- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਟੀ ਨਗਰ ਕੌਂਸਲ ਚੋਣਾਂ ’ਚ ਰਾਜਪ੍ਰੀਤ ਸਿੰਘ ਸੱਗੂ ਦੀ ਸ਼ਾਨਦਾਰ ਜਿੱਤ, ਰਾਮਗੜ੍ਹੀਆ ਬਰਾਦਰੀ ਨੇ ਵਿਸ਼ੇਸ਼ ਸਨਮਾਨ ਕੀਤਾ

ਬੱਲੂ ਮਹਿਤਾ•, ਪੰਜਾਬੀ ਜਾਗਰਣ
ਪੱਟੀ : ਪੱਟੀ ਸ਼ਹਿਰ ਦੀ ਸਥਾਨਕ ਰਾਜਨੀਤੀ ਵਿਚ ਇਕ ਵਾਰ ਫਿਰ ਨੌਜਵਾਨ ਚਿਹਰੇ ਵਜੋਂ ਉੱਭਰੇ ਰਾਜਪ੍ਰੀਤ ਸਿੰਘ ਸੱਗੂ ਨੇ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਨਗਰ ਕੌਂਸਲ ਚੋਣ ਲੜਦਿਆਂ ਵਾਰਡ ਨੰਬਰ 6 ਤੋਂ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਇਸ ਇਤਿਹਾਸਕ ਜਿੱਤ ਨਾਲ ਨਾ ਸਿਰਫ਼ ਉਨ੍ਹਾਂ ਦੇ ਸਮਰਥਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ, ਸਗੋਂ ਪੂਰੇ ਇਲਾਕੇ ਵਿਚ ਉਨ੍ਹਾਂ ਦੀ ਲੋਕਪ੍ਰਿਯਤਾ, ਮਿਹਨਤ ਅਤੇ ਸਿਆਸੀ ਸੂਝ-ਬੂਝ ਦੀ ਵੀ ਜ਼ੋਰਦਾਰ ਚਰਚਾ ਹੋ ਰਹੀ ਹੈ। ਰਾਜਪ੍ਰੀਤ ਸਿੰਘ ਸੱਗੂ ਪਹਿਲਾਂ ਵੀ ਇਕ ਵਾਰ ਨਗਰ ਕੌਂਸਲਰ ਰਹਿ ਚੁੱਕੇ ਹਨ ਅਤੇ ਆਪਣੇ ਪਹਿਲੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਲੋਕ ਭਲਾਈ ਦੇ ਕਈ ਸ਼ਲਾਘਾਯੋਗ ਕੰਮ ਕਰਵਾ ਕੇ ਇਲਾਕਾ ਵਾਸੀਆਂ ਦਾ ਭਰੋਸਾ ਜਿੱਤਿਆ ਸੀ। ਆਪਣੇ ਸਾਫ਼-ਸੁਥਰੇ ਅਕਸ, ਮਿਹਨਤੀ ਸੁਭਾਅ ਅਤੇ ਇਮਾਨਦਾਰ ਕਾਰਗੁਜ਼ਾਰੀ ਕਾਰਨ ਉਹ ਹਮੇਸ਼ਾ ਲੋਕਾਂ ਦੇ ਦਿਲਾਂ ਵਿਚ ਆਪਣੀ ਵੱਖਰੀ ਪਛਾਣ ਬਣਾਉਣ ਵਿਚ ਕਾਮਯਾਬ ਰਹੇ ਹਨ। ਇਸੇ ਕਾਰਨ ਵਾਰਡ ਨੰਬਰ 6 ਦੇ ਵੋਟਰਾਂ ਨੇ ਇਕ ਵਾਰ ਫਿਰ ਉਨ੍ਹਾਂ ’ਤੇ ਅਤੁੱਟ ਭਰੋਸਾ ਜਤਾਉਂਦਿਆਂ ਭਾਰੀ ਬਹੁਮਤ ਨਾਲ ਸਮਰਥਨ ਦਿੱਤਾ। ਰਾਜਪ੍ਰੀਤ ਸਿੰਘ ਸੱਗੂ ਨੂੰ ਰਾਜਨੀਤਿਕ ਅਤੇ ਸਮਾਜਿਕ ਸੇਵਾ ਦੀ ਵਿਰਾਸਤ ਆਪਣੇ ਪਰਿਵਾਰ ਤੋਂ ਗੁੜ੍ਹਤੀ ਵਜੋਂ ਮਿਲੀ ਹੈ। ਉਨ੍ਹਾਂ ਦੇ ਪਿਤਾ ਰਣਜੀਤ ਸਿੰਘ ਰਾਣਾ ਵੀ ਨਗਰ ਕੌਂਸਲਰ ਰਹਿ ਚੁੱਕੇ ਹਨ ਅਤੇ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਅਹਿਮ ਯੋਗਦਾਨ ਪਾਇਆ। ਇਸ ਤੋਂ ਇਲਾਵਾ ਰਾਜਪ੍ਰੀਤ ਸਿੰਘ ਦੇ ਦਾਦਾ ਕਾਮਰੇਡ ਹਜੂਰਾ ਸਿੰਘ ਵੀ ਇਲਾਕੇ ਦੇ ਇਕ ਸਮਾਜ ਸੇਵੀ ਅਤੇ ਰਾਜਨੀਤਿਕ ਸ਼ਖ਼ਸੀਅਤ ਰਹੇ ਹਨ।
- ਵਾਰਡ ਵਾਸੀਆਂ ਦਾ ਕੀਤਾ ਧੰਨਵਾਦ
ਚੋਣ ਨਤੀਜੇ ਆਉਣ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਅਤੇ ਇਲਾਕਾ ਵਾਸੀਆਂ ਵੱਲੋਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਮੌਕੇ ਰਾਜਪ੍ਰੀਤ ਸਿੰਘ ਸੱਗੂ ਨੇ ਸਮੂਹ ਵਾਰਡ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਲੋਕਾਂ ਵੱਲੋਂ ਦਿੱਤੇ ਗਏ ਇਸ ਪਿਆਰ ਅਤੇ ਭਰੋਸੇ ’ਤੇ ਪੂਰੀ ਤਰ੍ਹਾਂ ਖਰਾ ਉਤਰਨ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਵਾਰਡ ਦੇ ਚੌਤਰਫ਼ੇ ਵਿਕਾਸ, ਸਫ਼ਾਈ ਵਿਵਸਥਾ, ਬੁਨਿਆਦੀ ਸਹੂਲਤਾਂ ਅਤੇ ਲੋਕਾਂ ਦੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਨੂੰ ਪਹਿਲ ਦੇ ਆਧਾਰ ’ਤੇ ਲਿਆ ਜਾਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਹਰ ਵੇਲੇ ਲੋਕਾਂ ਦੀ ਸੇਵਾ ਲਈ ਹਾਜ਼ਰ ਰਹਿਣਗੇ ਅਤੇ ਪੱਟੀ ਸ਼ਹਿਰ ਦੀ ਨੁਹਾਰ ਬਦਲਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ।
- ਗ੍ਰਹਿ ਵਿਖੇ ਪਹੁੰਚਣ ’ਤੇ ਹੋਇਆ ਸਨਮਾਨ
ਇਸ ਖੁਸ਼ੀ ਦੇ ਮੌਕੇ ਰਾਮਗੜ੍ਹੀਆ ਬਰਾਦਰੀ ਦੇ ਪ੍ਰਧਾਨ ਪ੍ਰਤਾਪ ਸਿੰਘ ਐੱਨਆਰਆਈ ਵੱਲੋਂ ਰਾਜਪ੍ਰੀਤ ਸਿੰਘ ਸੱਗੂ ਨੂੰ ਆਪਣੇ ਗ੍ਰਹਿ ਵਿਖੇ ਵਿਸ਼ੇਸ਼ ਤੌਰ ’ਤੇ ਆਉਣ ਦਾ ਸੱਦਾ ਦਿੱਤਾ ਗਿਆ, ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਕਰਦਿਆਂ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਪ੍ਰਭਾਵਸ਼ਾਲੀ ਸਨਮਾਨ ਸਮਾਗਮ ਦੌਰਾਨ ਇਲਾਕੇ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ, ਜਿਨ੍ਹਾਂ ਵਿਚ ਰਜਿੰਦਰ ਸਿੰਘ ਰਾਜੂ, ਜਰਨੈਲ ਸਿੰਘ, ਰਜਵੰਤ ਸਿੰਘ ਰਾਜ, ਅਵਤਾਰ ਸਿੰਘ ਢਿੱਲੋਂ, ਪਰਮਜੀਤ ਸਿੰਘ ਪੰਮਾ, ਗੁਰਦੀਪ ਸਿੰਘ ਦਲੇਰ, ਗੁਰਮੀਤ ਸਿੰਘ, ਗੁਰਵਿੰਦਰ ਸਿੰਘ ਗੋਰਾ, ਜਰਨੈਲ ਸਿੰਘ ਸੋਨੂੰ, ਗੁਰਸੇਵ ਸਿੰਘ ਲਾਡਾ, ਗੁਰਵਿੰਦਰ ਸਿੰਘ, ਠੇਕੇਦਾਰ ਗਿਆਨ ਸਿੰਘ, ਬਲਵਿੰਦਰ ਸਿੰਘ ਪਨਗੋਟਾ, ਜਸਵੰਤ ਸਿੰਘ, ਦਲਜੀਤ ਰਾਜੂ ਅਤੇ ਪਰਮਿੰਦਰ ਸਿੰਘ ਭਿੰਦਾ ਆਦਿ ਵਿਸ਼ੇਸ਼ ਤੌਰ 'ਤੇ ਸ਼ਾਮਿਲ ਸਨ। ਸਾਰਿਆਂ ਨੇ ਰਾਜਪ੍ਰੀਤ ਸਿੰਘ ਸੱਗੂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਉਮੀਦ ਜਤਾਈ ਕਿ ਉਹ ਸ਼ਹਿਰ ਦੇ ਵਿਕਾਸ ਵਿਚ ਨਵੇਂ ਮੀਲ ਪੱਥਰ ਸਥਾਪਿਤ ਕਰਨਗੇ।