ਅਫਸੋਸ ਲਈ ਆਏ ਨੌਜਵਾਨ ਨੂੰ ਮਾਰੀਆਂ ਗੋਲੀਆਂ
ਦੋਸਤ ਦੀ ਮਾਤਾ ਦੇ ਦੇਹਾਂਤ ’ਤੇ ਅਫਸੋਸ ਲਈ ਆਏ ਨੌਜਵਾਨ ਨੂੰ ਮਾਰੀਆਂ ਗੋਲੀਆਂ
Publish Date: Fri, 24 Apr 2026 07:24 PM (IST)
Updated Date: Sat, 25 Apr 2026 04:11 AM (IST)

ਇਕ ਹੀ ਪਰਿਵਾਰ ਦੇ ਚਾਰ ਲੋਕਾਂ ਵਿਰੁੱਧ ਕੇਸ ਦਰਜ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ ਤਰਨਤਾਰਨ ਦੇ ਮੁਹੱਲਾ ਗੁਰੂ ਕਾ ਖੂਹ ਵਿਖੇ ਦੋਸਤ ਦੀ ਮਾਤਾ ਦੇ ਦੇਹਾਂਤ ’ਤੇ ਅਫਸੋਸ ਕਰਨ ਲਈ ਆਏ ਇਕ ਨੌਜਵਾਨ ਨੂੰ ਕਥਿਤ ਤੌਰ ’ਤੇ ਗੋਲੀਆਂ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਜ਼ਖਮੀ ਹਾਲਤ ’ਚ ਤਰਨਤਾਰਨ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਮੌਕੇ ’ਤੇ ਪੁੱਜੀ ਚੌਕੀ ਟਾਊਨ ਦੀ ਪੁਲਿਸ ਨੇ ਕਾਰਵਾਈ ਕਰਦਿਆਂ ਇਕ ਹੀ ਪਰਿਵਾਰ ਦੇ ਚਾਰ ਲੋਕਾਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਰਛਪਾਲ ਸਿੰਘ ਫੌਜੀ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਸੰਘੇ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਆਪਣੇ ਭਰਾ ਪ੍ਰਭਜੀਤ ਸਿੰਘ ਸਮੇਤ ਆਪਣੇ ਦੋਸਤ ਹੀਰਾ ਸਿੰਘ ਪੁੱਤਰ ਬਿੰਦਰ ਸਿੰਘ ਵਾਸੀ ਮੁਹੱਲਾ ਗੁਰੂ ਕਾ ਖੂਹ ਦੀ ਮਾਤਾ ਕੁਲਵੰਤ ਕੌਰ ਦੇ ਦੇਹਾਂਤ ਦਾ ਅਫਸੋਸ ਕਰਨ ਲਈ ਆਇਆ ਸੀ। ਜਦੋਂ ਉਹ ਹੀਰਾ ਸਿੰਘ ਦੇ ਘਰ ਦੇ ਬਾਹਰ ਖੜਾ ਸੀ ਤਾਂ ਉਨ੍ਹਾਂ ਦੇ ਕੋਲ ਸੰਨੀ ਪੁੱਤਰ ਧੀਰਾ ਸਿੰਘ ਵੀ ਆ ਕੇ ਖੜਾ ਹੋ ਗਿਆ। ਇਸੇ ਦੌਰਾਨ ਮੋਹਿਤ, ਉਸਦਾ ਭਰਾ ਵਿਨੇ, ਪਿਤਾ ਮੁਕੱਦਰ ਸਿੰਘ ਅਤੇ ਮਾਤਾ ਅਨੀਤਾ ਵਾਸੀ ਤਰਨਤਾਰਨ ਉਥੇ ਆਏ ਅਤੇ ਉਸਦੇ ਭਰਾ ਪ੍ਰਭਜੀਤ ਸਿੰਘ ਨਾਲ ਤਕਰਾਰ ਕਰਨ ਲੱਗੇ, ਜਦੋਂ ਉਸਨੇ ਅਜਿਹਾ ਕਰਨ ਤੋਂ ਰੋਕਿਆ ਤਾਂ ਮੋਹਿਤ ਨੇ ਪਿਸਟਲ ਕੱਢਿਆ ਤੇ ਉਸ ਵੱਲ ਗੋਲੀ ਚਲਾ ਦਿੱਤੀ। ਜਿਨ੍ਹਾਂ ਵਿੱਚੋਂ ਇਕ ਗੋਲੀ ਉਸਦੀ ਲੱਤ ’ਤੇ ਲੱਗੀ ਤੇ ਉਹ ਡਿੱਗ ਪਿਆ। ਰੌਲਾ ਪੈਣ ’ਤੇ ਉਕਤ ਸਾਰੇ ਲੋਕ ਮੌਕੇ ਤੋਂ ਫਰਾਰ ਹੋ ਗਏ। ਚੌਕੀ ਇੰਚਾਰਜ ਏਐੱਸਆਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਰਛਪਾਲ ਸਿੰਘ ਦੇ ਬਿਆਨਾਂ ਵਿਚ ਦਰਜ ਚਾਰੇ ਲੋਕਾਂ ਨੂੰ ਜਾਨਲੇਵਾ ਹਮਲਾ ਕਰਨ ਦੀਆਂ ਧਾਰਾਵਾਂ ਤਹਿਤ ਨਾਮਜ਼ਦ ਕਰ ਲਿਆ ਗਿਆ ਹੈ ਤੇ ਅਗਲੀ ਜਾਂਚ ਲਈ ਏਐੱਸਆਈ ਸੁਰਜੀਤ ਸਿੰਘ ਦੀ ਡਿਊਟੀ ਲਗਾਈ ਗਈ ਹੈ।