀ ਲੋੜੀਂਦੀ ਜਾਣਕਾਰੀ ਅਤੇ ਸਹੂਲਤਾਂ ਪ੍ਰਾਪਤ ਹੋਈਆਂ ਹਨ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਛੋਟੇ-ਮੋਟੇ ਕੰਮਾਂ ਲਈ ਦਫ਼ਤਰਾਂ ਦੇ ਚੱਕਰ ਲਗਾਉਣੇ ਪੈਂਦੇ ਸਨ, ਪਰ ਹੁਣ ਇਹ ਸਹੂਲਤ ਉਨ੍ਹਾਂ ਦੇ ਨੇੜੇ ਉਪਲਬਧ ਹੋਣ ਨਾਲ ਸਮਾਂ ਅਤੇ ਖ਼ਰਚ ਦੋਵਾਂ ਦੀ ਬਚਤ ਹੋਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰ ਅਤੇ ਆਸ-ਪਾਸ ਦੇ ਲੋਕਾਂ ਨੂੰ ਵੀ ਇਸ ਮੁਹਿੰਮ ਨਾਲ ਜੋੜਨ ਅਤੇ ਚੋਣ ਪ੍ਰਕਿਰਿਆ ਨੂੰ ਮਜ਼ਬੂਤ ਬਣਾਉਣ ਵਿਚ ਆਪਣਾ ਯੋਗਦਾਨ ਦੇਣ।