ਪਟਿਆਲਾ ’ਚ ਨੌਜਵਾਨਾਂ ’ਤੇ ਲਾਠੀਚਾਰਜ ਸਰਕਾਰ ਦੀ ਨਾਕਾਮੀ ਤੇ ਤਾਨਾਸ਼ਾਹੀ ਦਾ ਸਬੂਤ : ਐਡਵੋਕੇਟ ਪੰਨੂ
ਪਟਿਆਲਾ ’ਚ ਨੌਜਵਾਨਾਂ ’ਤੇ ਲਾਠੀਚਾਰਜ ਸਰਕਾਰ ਦੀ ਨਾਕਾਮੀ ਤੇ ਤਾਨਾਸ਼ਾਹੀ ਦਾ ਸਬੂਤ - ਐਡਵੋਕੇਟ ਪੰਨੂੰ
Publish Date: Sat, 06 Jun 2026 04:56 PM (IST)
Updated Date: Sat, 06 Jun 2026 04:59 PM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਅਕਾਲੀ ਦਲ ਵਾਰਿਸ ਪੰਜਾਬ ਦੇ ਬੁਲਾਰੇ ਐਡਵੋਕੇਟ ਕਰਮਵੀਰ ਸਿੰਘ ਪੰਨੂ ਨੇ ਪਟਿਆਲਾ ਵਿਖੇ ਆਪਣੀਆਂ ਹੱਕੀ ਮੰਗਾਂ ਲਈ ਸ਼ਾਂਤਮਈ ਧਰਨੇ ’ਤੇ ਬੈਠੇ ਬਿਜਲੀ ਬੋਰਡ ਦੇ ਨੌਜਵਾਨਾਂ ਉੱਤੇ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਅਤੇ ਕੁੱਟਮਾਰ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਇਹ ਘਟਨਾ ਭਗਵੰਤ ਮਾਨ ਸਰਕਾਰ ਦਾ ਅਸਲ ਚਿਹਰਾ ਬੇਨਕਾਬ ਕਰਦੀ ਹੈ। ਉਨ੍ਹਾਂ ਕਿਹਾ ਕਿ ਜਿਹੜੀ ਸਰਕਾਰ ਬਦਲਾਅ, ਰੁਜ਼ਗਾਰ ਅਤੇ ਇਨਸਾਫ਼ ਦੇ ਵਾਅਦੇ ਕਰਕੇ ਸੱਤਾ ਵਿਚ ਆਈ ਸੀ, ਅੱਜ ਉਹੀ ਸਰਕਾਰ ਆਪਣੇ ਹੱਕਾਂ ਲਈ ਆਵਾਜ਼ ਚੁੱਕਣ ਵਾਲੇ ਨੌਜਵਾਨਾਂ ਨੂੰ ਡੰਡਿਆਂ ਦੇ ਜ਼ੋਰ ਨਾਲ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਲੋਕਤੰਤਰ ਨਹੀਂ, ਸਗੋਂ ਤਾਨਾਸ਼ਾਹੀ ਦੀ ਨਿਸ਼ਾਨੀ ਹੈ। ਐਡਵੋਕੇਟ ਪੰਨੂੰ ਨੇ ਕਿਹਾ ਕਿ ਸਭ ਤੋਂ ਵੱਧ ਦੁਖਦਾਈ ਗੱਲ ਇਹ ਹੈ ਕਿ ਇਸ ਪੁਲਿਸ ਕਾਰਵਾਈ ਦੌਰਾਨ ਕਈ ਬੇਰੁਜ਼ਗਾਰਾਂ ਦੀਆਂ ਦਸਤਾਰਾਂ ਉੱਤਰੀਆਂ ਅਤੇ ਪੱਗਾਂ ਦੀ ਬੇਅਦਬੀ ਹੋਈ, ਜਿਸ ਦੀਆਂ ਤਸਵੀਰਾਂ ਪੂਰੇ ਪੰਜਾਬ ਨੇ ਦੇਖੀਆਂ ਹਨ। ਦਸਤਾਰ ਸਿੱਖ ਕੌਮ ਦੀ ਆਨ, ਸ਼ਾਨ ਅਤੇ ਸਵੈਮਾਣ ਦਾ ਪ੍ਰਤੀਕ ਹੈ। ਇਸ ਦੀ ਬੇਅਦਬੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਤਿੰਨ ਸਾਲ ਤੋਂ ਵੱਧ ਸਮੇਂ ਤੋਂ ਖਡੂਰ ਸਾਹਿਬ ਤੋਂ ਚੁਣੇ ਹੋਏ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਤੋਂ ਦੂਰ ਰੱਖਿਆ ਗਿਆ ਅਤੇ ਹਰ ਵਾਰ ਇਹ ਦਲੀਲ ਦਿੱਤੀ ਗਈ ਕਿ ਉਨ੍ਹਾਂ ਦੇ ਪੰਜਾਬ ਆਉਣ ਨਾਲ ਮਾਹੌਲ ਖਰਾਬ ਹੋ ਜਾਵੇਗਾ। ਪਰ ਅੱਜ ਪੰਜਾਬ ਦੀ ਜਨਤਾ ਪੁੱਛ ਰਹੀ ਹੈ ਕਿ ਪੰਜਾਬ ਦਾ ਮਾਹੌਲ ਅਸਲ ਵਿਚ ਕਿਸ ਨੇ ਖ਼ਰਾਬ ਕੀਤਾ ਹੈ? ਨਸ਼ਿਆਂ ਨੇ, ਬੇਰੁਜ਼ਗਾਰੀ ਨੇ, ਕਿਸਾਨਾਂ ਅਤੇ ਮੁਲਾਜ਼ਮਾਂ ਦੀਆਂ ਅਣਸੁਣੀਆਂ ਨੇ, ਜਾਂ ਉਨ੍ਹਾਂ ਨੌਜਵਾਨਾਂ ਨੇ ਜੋ ਨਸ਼ਿਆਂ ਤੋਂ ਤੌਬਾ ਕਰਕੇ ਗੁਰੂ ਦੇ ਲੜ ਲੱਗੇ ਹਨ ਅਤੇ ਆਪਣੇ ਹੱਕਾਂ ਲਈ ਸ਼ਾਂਤਮਈ ਸੰਘਰਸ਼ ਕਰ ਰਹੇ ਹਨ? ਉਨ੍ਹਾਂ ਕਿਹਾ ਕਿ ਪੰਜਾਬ ਅੱਜ ਨਸ਼ਿਆਂ, ਬੇਰੁਜ਼ਗਾਰੀ ਅਤੇ ਲਗਾਤਾਰ ਵੱਧ ਰਹੇ ਪਰਵਾਸ ਦੀ ਮਾਰ ਹੇਠ ਹੈ। ਸਰਕਾਰ ਕੋਲ ਇਨ੍ਹਾਂ ਸਮੱਸਿਆਵਾਂ ਦਾ ਹੱਲ ਨਹੀਂ, ਇਸ ਲਈ ਆਪਣੀ ਨਾਕਾਮੀ ਛੁਪਾਉਣ ਲਈ ਉਹ ਡੰਡੇ ਅਤੇ ਦਮਨ ਦੀ ਨੀਤੀ ਅਪਣਾ ਰਹੀ ਹੈ। ਪਰ ਪੰਜਾਬ ਦਾ ਨੌਜਵਾਨ ਹੁਣ ਜਾਗ ਚੁੱਕਾ ਹੈ ਅਤੇ ਸੱਚ ਤੇ ਝੂਠ ਵਿਚ ਫ਼ਰਕ ਕਰਨਾ ਜਾਣਦਾ ਹੈ। ਐਡਵੋਕੇਟ ਕਰਮਵੀਰ ਸਿੰਘ ਪੰਨੂੰ ਨੇ ਮੰਗ ਕੀਤੀ ਕਿ ਲਾਠੀਚਾਰਜ ਦੇ ਹੁਕਮ ਦੇਣ ਵਾਲੇ ਅਤੇ ਦਸਤਾਰਾਂ ਦੀ ਬੇਅਦਬੀ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ, ਜ਼ਖ਼ਮੀ ਨੌਜਵਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਉਨ੍ਹਾਂ ਦੀਆਂ ਹੱਕੀ ਮੰਗਾਂ ਦਾ ਫੌਰੀ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦਾ ਨੌਜਵਾਨ ਸਭ ਕੁਝ ਦੇਖ ਰਿਹਾ ਹੈ। ਝੂਠੇ ਵਾਅਦਿਆਂ ਅਤੇ ਇਸ਼ਤਿਹਾਰੀ ਰਾਜਨੀਤੀ ਦਾ ਪਰਦਾ ਹੁਣ ਉੱਤਰ ਰਿਹਾ ਹੈ। ਸਾਲ 2027 ਵਿਚ ਪੰਜਾਬ ਦੀ ਜਨਤਾ ਲੋਕ ਵਿਰੋਧੀ ਨੀਤੀਆਂ ਅਤੇ ਧੱਕੇਸ਼ਾਹੀ ਦਾ ਜਵਾਬ ਬੈਲਟ ਦੀ ਤਾਕਤ ਨਾਲ ਦੇਵੇਗੀ।