ਏਡੀਸੀ ਵੱਲੋਂ ਚੌਂਕਾ ਬੀਬੀ ਰਜਨੀ ਦਾ ਨਿਰੀਖਣ
ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ ਨੇ ਚੌਕਾ ਬੀਬੀ ਰਜਨੀ ਦਾ ਨਿਰੀਖਣ ਕੀਤਾ, ਲੰਗਰ ਸੇਵਾ ਦੀ ਕੀਤੀ ਪ੍ਰਸ਼ੰਸਾ
Publish Date: Wed, 22 Apr 2026 06:51 PM (IST)
Updated Date: Wed, 22 Apr 2026 06:55 PM (IST)

ਬੱਲੂ ਮਹਿਤਾ•, ਪੰਜਾਬੀ ਜਾਗਰਣ ਪੱਟੀ : ਵਧੀਕ ਡਿਪਟੀ ਤਰਨਤਾਰਨ ਕਮਿਸ਼ਨਰ ਸੁਰਿੰਦਰ ਸਿੰਘ ਵੱਲੋਂ ਅੱਜ ਚੌਂਕਾ ਬੀਬੀ ਰਜਨੀ ਪੱਟੀ ਦਾ ਜਾਇਜ਼ਾ ਲੈਂਦੇ ਹੋਏ ਇਸ ਸਮਾਜਿਕ ਸੇਵਾ ਦੇ ਪ੍ਰਾਜੈਕਟ ਦਾ ਨਿਰੀਖਣ ਕੀਤਾ ਗਿਆ ਅਤੇ ਉੱਥੇ ਹੀ ਸਾਦਾ ਭੋਜਨ ਵੀ ਕੀਤਾ। ਇਸ ਮੌਕੇ ਚੌਕਾ ਬੀਬੀ ਰਜਨੀ ਦੇ ਪ੍ਰਧਾਨ ਜਤਿਨ ਸ਼ਰਮਾ ਪਟਵਾਰੀ ਅਤੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਰਿੰਦਰ ਸਿੰਘ ਨੇ ਚੌਂਕੇ ਵੱਲੋਂ ਕੀਤੀ ਜਾ ਰਹੀ ਮਨੁੱਖਤਾ ਭਰੀ ਸੇਵਾ ਦੀ ਖੂਬ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਸਾਲ 2017 ਵਿਚ ਜਦੋਂ ਉਹ ਐੱਸਡੀਐੱਮ ਪੱਟੀ ਵਜੋਂ ਤਾਇਨਾਤ ਸਨ, ਉਸ ਸਮੇਂ ਸਵ. ਵਿਨੋਦ ਕੁਮਾਰ ਸ਼ਰਮਾ ਪ੍ਰਧਾਨ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਇਸ ਚੌਕੇ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਸੇਵਾ ਦਾ ਮੁੱਖ ਉਦੇਸ਼ ਇਹ ਸੀ ਕਿ ਕੋਈ ਵੀ ਲੋੜਵੰਦ ਇਨਸਾਨ ਤਿੰਨ ਵੇਲੇ ਦੀ ਰੋਟੀ ਤੋਂ ਵਾਂਝਾ ਨਾ ਰਹੇ। ਸੁਰਿੰਦਰ ਸਿੰਘ ਨੇ ਕਿਹਾ ਕਿ ਅੱਜ ਦੇ ਮਹਿੰਗਾਈ ਦੇ ਦੌਰ ਵਿਚ ਦੱਸ ਰੁਪਏ ਦੀ ਕੀਮਤ ਭਾਵੇਂ ਘੱਟ ਹੋਵੇ, ਪਰ ਇਸ ਚੌਂਕੇ ਰਾਹੀਂ ਰੋਜ਼ਾਨਾ ਲਗਭਗ ਇਕ ਹਜ਼ਾਰ ਲੋਕਾਂ ਨੂੰ ਭੋਜਨ ਪ੍ਰਦਾਨ ਕੀਤਾ ਜਾ ਰਿਹਾ ਹੈ, ਜੋ ਇਕ ਵੱਡੀ ਸੇਵਾ ਹੈ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਉਦੋਂ ਹੀ ਸੰਭਵ ਹੈ, ਜਦੋਂ ਸ਼ਹਿਰ ਵਾਸੀਆਂ ਅਤੇ ਸਮਾਜ ਸੇਵੀਆਂ ਵੱਲੋਂ ਚੌਂਕੇ ਦੀ ਟੀਮ ਨੂੰ ਪੂਰਾ ਸਹਿਯੋਗ ਮਿਲਦਾ ਹੈ। ਉਨ੍ਹਾਂ ਨੇ ਚੌਂਕੇ ਦੇ ਪ੍ਰਬੰਧਕਾਂ ਅਤੇ ਸੇਵਾਦਾਰਾਂ ਨੂੰ ਅਪੀਲ ਕੀਤੀ ਕਿ ਉਹ ਇਸੇ ਤਰ੍ਹਾਂ ਨਿਸ਼ਕਾਮ ਸੇਵਾ ਜਾਰੀ ਰੱਖਣ ਤਾਂ ਜੋ ਹੋਰ ਲੋਕ ਵੀ ਇਸ ਤੋਂ ਪ੍ਰੇਰਿਤ ਹੋਣ। ਇਸ ਮੌਕੇ ਜਤਿਨ ਸ਼ਰਮਾ ਪਟਵਾਰੀ ਪ੍ਰਧਾਨ ਭਗਤ ਸਿੰਘ ਖ਼ੂਨਦਾਨ ਕਮੇਟੀ ਪੱਟੀ, ਡਾ. ਰਾਜੇਸ਼ ਭਾਰਦਵਾਜ ਐੱਮਡੀ ਸ਼ਹੀਦ ਭਗਤ ਸਿੰਘ ਵਿੱਦਿਅਕ ਸੰਸਥਾਵਾਂ, ਰਾਜਵਿੰਦਰ ਸਿੰਘ ਪੈਰੀਂ, ਹਰਜਿੰਦਰ ਸਿੰਘ ਪੱਪੂ ਸਰਾਫ਼, ਵਿਨੋਦ ਖੰਨਾ ਬਲਾਕ ਪ੍ਰਧਾਨ, ਮਾਸਟਰ ਸੁਖਦੇਵ ਰਾਜ ਸ਼ਰਮਾ, ਭਵਨ ਕੁਮਾਰ ਟਾਹ, ਵਿਪਨ ਸ਼ਰਮਾ, ਕੁਲਦੀਪ ਰਾਏ ਸ਼ਰਮਾ, ਸੂਰਜ ਪ੍ਰਕਾਸ਼, ਮੰਗਤ ਰਾਮ ਜੋਸ਼ੀ ਸਮੇਤ ਕਈ ਪ੍ਰਮੁੱਖ ਹਸਤੀਆਂ ਹਾਜ਼ਰ ਸਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ ਨੂੰ ਚੌਕੇ ਦੀ ਟੀਮ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।