ਪੱਟੀ ਦੀਆਂ 19 ਵਾਰਡਾਂ ’ਚ ਨਗਰ ਕੌਂਸਲ ਚੋਣਾਂ ਲਈ ਚੜ੍ਹਿਆ ਸਿਆਸੀ ਪਾਰਾ
ਪੱਟੀ ਦੀਆਂ 19 ਵਾਰਡਾਂ ‘ਚ ਨਗਰ ਕੌਂਸਲ ਚੋਣਾਂ ਲਈ ਚੜ੍ਹਿਆ ਸਿਆਸੀ ਪਾਰਾ
Publish Date: Fri, 24 Apr 2026 05:54 PM (IST)
Updated Date: Sat, 25 Apr 2026 04:08 AM (IST)

ਨਵੇਂ ਚਿਹਰੇ ਵੱਧ ਸਰਗਰਮ, ਵੋਟਰਾਂ ਨਾਲ ਸੰਪਰਕ ਮੁਹਿੰਮਾਂ ’ਚ ਤੇਜ਼ੀ ਬੱਲੂ ਮਹਿਤਾ•, ਪੰਜਾਬੀ ਜਾਗਰਣ, ਪੱਟੀ : ਪੱਟੀ ਸ਼ਹਿਰ ਦੀਆਂ 19 ਵਾਰਡਾਂ ਵਿਚ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਗਰਮ ਹੋ ਚੁੱਕਾ ਹੈ। ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਵੱਖ-ਵੱਖ ਪਾਰਟੀਆਂ ਅਤੇ ਆਜ਼ਾਦ ਤੌਰ ’ਤੇ ਚੋਣ ਲੜਨ ਦੇ ਇੱਛੁਕ ਉਮੀਦਵਾਰਾਂ ਵੱਲੋਂ ਆਪਣੀ ਉਮੀਦਵਾਰੀ ਨੂੰ ਮਜ਼ਬੂਤ ਕਰਨ ਲਈ ਹਲਚਲ ਤੇਜ਼ ਕਰ ਦਿੱਤੀ ਗਈ ਹੈ। ਸ਼ਹਿਰ ਦੀਆਂ ਕਈ ਵਾਰਡਾਂ ਵਿਚ ਸੰਭਾਵੀ ਉਮੀਦਵਾਰ ਵੋਟਰਾਂ ਨਾਲ ਸਿੱਧਾ ਸੰਪਰਕ ਬਣਾਉਂਦੇ ਨਜ਼ਰ ਆ ਰਹੇ ਹਨ ਅਤੇ ਆਪਣੇ ਹੱਕ ਵਿਚ ਮਾਹੌਲ ਤਿਆਰ ਕਰਨ ਲਈ ਮੀਟਿੰਗਾਂ, ਘਰ-ਘਰ ਦੌਰੇ ਅਤੇ ਛੋਟੇ-ਛੋਟੇ ਸਮਾਗਮ ਕਰ ਰਹੇ ਹਨ। ਇਸ ਵਾਰ ਦੀਆਂ ਚੋਣਾਂ ਵਿਚ ਸਭ ਤੋਂ ਦਿਲਚਸਪ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਵੱਡੀ ਗਿਣਤੀ ਨਵੇਂ ਚਿਹਰੇ ਮੈਦਾਨ ਵਿਚ ਉਤਰ ਰਹੇ ਹਨ। ਜਿੱਥੇ ਪੁਰਾਣੇ ਤਜੁਰਬੇਕਾਰ ਉਮੀਦਵਾਰ ਆਪਣਾ ਅਨੁਭਵ ਅਤੇ ਪਿਛਲੇ ਕੰਮਾਂ ਨੂੰ ਅਧਾਰ ਬਣਾ ਕੇ ਲੋਕਾਂ ਨੂੰ ਆਪਣੇ ਹੱਕ ਵਿਚ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉੱਥੇ ਨਵੇਂ ਉਮੀਦਵਾਰ ਨਵੀਂ ਸੋਚ ਅਤੇ ਵਿਕਾਸ ਦੇ ਵਾਅਦਿਆਂ ਨਾਲ ਵੋਟਰਾਂ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰਕੇ ਫੋਨ ’ਤੇ ਰਾਬਤਾ ਕਰ ਰਹੇ ਹਨ। ਇੱਥੇ ਆਮ ਆਦਮੀ ਪਾਰਟੀ ਦੇ ਕਈ ਵਾਰਡਾਂ ਵਿਚ ਦੋ-ਦੋ ਆਗੂ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਹਾਲਾਂਕਿ ਟਿਕਟਾਂ ਦੀ ਵੰਡ ਹਲਕੇ ਦੇ ਵਿਧਾਇਕ ਜਾ ਪਾਰਟੀ ਹਾਈਕਮਾਂਡ ਵੱਲੋਂ ਕੀਤੀ ਜਾਣੀ ਹੈ। ਉਥੇ ਬਾਕੀ ਪਾਰਟੀਆ ਜਿਨ੍ਹਾਂ ਵਿਚ ਕਾਂਗਰਸ, ਆਦੇਸ਼ ਪ੍ਰਤਾਪ ਕੈਰੋਂ ਟੀਮ, ਭਾਰਤੀ ਜਨਤਾ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਅੰਮ੍ਰਿਤਪਾਲ ਟੀਮ ਅਤੇ ਅਜਾਦ ਤੌਰ ’ਤੇ ਉਮੀਦਵਾਰ ਸਾਹਮਣੇ ਆਉਣਗੇ। ਬਾਕਸ- ਨੌਜਵਾਨ ਵਰਗ ਵਧੇਰੇ ਸਰਗਰਮ ਸ਼ਹਿਰ ਵਿਚ ਦੇਖਿਆ ਜਾ ਰਿਹਾ ਹੈ ਕਿ ਨੌਜਵਾਨ ਵਰਗ ਖਾਸ ਤੌਰ ’ਤੇ ਸਰਗਰਮ ਹੈ। ਉਹ ਸੋਸ਼ਲ ਮੀਡੀਆ ਦੇ ਨਾਲ-ਨਾਲ ਮੈਦਾਨੀ ਪੱਧਰ ‘ਤੇ ਵੀ ਆਪਣੀ ਪਕੜ ਮਜ਼ਬੂਤ ਕਰਨ ਵਿਚ ਲੱਗੇ ਹੋਏ ਹਨ। ਇਸ ਦੇ ਨਾਲ ਹੀ ਔਰਤ ਉਮੀਦਵਾਰਾਂ ਦੀ ਭਾਗੀਦਾਰੀ ਵੀ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਜੋ ਚੋਣੀ ਮਾਹੌਲ ਨੂੰ ਨਵਾਂ ਰੰਗ ਦੇ ਸਕਦੀ ਹੈ। ਜੇਕਰ ਪਿਛਲੀਆਂ ਨਗਰ ਕੌਂਸਲ ਚੋਣਾਂ ‘ਤੇ ਨਜ਼ਰ ਮਾਰੀ ਜਾਵੇ ਤਾਂ ਉਸ ਵੇਲੇ 19 ਵਾਰਡਾਂ ਵਿੱਚੋਂ 5 ਵਾਰਡਾਂ ’ਚ ਉਮੀਦਵਾਰ ਬਿਨਾਂ ਮੁਕਾਬਲੇ ਦੇ ਚੁਣੇ ਗਏ ਸਨ। ਜਦੋਂਕਿ ਬਾਕੀ 14 ਵਾਰਡਾਂ ਵਿਚ ਸਿੱਧਾ ਮੁਕਾਬਲਾ ਦੇਖਣ ਨੂੰ ਮਿਲਿਆ ਸੀ। ਪਰ ਇਸ ਵਾਰ ਦੇ ਹਾਲਾਤ ਵੱਖਰੇ ਦਿਖਾਈ ਦੇ ਰਹੇ ਹਨ। ਸਿਆਸੀ ਜਾਗਰੂਕਤਾ ਵਧਣ ਨਾਲ ਲਗਭਗ ਹਰ ਵਾਰਡ ਵਿਚ ਕਈ ਉਮੀਦਵਾਰ ਚੋਣ ਲੜਨ ਲਈ ਤਿਆਰ ਦਿਖ ਰਹੇ ਹਨ, ਜਿਸ ਨਾਲ ਬਿਨਾਂ ਮੁਕਾਬਲੇ ਚੋਣ ਹੋਣ ਦੀ ਸੰਭਾਵਨਾ ਘੱਟ ਨਜ਼ਰ ਆ ਰਹੀ ਹੈ। ਬਾਕਸ- ਚੋਣਾਂ ਵਿਚ ਸਖਤ ਮੁਕਾਬਲੇ ਦੇ ਆਸਾਰ : ਸਿਆਸੀ ਮਾਹਿਰ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਵਾਰ ਚੋਣਾਂ ਵਿਚ ਮੁਕਾਬਲਾ ਕਾਫੀ ਸਖਤ ਹੋਵੇਗਾ। ਕਿਉਂਕਿ ਹਰ ਵਾਰਡ ਵਿਚ ਉਮੀਦਵਾਰਾਂ ਦੀ ਗਿਣਤੀ ਵੱਧ ਰਹੀ ਹੈ ਅਤੇ ਵੋਟਰ ਵੀ ਪਹਿਲਾਂ ਨਾਲੋਂ ਵੱਧ ਜਾਗਰੂਕ ਹੋ ਚੁੱਕੇ ਹਨ। ਇਸ ਕਰਕੇ ਜਿੱਤ ਉਹੀ ਉਮੀਦਵਾਰ ਹਾਸਲ ਕਰੇਗਾ ਜੋ ਲੋਕਾਂ ਨਾਲ ਨਿੱਜੀ ਜੋੜ ਬਣਾਉਣ ਦੇ ਨਾਲ-ਨਾਲ ਮਜ਼ਬੂਤ ਯੋਜਨਾਵਾਂ ਪੇਸ਼ ਕਰੇਗਾ। ਫਿਲਹਾਲ ਪੱਟੀ ਸ਼ਹਿਰ ਵਿਚ ਚੋਣੀ ਤਿਆਰੀਆਂ ਨੇ ਰਫ਼ਤਾਰ ਫੜ ਲਈ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇਹ ਸਿਆਸੀ ਸਰਗਰਮੀਆਂ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ। ਬਾਕਸ ਲਾਲਜੀਤ ਸਿੰਘ ਭੁੱਲਰ ਦੀ ਅਗਵਾਈ ’ਚ ਲੜੀਆ ਜਾਣਗੀਆਂ ਚੋਣਾਂ : ਐਡਵੋਕੇਟ ਸੱਗੂ ਆਪ ਦੇ ਬਲਾਕ ਪ੍ਰਧਾਨ ਐਡਵੋਕੇਟ ਰਾਜਨਪ੍ਰੀਤ ਸਿੰਘ ਸੱਗੂ ਨੇ ਕਿਹਾ ਕਿ ਪੱਟੀ ਹਲਕੇ ਵਿਚ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਵਿਧਾਇਕ ਲਾਲਜੀਤ ਸਿੰਘ ਭੁੱਲਰ ਸਾਬਕਾ ਕੈਬਨਿਟ ਮੰਤਰੀ ਪੰਜਾਬ ਦੀ ਅਗਵਾਈ ਹੇਠ ਲੜੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਵਿਕਾਸ ਕਾਰਜਾਂ ਦੇ ਆਧਾਰ ‘ਤੇ ਲੋਕਾਂ ਦਾ ਸਮਰਥਨ ਹਾਸਲ ਕੀਤਾ ਜਾਵੇਗਾ ਅਤੇ ਹਰ ਵਾਰਡ ਵਿਚ ਮਜ਼ਬੂਤ ਉਮੀਦਵਾਰ ਖੜ੍ਹੇ ਕੀਤੇ ਜਾਣਗੇ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਪੂਰੀ ਤਾਕਤ ਨਾਲ ਚੋਣ ਮੈਦਾਨ ਵਿਚ ਉਤਰ ਕੇ ਜਿੱਤ ਦਰਜ ਕਰੇਗੀ। ਬਾਕਸ ਗਿੱਲ ਦੀ ਅਗਵਾਈ ਹੇਠ ਪਾਰਟੀ ਇਕਜੁੱਟ ਹੋ ਕੇ ਚੋਣਾਂ ਲੜੇਗੀ : ਵਿਜੇ ਸ਼ਰਮਾ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਜੇ ਸ਼ਰਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਨਗਰ ਕੌਂਸਲ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਪਾਰਟੀ ਇਕਜੁੱਟ ਹੋ ਕੇ ਚੋਣਾਂ ਲੜੇਗੀ ਅਤੇ ਲੋਕਾਂ ਦੇ ਮੁੱਦਿਆਂ ਨੂੰ ਪ੍ਰਮੁੱਖਤਾ ਦੇ ਕੇ ਜਿੱਤ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਵਰਕਰਾਂ ਵਿਚ ਭਾਰੀ ਉਤਸ਼ਾਹ ਹੈ ਅਤੇ ਲੋਕਾਂ ਦਾ ਭਰੋਸਾ ਪਾਰਟੀ ਨਾਲ ਜੁੜ ਰਿਹਾ ਹੈ। ਬਾਕਸ- ਕੈਰੋਂ ਟੀਮ ਨੂੰ ਸ਼ਹਿਰ ਵਿਚ ਮਿਲ ਰਿਹਾ ਸਮਰਥਨ : ਚੰਨ ਪ੍ਰਧਾਨ ਕੈਰੋਂ ਟੀਮ ਦੇ ਸ਼ਹਿਰੀ ਪ੍ਰਧਾਨ ਗੁਰਚਰਨ ਸਿੰਘ ਚੰਨ ਨੇ ਕਿਹਾ ਕਿ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਅਗਵਾਈ ਵਿਚ ਲੜੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਟੀਮ ਪੂਰੀ ਤਰ੍ਹਾਂ ਮੈਦਾਨ ਵਿਚ ਸਰਗਰਮ ਹੈ ਅਤੇ ਹਰੇਕ ਵਾਰਡ ਵਿਚ ਲੋਕਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੈਰੋਂ ਟੀਮ ਨੂੰ ਸ਼ਹਿਰ ਵਿਚ ਵੱਡਾ ਸਮਰਥਨ ਮਿਲ ਰਿਹਾ ਹੈ ਅਤੇ ਚੋਣਾਂ ਵਿਚ ਵਧੀਆ ਨਤੀਜੇ ਆਉਣਗੇ। ਬਾਕਸ ਭਾਜਪਾ ਸਾਫ਼-ਸੁਥਰੀ ਸਿਆਸਤ ਤੇ ਵਿਕਾਸ ਦੇ ਮੁੱਦਿਆਂ ’ਤੇ ਚੋਣ ਲੜੇਗੀ : ਡਾ. ਵਿਨਾਇਕ ਭਾਰਤੀ ਜਨਤਾ ਪਾਰਟੀ ਦੇ ਸਰਕਲ ਪ੍ਰਧਾਨ ਵਿਜੇ ਵਿਨਾਇਕ ਨੇ ਕਿਹਾ ਕਿ ਭਾਜਪਾ ਆਪਣੇ ਪੱਧਰ ‘ਤੇ ਨਗਰ ਕੌਂਸਲ ਚੋਣਾਂ ਲਈ ਉਮੀਦਵਾਰ ਖੜ੍ਹੇ ਕਰੇਗੀ। ਉਨ੍ਹਾਂ ਕਿਹਾ ਕਿ ਪਾਰਟੀ ਸਾਫ਼-ਸੁਥਰੀ ਸਿਆਸਤ ਅਤੇ ਵਿਕਾਸ ਦੇ ਮੁੱਦਿਆਂ ‘ਤੇ ਚੋਣ ਲੜੇਗੀ। ਉਨ੍ਹਾਂ ਨੇ ਕਿਹਾ ਕਿ ਭਾਜਪਾ ਵੱਲੋਂ ਜਲਦੀ ਹੀ ਵਾਰਡਾ ਵਿਚ ਮੀਟਿੰਗਾਂ ਕਰ ਕੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਜਾਵੇਗੀ ਅਤੇ ਪੂਰੀ ਤਾਕਤ ਨਾਲ ਚੋਣ ਮੈਦਾਨ ਵਿਚ ਉਤਰਾ ਜਾਵੇਗਾ।