ਦੁਕਾਨ ਦੇ ਤਾਲੇ ਤੋੜ ਕੇ ਨਕਦੀ ਚੋਰੀ
ਹਰੀਕੇ ’ਚ ਦੁਕਾਨ ਦੇ ਤਾਲੇ ਤੋੜ ਕੇ ਨਕਦੀ ਚੋਰੀ ਕੀਤੀ
Publish Date: Wed, 22 Apr 2026 07:56 PM (IST)
Updated Date: Wed, 22 Apr 2026 07:58 PM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਦੇ ਕਸਬਾ ਹਰੀਕੇ ’ਚ ਸਥਿਤ ਇਕ ਦੁਕਾਨ ਦਾ ਸ਼ਟਰ ਤੋੜ ਕੇ ਦੋ ਅਣਪਛਾਤੇ ਚੋਰਾਂ ਨੇ ਗੱਲੇ ਵਿੱਚੋਂ ਜਿੱਥੇ ਨਕਦੀ ਚੋਰੀ ਕਰ ਲਈ। ਉੱਥੇ ਹੀ ਸ਼ਟਰ ਦੇ ਅੱਗੇ ਲੱਗਾ ਕਰੀਬ ਇਕ ਲੱਖ ਦੀ ਕੀਮਤ ਦਾ ਸ਼ੀਸ਼ਾ ਤੋੜ ਕੇ ਅੰਦਰ ਦਾਖਲ ਹੋਏ ਚੋਰ ਕੁਝ ਕਾਗਜ਼ਾਤ ਤੇ ਪਰਸ ਵੀ ਲੈ ਗਏ। ਹਾਲਾਂਕਿ ਚੋਰਾਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈਆਂ ਹਨ। ਰੋਸ਼ਨ ਲਾਲ ਪੁਰੀ ਪੁੱਤਰ ਅਮੀ ਚੰਦ ਵਾਸੀ ਹਰੀਕੇ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਲੰਘੀ ਰਾਤ ਦੋ ਅਣਪਛਾਤੇ ਚੋਰਾਂ ਨੇ ਉਨ੍ਹਾਂ ਦੀ ਦੁਕਾਨ ਦਾ ਤਾਲਾ ਤੋੜਿਆ ਅਤੇ ਅੰਦਰ ਲੱਗੇ ਸ਼ੀਸ਼ੇ ਨੂੰ ਤੋੜ ਕੇ ਦੁਕਾਨ ਅੰਦਰ ਦਾਖਲ ਹੋ ਗਏ। ਉਕਤ ਦੋਵੇਂ ਚੋਰਾਂ ਨੇ ਗੱਲੇ ਵਿੱਚੋਂ 85 ਹਜ਼ਾਰ ਦੀ ਨਕਦੀ, ਪਰਸ ਅਤੇ ਕੁਝ ਕਾਗਜ਼ਾਤ ਚੋਰੀ ਕਰ ਕੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਦੁਕਾਨ ਦਾ ਜੋ ਸ਼ੀਸ਼ਾ ਚੋਰਾਂ ਨੇ ਤੋੜਿਆ, ਉਸ ਦੀ ਕੀਮਤ ਵੀ ਇਕ ਲੱਖ ਰੁਪਏ ਹੈ। ਰੋਸ਼ਨ ਲਾਲ ਪੁਰੀ ਨੇ ਦੱਸਿਆ ਕਿ ਚੋਰੀ ਕਰਨ ਵਾਲਿਆਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ’ਚ ਕੈਦ ਹੋਈਆਂ ਹਨ ਪਰ ਉਨ੍ਹਾਂ ਵੱਲੋਂ ਆਪਣੇ ਚਿਹਰੇ ਢੱਕੇ ਹੋਏ ਹਨ। ਮੌਕੇ ’ਤੇ ਪੁੱਜੇ ਥਾਣਾ ਹਰੀਕੇ ਦੇ ਮੁਖੀ ਸਬ ਇੰਸਪੈਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਅਣਪਛਾਤੇ ਚੋਰਾਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਤੇ ਜਲਦੀ ਉਨ੍ਹਾਂ ਦਾ ਪਤਾ ਲਗਾ ਕੇ ਕਾਬੂ ਵੀ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਅਗਲੀ ਜਾਂਚ ਲਈ ਏਐੱਸਆਈ ਬਲਬੀਰ ਸਿੰਘ ਦੀ ਡਿਊਟੀ ਲਾਈ ਗਈ ਹੈ।