ਝੋਨੇ ਤੋਂ ਮੱਕੀ ਵੱਲ ਕਦਮ, ਪਾਣੀ ਦੀ ਬੱਚਤ ਦਾ ਸਹੀ ਹੱਲ : ਡਾ. ਭੰਗੂ
ਝੋਨੇ ਤੋਂ ਮੱਕੀ ਵੱਲ ਕਦਮ, ਪਾਣੀ ਦੀ ਬੱਚਤ ਦਾ ਸਹੀ ਹੱਲ : ਡਾ. ਤੇਜਬੀਰ ਸਿੰਘ ਭੰਗੂ
Publish Date: Fri, 24 Apr 2026 05:33 PM (IST)
Updated Date: Sat, 25 Apr 2026 04:07 AM (IST)

ਮੱਕੀ ਅਪਣਾਓ, ਪਾਣੀ ਬਚਾਓ, ਆਮਦਨ ਵਧਾਓ : ਡਾ. ਯਾਦਵਿੰਦਰ ਸਿੰਘ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ ਪੰਜਾਬ ਅਤੇ ਉੱਤਰੀ ਭਾਰਤ ਦੇ ਕਿਸਾਨਾਂ ਲਈ ਸਾਉਣੀ ਦੀ ਫਸਲਾਂ ਵਿਚ ਮੱਕੀ ਇਕ ਮਹੱਤਵਪੂਰਨ ਵਿਕਲਪ ਵਜੋਂ ਉਭਰ ਰਹੀ ਹੈ। ਝੋਨੇ ਦੀ ਵੱਧ ਰਹੀ ਲਾਗਤ ਅਤੇ ਪਾਣੀ ਦੀ ਘਾਟ ਨੂੰ ਦੇਖਦਿਆਂ ਖੇਤੀਬਾੜੀ ਵਿਭਾਗ ਵੱਲੋਂ ਮੱਕੀ ਦੀ ਖੇਤੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਮੱਕੀ ਨਾ ਸਿਰਫ ਘੱਟ ਪਾਣੀ ਨਾਲ ਤਿਆਰ ਹੋ ਜਾਂਦੀ ਹੈ, ਸਗੋਂ ਇਹ ਮਿੱਟੀ ਦੀ ਸਿਹਤ ਨੂੰ ਵੀ ਬਿਹਤਰ ਬਣਾਉਂਦੀ ਹੈ ਅਤੇ ਕਿਸਾਨਾਂ ਦੀ ਆਮਦਨ ਵਿਚ ਵਾਧਾ ਕਰਦੀ ਹੈ। ਇਹ ਪ੍ਰਗਟਾਵਾ ਡਾ.ਯਾਦਵਿੰਦਰ ਸਿੰਘ ਵੱਲੋਂ ਅੱਜ ਵੱਖ-ਵੱਖ ਪਿੰਡਾਂ ਦਾ ਦੌਰਾ ਕਰਨ ਉਪਰੰਤ ਕੀਤਾ ਗਿਆ। ਡਾ. ਯਾਦਵਿੰਦਰ ਸਿੰਘ ਨੇ ਦੱਸਿਆ ਕਿ ਇਹ ਜਾਗਰੂਕਤਾ ਅਭਿਆਨ ਡਾ. ਭੁਪਿੰਦਰ ਸਿੰਘ ਬਲਾਕ ਖੇਤੀਬਾੜੀ ਅਫ਼ਸਰ ਦੀ ਟੀਮ ਵੱਲੋਂ ਬਲਾਕ ਖਡੂਰ ਸਾਹਿਬ ਦੇ ਸਾਰੇ ਪਿੰਡਾਂ ਵਿਚ ਚਲਾਇਆ ਜਾ ਰਿਹਾ ਹੈ। ਉਨ੍ਹਾਂ ਨੇ ਨੁੱਕੜ ਮੀਟਿੰਗਾਂ ਅਤੇ ਘਰ-ਘਰ ਜਾ ਕੇ ਸਾਉਣੀ ਦੀ ਮੱਕੀ ਸਬੰਧੀ ਪ੍ਰਚਾਰ ਕੀਤਾ ਅਤੇ ਕਿਸਾਨਾਂ ਨੂੰ ਮੱਕੀ ਦੀ ਬਿਜਾਈ ਵਾਸਤੇ ਪ੍ਰੇਰਿਆ। ਉਨ੍ਹਾਂ ਨੇ ਦੱਸਿਆ ਕਿ ਮੱਕੀ ਇਕ ਬਹੁ-ਉਦੇਸ਼ੀ ਫ਼ਸਲ ਹੈ ਜੋ ਮਨੁੱਖੀ ਖ਼ਪਤ, ਪਸ਼ੂ ਚਾਰੇ ਅਤੇ ਉਦਯੋਗਿਕ ਉਪਯੋਗ ਲਈ ਵਰਤੀ ਜਾਂਦੀ ਹੈ। ਇਹ ਫ਼ਸਲ ਤਕਰੀਬਨ 90-110 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ ਅਤੇ ਘੱਟ ਪਾਣੀ ਦੀ ਲੋੜ ਹੋਣ ਕਾਰਨ ਝੋਨੇ ਦਾ ਵਧੀਆ ਬਦਲ ਮੱਕੀ ਹੈ। ਸਾਉਣੀ ਦੀ ਮੱਕੀ ਲਈ ਸਭ ਤੋਂ ਉਚਿਤ ਸਮਾਂ ਜੂਨ ਦੇ ਪਹਿਲੇ ਹਫ਼ਤੇ ਤੋਂ ਜੁਲਾਈ ਦੇ ਪਹਿਲੇ ਹਫ਼ਤੇ ਤਕ ਹੈ। ਸਮੇਂ ਸਿਰ ਬਿਜਾਈ ਕਰਨ ਨਾਲ ਪੈਦਾਵਾਰ ਵਿਚ ਵਾਧਾ ਹੁੰਦਾ ਹੈ। ਬੀਜ ਮਾਤਰਾ 8-10 ਕਿਲੋ ਪ੍ਰਤੀ ਏਕੜ ਲਾਈਨਾਂ ਵਿਚਕਾਰ ਫਾਸਲਾ: 60 ਸੈ.ਮੀ.,ਪੌਦਿਆਂ ਵਿਚਕਾਰ ਫਾਸਲਾ: 20 ਸੈ.ਮੀ. ਖਾਦ ਅਤੇ ਖੁਰਾਕ। ਮੱਕੀ ਦੀ ਵਧੀਆ ਫ਼ਸਲ ਲਈ ਸੰਤੁਲਿਤ ਖਾਦ ਬਹੁਤ ਜ਼ਰੂਰੀ ਹੈ। ਨਾਈਟਰੋਜਨ 75 ਕਿਲੋ ਪ੍ਰਤੀ ਏਕੜ, ਫਾਸਫੋਰਸ 25 ਕਿਲੋ ਪ੍ਰਤੀ ਏਕੜ, ਪੋਟਾਸ਼ 10-15 ਕਿਲੋ ਪ੍ਰਤੀ ਏਕੜ। ਅੱਧੀ ਨਾਈਟਰੋਜਨ ਬਿਜਾਈ ਸਮੇਂ ਅਤੇ ਬਾਕੀ ਖੁਰਾਕ 25-30 ਦਿਨਾਂ ਬਾਅਦ ਦੇਣੀ ਚਾਹੀਦੀ ਹੈ। ਉਨ੍ਹਾਂ ਨੇ ਦੱਸਿਆ ਕਿ ਮੱਕੀ ਨੂੰ ਝੋਨੇ ਨਾਲੋਂ ਕਾਫੀ ਘੱਟ ਪਾਣੀ ਦੀ ਲੋੜ ਹੁੰਦੀ ਹੈ। ਪਹਿਲੀ ਸਿੰਚਾਈ ਪੁੰਗਰਣ ਤੋਂ ਬਾਅਦ ਫਿਰ ਗੁੱਟ ਬਣਨ ਅਤੇ ਦਾਣਾ ਭਰਨ ਸਮੇਂ ਉਨ੍ਹਾਂ ਨੇ ਕਿਸਾਨਾਂ ਨੂੰ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਮੱਕੀ ਦੀ ਖੇਤੀ ਵਿਚ ਵਾਧਾ ਕਰਨ ਲਈ ਕਿਸਾਨਾਂ ਨੂੰ 17 ਹਜਾਰ 500 ਰੁ. ਪ੍ਰਤੀ ਹੈਕਟੇਅਰ ਦੀ ਪ੍ਰੋਤਸਾਹਨ ਰਾਸ਼ੀ ਦਿੱਤੀ ਜਾ ਰਹੀ ਹੈ। ਇਸ ਯੋਜਨਾ ਦਾ ਲਾਭ ਲੈਣ ਲਈ ਕਿਸਾਨ ਆਪਣੇ ਨੇੜਲੇ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ ਤੇ ਦਫਤਰ ਜਾ ਕੇ ਮੱਕੀ ਦੀ ਰਜਿਸਟਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਮੱਕੀ ਦੀ ਖੇਤੀ ਦੇ ਫਾਇਦੇ ਘੱਟ ਪਾਣੀ ਦੀ ਲੋੜ, ਘੱਟ ਲਾਗਤ, ਵਧੀਆ ਮੁਨਾਫ਼ਾ, ਮਿੱਟੀ ਦੀ ਉਪਜਾਊ ਸ਼ਕਤੀ ਵਿਚ ਸੁਧਾਰ, ਝੋਨੇ ਦਾ ਵਧੀਆ ਬਦਲ ਹੈ। ਇਸ ਸਮੇਂ ਉਨ੍ਹਾਂ ਦੇ ਨਾਲ ਡਾ. ਰੁਪਿੰਦਰਜੀਤ ਸਿੰਘ ਖੇਤੀਬਾੜੀ ਵਿਸਥਾਰ ਅਫਸਰ, ਕਮਲਜੀਤ ਕੌਰ ਸਹਾਇਕ ਟੈਕਨੋਲੋਜੀ ਮੈਨੇਜਰ, ਗੁਰਮੇਜ ਸਿੰਘ, ਸਤਨਾਮ ਸਿੰਘ, ਗੁਰਕੀਰਤ ਸਿੰਘ, ਰਣਜੋਧ ਸਿੰਘ ਅਤੇ ਇਲਾਕੇ ਦੇ ਅਗਾਂਹ ਵਧੂ ਕਿਸਾਨ ਹਾਜਰ ਸਨ। ਉਨ੍ਹਾਂ ਨੇ ਕਿਸਾਨ ਭਰਾਵਾਂ ਨੂੰ ਅਪੀਲ ਹੈ ਕਿ ਉਹ ਝੋਨੇ ਦੀ ਬਜਾਏ ਮੱਕੀ ਦੀ ਖੇਤੀ ਵੱਲ ਧਿਆਨ ਦੇਣ ਅਤੇ ਖੇਤੀਬਾੜੀ ਵਿਭਾਗ ਵੱਲੋਂ ਦਿੱਤੇ ਜਾ ਰਹੇ ਪ੍ਰੋਤਸਾਹਨ ਦਾ ਪੂਰਾ ਲਾਭ ਲੈਣ। ਇਹ ਕਦਮ ਨਾ ਸਿਰਫ ਪਾਣੀ ਦੀ ਬਚਤ ਕਰੇਗਾ, ਸਗੋਂ ਕਿਸਾਨਾਂ ਦੀ ਆਮਦਨ ਵਿਚ ਵੀ ਵਾਧਾ ਕਰੇਗਾ।