ਲੋਟਸ ਵੈਲੀ ’ਚ ‘ਸਹਾਨੁਭੂਤੀ’ ਵਿਸ਼ੇ ’ਤੇ ਪ੍ਰਭਾਵਸ਼ਾਲੀ ਅਸੈਂਬਲੀ
ਲੋਟਸ ਵੈਲੀ ਸੀਨੀਅਰ ਸਕੂਲ ’ਚ ਸੱਤਵੀਂ ਕਲਾਸ ਨੇ ਕੀਤੀ ‘ਸਹਾਨੁਭੂਤੀ’ ਵਿਸ਼ੇ ’ਤੇ ਪ੍ਰਭਾਵਸ਼ਾਲੀ ਅਸੈਂਬਲੀ
Publish Date: Fri, 24 Apr 2026 06:48 PM (IST)
Updated Date: Sat, 25 Apr 2026 04:10 AM (IST)

ਗੁਰਬਰਿੰਦਰ ਸਿੰਘ, •ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ ਲੋਟਸ ਵੈਲੀ ਸੀਨੀਅਰ ਸਕੂਲ ਕੋਟ ਮੁਹੰਮਦ ਖਾਂ ਵਿਖੇ ਸੱਤਵੀਂ ਕਲਾਸ ਦੇ ਵਿਦਿਆਰਥੀਆਂ ਵੱਲੋਂ ਸਹਾਨੁਭੂਤੀ ਵਿਸ਼ੇ ’ਤੇ ਪ੍ਰੇਰਣਾਦਾਇਕ ਅਸੈਂਬਲੀ ਆਯੋਜਿਤ ਕੀਤੀ ਗਈ। ਇਸ ਅਸੈਂਬਲੀ ਦਾ ਮਕਸਦ ਵਿਦਿਆਰਥੀਆਂ ਨੂੰ ਦੂਜਿਆਂ ਦੇ ਭਾਵਨਾਂ ਨੂੰ ਸਮਝਣ ਅਤੇ ਉਨ੍ਹਾਂ ਨਾਲ ਜੁੜਨ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਸੀ। ਪ੍ਰੋਗਰਾਮ ਦੀ ਸ਼ੁਰੂਆਤ ਮਧੁਰ ਗੀਤ ਨਾਲ ਹੋਈ, ਜਿਸ ਨੇ ਸਭ ਨੂੰ ਭਾਵੁਕ ਕਰ ਦਿੱਤਾ। ਇਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਸੋਚਣ ਲਈ ਮਜਬੂਰ ਕਰਨ ਵਾਲਾ ਨਾਟਕ ਪੇਸ਼ ਕੀਤਾ ਗਿਆ, ਜਿਸ ਵਿਚ ਰੋਜ਼ਾਨਾ ਜੀਵਨ ’ਚ ਸਹਾਨੁਭੂਤੀ ਦੀ ਲੋੜ ਨੂੰ ਦਰਸਾਇਆ ਗਿਆ। ਸੁੰਦਰ ਕੋਰਿਓਗ੍ਰਾਫੀ ਰਾਹੀਂ ਵੀ ਇਸ ਸੰਦੇਸ਼ ਨੂੰ ਰੂਪਕ ਤਰੀਕੇ ਨਾਲ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਕਵਿਤਾਵਾਂ ਰਾਹੀਂ ਪਿਆਰ, ਦਇਆ ਅਤੇ ਮਨੁੱਖਤਾ ਦੇ ਮੂਲ ਮੁੱਲਾਂ ਨੂੰ ਉਜਾਗਰ ਕੀਤਾ। ਇਸ ਮੌਕੇ ਸਕੂਲ ਦੇ ਡਾਇਰੈਕਟਰ ਸਰਵਜੀਤ ਸਿੰਘ ਗਿੱਲ ਨੇ ਸਹਾਨੁਭੂਤੀ ਦੀ ਅਸਲੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਸਮਝਾਇਆ ਅਤੇ ਉਨ੍ਹਾਂ ਨੂੰ ਆਪਣੇ ਦਿਨਚਰਿਆ ਵਿਚ ਇਸ ਗੁਣ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਜਤਿੰਦਰ ਕੌਰ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਹਾਨੁਭੂਤੀ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ, ਕਿਉਂਕਿ ਇਹ ਸਾਨੂੰ ਇਕ ਚੰਗਾ ਇਨਸਾਨ ਬਣਾਉਂਦੀ ਹੈ ਅਤੇ ਸਮਾਜ ਵਿਚ ਸਾਂਝ ਅਤੇ ਸਮਰਸਤਾ ਨੂੰ ਮਜ਼ਬੂਤ ਕਰਦੀ ਹੈ।