ਦੋ ਮਹੀਨੇ ਤੋਂ ਲਾਪਤਾ ਨੌਜਵਾਨ ਦੀ ਤਲਾਸ਼ ਲਈ ਮਾਂ ਨੇ ਲਾਈ ਪ੍ਰਸ਼ਾਸਨ ਕੋਲ ਗੁਹਾਰ
ਦੋ ਮਹੀਨੇ ਤੋਂ ਲਾਪਤਾ ਨੌਜਵਾਨ ਦੀ ਤਲਾਸ਼ ਲਈ ਮਾਂ ਨੇ ਲਗਾਈ ਪ੍ਰਸ਼ਾਸਨ ਕੋਲ ਗੁਹਾਰ
Publish Date: Fri, 24 Apr 2026 05:46 PM (IST)
Updated Date: Sat, 25 Apr 2026 04:07 AM (IST)
ਬੱਲੂ ਮਹਿਤਾ•, ਪੰਜਾਬੀ ਜਾਗਰਣ, ਪੱਟੀ ਪੱਟੀ ਸ਼ਹਿਰ ਦੀ ਵਾਰਡ ਨੰਬਰ 12 ਤੋਂ ਲਾਪਤਾ ਹੋਏ 29 ਸਾਲਾ ਨੌਜਵਾਨ ਦਾ ਪਰਿਵਾਰ ਚਿੰਤਾ ਵਿਚ ਡੁੱਬਿਆ ਹੋਇਆ ਹੈ। ਉਕਤ ਨੌਜਵਾਨ ਦੀ ਮਾਂ ਨੇ ਪ੍ਰਸ਼ਾਸਨ ਅਤੇ ਆਮ ਲੋਕਾਂ ਕੋਲ ਪੁੱਤਰ ਦੀ ਤਲਾਸ਼ ਵਾਸਤੇ ਮਦਦ ਦੀ ਅਪੀਲ ਕੀਤੀ ਹੈ। ਜਸਵਿੰਦਰ ਕੌਰ ਭੋਲੀ ਪਤਨੀ ਸਵ. ਸ਼ੇਰ ਸਿੰਘ ਨੇ ਥਾਣਾ ਪੱਟੀ ਵਿਚ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸਦਾ 29 ਸਾਲਾ ਪੁੱਤਰ ਮਿੰਟੂ ਸਿੰਘ ਦਿਮਾਗੀ ਤੌਰ ‘ਤੇ ਠੀਕ ਨਾ ਹੋਣ ਕਰ ਕੇ ਕਰੀਬ ਦੋ ਮਹੀਨੇ ਪਹਿਲਾਂ ਘਰੋਂ ਨਿਕਲਿਆ ਅਤੇ ਬਾਅਦ ’ਚ ਵਾਪਸ ਨਹੀਂ ਆਇਆ। ਪਰਿਵਾਰ ਵੱਲੋਂ ਆਪਣੇ ਪੱਧਰ ’ਤੇ ਕਾਫੀ ਭਾਲ ਕਰਨ ਦੇ ਬਾਵਜੂਦ ਉਸਦਾ ਕੋਈ ਪਤਾ ਨਹੀਂ ਲੱਗ ਸਕਿਆ। ਜਸਵਿੰਦਰ ਕੌਰ ਨੇ ਦੱਸਿਆ ਕਿ ਉਹ ਦਾਣਾ ਮੰਡੀ ਵਿਚ ਮਜ਼ਦੂਰੀ ਕਰਕੇ ਆਪਣਾ ਗੁਜਾਰਾ ਕਰਦੀ ਹੈ ਅਤੇ ਆਪਣੇ ਪੁੱਤਰ ਦੀ ਗੈਰ ਹਾਜਰੀ ਕਾਰਨ ਉਹ ਬਹੁਤ ਪ੍ਰੇਸ਼ਾਨ ਹੈ। ਉਹ ਆਪਣੇ ਪੁੱਤਰ ਦੀ ਤਲਾਸ਼ ਲਈ ਹਰ ਸੰਭਵ ਕੋਸ਼ਿਸ਼ ਕਰ ਚੁੱਕੀ ਹੈ, ਪਰ ਅਜੇ ਤਕ ਕੋਈ ਸਫ਼ਲਤਾ ਨਹੀਂ ਮਿਲੀ। ਇਸ ਕਰ ਕੇ ਹੁਣ ਉਹ ਪ੍ਰਸ਼ਾਸਨ ਅਤੇ ਲੋਕਾਂ ਕੋਲ ਮਦਦ ਦੀ ਗੁਹਾਰ ਲਗਾ ਰਹੀ ਹੈ। ਇਸ ਸਬੰਧੀ ਥਾਣਾ ਪੱਟੀ ਦੇ ਮੁਖੀ ਨੇ ਜਸਵਿੰਦਰ ਕੌਰ ਭੋਲੀ ਦੀ ਦਰਖ਼ਾਸਤ ਸਬੰਧੀ ਦੱਸਿਆ ਕਿ ਰਿਪੋਰਟ ਦਰਜ ਕਰ ਲਈ ਗਈ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।