ਖੇਤੀਬਾੜੀ ਹਾਦਸਿਆਂ ਦੇ ਪੀੜਤਾਂ ਨੂੰ ਵੰਡੇ ਚੈੱਕ
ਖੇਤੀਬਾੜੀ ਹਾਦਸਿਆਂ ਦੇ ਪੀੜ੍ਹਤਾਂ ਨੂੰ ਰਾਹਤ, ਮਾਰਕੀਟ ਕਮੇਟੀ ਪੱਟੀ ਨੇ 4.44 ਲੱਖ ਦੇ ਚੈੱਕ ਵੰਡੇ
Publish Date: Fri, 24 Apr 2026 05:35 PM (IST)
Updated Date: Sat, 25 Apr 2026 04:07 AM (IST)

ਮਾਰਕੀਟ ਕਮੇਟੀ ਪੱਟੀ ਨੇ 4.44 ਲੱਖ ਦੇ ਚੈੱਕ ਵੰਡੇ ਥਰੈਸ਼ਰ ਹਾਦਸਾ ਸਕੀਮ ਤਹਿਤ ਪ੍ਰਭਾਵਿਤ ਪਰਿਵਾਰਾਂ ਨੂੰ ਮਾਲੀ ਸਹਾਇਤਾ, ਚੇਅਰਮੈਨ ਉੱਪਲ ਨੇ ਦਿੱਤਾ ਭਰੋਸਾ ਬੱਲੂ ਮਹਿਤਾ•, ਪੰਜਾਬੀ ਜਾਗਰਣ, ਪੱਟੀ ਮਾਰਕੀਟ ਕਮੇਟੀ ਪੱਟੀ ਵੱਲੋਂ ਖੇਤੀਬਾੜੀ ਦੌਰਾਨ ਹਾਦਸਿਆਂ ਦਾ ਸ਼ਿਕਾਰ ਹੋਏ ਕਿਸਾਨਾਂ ਅਤੇ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਮੰਡੀ ਬੋਰਡ ਦੀ ਥਰੈਸਰ ਹਾਦਸਾ ਸਕੀਮ ਤਹਿਤ ਮਾਲੀ ਸਹਾਇਤਾ ਦੇ ਚੈੱਕ ਵੰਡੇ ਗਏ। ਇਸ ਮੌਕੇ ਕੁਲ ਕਰੀਬ 4 ਲੱਖ 44 ਹਜਾਰ ਰੁਪਏ ਦੀ ਰਾਸ਼ੀ ਚਾਰ ਪੀੜ੍ਹਤ ਪਰਿਵਾਰਾਂ ਨੂੰ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਰਕੀਟ ਕਮੇਟੀ ਪੱਟੀ ਦੇ ਚੇਅਰਮੈਨ ਗੁਰਪਰਿੰਦਰ ਸਿੰਘ ਉੱਪਲ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਸਾਬਕਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀਆਂ ਹਿਦਾਇਤਾਂ ਅਨੁਸਾਰ ਸਾਲ 2024-25 ਦੌਰਾਨ ਖੇਤਾਂ ਵਿਚ ਕੰਮ ਕਰਦੇ ਸਮੇਂ ਹਾਦਸਿਆਂ ਦਾ ਸ਼ਿਕਾਰ ਹੋਏ ਵਿਅਕਤੀਆਂ ਨੂੰ ਤੁਰੰਤ ਮਾਲੀ ਮਦਦ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਮਾਮਲਿਆਂ ਵਿਚ ਹੱਥ ਜਾਂ ਬਾਂਹ ਕੱਟਣ ਵਰਗੀਆਂ ਗੰਭੀਰ ਚੋਟਾਂ ਲੱਗੀਆਂ ਹਨ, ਉਨ੍ਹਾਂ ਨੂੰ 48 ਹਜਾਰ ਰੁਪਏ ਦੇ ਚੈੱਕ ਦਿੱਤੇ ਗਏ ਹਨ, ਜਦਕਿ ਮੌਤ ਦੇ ਮਾਮਲਿਆਂ ਵਿਚ ਪਰਿਵਾਰਾਂ ਨੂੰ 3 ਲੱਖ ਰੁਪਏ ਦੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸਕੀਮ ਤਹਿਤ ਸੁਖਦੇਵ ਸਿੰਘ ਵਾਸੀ ਸਭਰਾ ਪੱਤੀ ਗੁਦਾਕੇ ਦੀ ਕਰੰਟ ਲੱਗਣ ਨਾਲ ਮੌਤ ਹੋਣ ’ਤੇ ਉਸ ਦੇ ਪਰਿਵਾਰ ਨੂੰ 3 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ। ਇਸ ਤੋਂ ਇਲਾਵਾ ਗੁਰਦੇਵ ਸਿੰਘ ਵਾਸੀ ਪਿੰਡ ਬਗਲਾ ਰਾਏ ਕੇ, ਜਿਸ ਦਾ ਟੋਕੇ ਵਿਚ ਆਉਣ ਕਾਰਨ ਖੱਬਾ ਗੁੱਟ ਲਹਿ ਗਿਆ ਸੀ, ਗੁਰਪ੍ਰੀਤ ਸਿੰਘ ਵਾਸੀ ਸਭਰਾ ਦੀ ਬਾਂਹ ਕੱਟੀ ਜਾਣ ਅਤੇ ਨਿਰਮਲ ਸਿੰਘ ਵਾਸੀ ਤਲਵੰਡੀ ਮੋਹਰ ਸਿੰਘ ਦਾ ਖੱਬਾ ਹੱਥ ਕੱਟੇ ਜਾਣ ਦੇ ਮਾਮਲਿਆਂ ਵਿਚ ਹਰ ਇਕ ਨੂੰ 48 ਹਜਾਰ ਰੁਪਏ ਦੇ ਚੈੱਕ ਵੰਡੇ ਗਏ। ਚੇਅਰਮੈਨ ਉੱਪਲ ਨੇ ਕਿਹਾ ਕਿ ਮਾਰਕੀਟ ਕਮੇਟੀ ਪੱਟੀ ਵੱਲੋਂ ਹਮੇਸ਼ਾਂ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਸਰਕਾਰ ਦੀਆਂ ਸਕੀਮਾਂ ਦਾ ਲਾਭ ਸਮੇਂ ਸਿਰ ਮਿਲੇ। ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਦੌਰਾਨ ਹੋਣ ਵਾਲੇ ਹਾਦਸੇ ਬਹੁਤ ਦੁਖਦਾਈ ਹੁੰਦੇ ਹਨ ਅਤੇ ਅਜਿਹੇ ਸਮੇਂ ਵਿਚ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਮਾਲੀ ਸਹਾਇਤਾ ਪਰਿਵਾਰਾਂ ਲਈ ਵੱਡੀ ਰਾਹਤ ਸਾਬਤ ਹੁੰਦੀ ਹੈ। ਇਸ ਮੌਕੇ ਗੁਰਜੀਤ ਸਿੰਘ ਮੱਲੀ ਸੈਕਟਰੀ ਪੱਟੀ, ਮੰਡੀ ਸੁਪਰਵਾਈਜ਼ਰ ਸੁਖਦੀਪ ਸਿੰਘ ਮੰਡ ਸਮੇਤ ਹੋਰ ਅਧਿਕਾਰੀ ਵੀ ਹਾਜਰ ਸਨ।