ਧਰਤੀ ਦਿਵਸ ’ਤੇ ਕਰਵਾਏ ਭਾਸ਼ਣ ਤੇ ਪੋਸਟਰ ਮੁਕਾਬਲੇ
ਗੁਰੂ ਅਰਜਨ ਦੇਵ ਪਬਲਿਕ ਸਕੂਲ 'ਚ 'ਧਰਤੀ ਦਿਵਸ' 'ਤੇ ਕਰਵਾਏ ਭਾਸ਼ਣ ਤੇ ਪੋਸਟਰ ਮੁਕਾਬਲੇ
Publish Date: Wed, 22 Apr 2026 04:36 PM (IST)
Updated Date: Wed, 22 Apr 2026 04:40 PM (IST)

- ਪ੍ਰਿੰਸੀਪਲ ਡਾ. ਖਹਿਰਾ ਨੇ ਦੱਸਿਆ ਧਰਤੀ ਦਿਵਸ ਦਾ ਇਤਿਹਾਸ ਰਾਕੇਸ਼ ਨਈਅਰ, •ਪੰਜਾਬੀ ਜਾਗਰਣ ਚੋਹਲਾ ਸਾਹਿਬ : ਗੁਰੂ ਅਰਜਨ ਦੇਵ ਪਬਲਿਕ ਸਕੂਲ ਚੋਹਲਾ ਸਾਹਿਬ ਵਿਖੇ ਬੱਚਿਆਂ ਨੂੰ ਧਰਤੀ ਮਾਤਾ ਦੀ ਮਹੱਤਤਾ ਅਤੇ ਇਸ ਨੂੰ ਦਰਪੇਸ਼ ਚੁਣੌਤੀਆਂ ਅਤੇ ਇਸ ਪ੍ਰਤੀ ਸਾਡੀ ਪੀੜ੍ਹੀ ਦੇ ਫਰਜ਼ਾਂ ਅਤੇ ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕ ਕਰਨ ਲਈ ਇਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਜਿਸ ਵਿਚ ਬੱਚਿਆਂ ਦੇ ਭਾਸ਼ਣ ਮੁਕਾਬਲੇ ਅਤੇ ਪੋਸਟਰ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਬੱਚਿਆਂ ਨੇ ਆਪਣੇ ਗੀਤਾਂ, ਪੋਸਟਰਾਂ ਅਤੇ ਭਾਸ਼ਣਾਂ ਰਾਹੀਂ ਗਲੋਬਲ ਵਾਰਮਿੰਗ, ਵਧ ਰਹੇ ਪ੍ਰਦੂਸ਼ਣ, ਗੰਧਲੇ ਹੋ ਰਹੇ ਵਾਤਾਵਰਨ ਬਾਰੇ ਕਈ ਪਰਤਾਂ ਖੋਲ੍ਹਦਿਆਂ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਖਹਿਰਾ ਨੇ ਦੱਸਿਆ ਕਿ ਸ਼ੁਰੂ ਵਿਚ ਇਹ ਦਿਨ 1970 ਵਿਚ ਅਮਰੀਕਾ ’ਚ ਮਨਾਇਆ ਗਿਆ ਸੀ। ਪਰ ਬਾਅਦ ਵਿਚ 1990 ਵਿਚ ਇਸ ਦਿਨ ਦੀ ਮਹੱਤਤਾ ਨੂੰ ਸਮਝਦਿਆਂ ਹੋਇਆਂ ਇਹ ਦਿਨ ਅੰਤਰਰਾਸ਼ਟਰੀ ਤੌਰ ਤੇ ਮਨਾਇਆ ਜਾਣ ਲੱਗਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਧਰਤੀ ਦੀ ਮਹਤੱਤਾ ਨੂੰ ਸਮਝਦਿਆਂ ਹੋਇਆਂ ਕਈ ਸਦੀਆਂ ਪਹਿਲਾਂ ਹੀ ਧਰਤੀ ਨੂੰ ਮਾਤਾ, ਹਵਾ ਨੂੰ ਗੁਰੂ ਅਤੇ ਪਾਣੀ ਨੂੰ ਪਿਤਾ ਦਾ ਦਰਜਾ ਦੇ ਕੇ ਸਾਨੂੰ ਵਾਤਾਵਰਣ ਦੀ ਸੰਭਾਲ ਕਰਨ ਦਾ ਉਪਦੇਸ਼ ਦਿੱਤਾ ਸੀ। ਪਰ ਅਸੀਂ ਗੁਰੂ ਜੀ ਦੀ ਸਿੱਖਿਆ ਤੋਂ ਮੂੰਹ ਮੋੜ ਕੇ, ਇਸ ਮਾਂ-ਰੂਪੀ ਧਰਤੀ ਅਤੇ ਸਮੁੱਚੇ ਵਾਤਾਵਰਣ ਨੂੰ ਪਲੀਤ ਕਰਨ ਦੇ ਕੁਕਰਮ ਕਰਨ ਦਾ ਪਾਪ ਕਮਾ ਰਹੇ ਹਾਂ। ਉਨ੍ਹਾਂ ਬੱਚਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਮਨੁੱਖ ਨੇ ਇਸ ਮਾਂ ਧਰਤੀ ਸਮੇਤ ਸਾਡੇ ਅੰਮ੍ਰਿਤ ਵਰਗੇ ਪਾਣੀ ਅਤੇ ਹਵਾ ਨੂੰ ਬਚਾਉਣ ਲਈ ਹੁਣ ਤੋਂ ਹੀ ਉਪਰਾਲੇ ਨਾ ਕੀਤੇ ਤਾਂ ਇਸ ਦਾ ਖਮਿਆਜ਼ਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣਾ ਪਵੇਗਾ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਰਵੀ ਇੰਦਰ ਸਿੰਘ ਗਿੱਲ ਸਭਰਾ ਨੇ ਬੱਚਿਆਂ ਸਮੇਤ ਸਮੁੱਚੇ ਪੰਜਾਬੀਆਂ ਨੂੰ ਵਾਤਾਵਰਣ ਦੀ ਸੰਭਾਲ ਲਈ ਯਤਨਸ਼ੀਲ ਹੋਣ ਦੀ ਅਪੀਲ ਕੀਤੀ। ਇਨ੍ਹਾਂ ਤੋਂ ਇਲਾਵਾ ਹਰਜੀਤ ਕੌਰ ਸੰਧੂ ਨੇ ਦੱਸਿਆ ਕਿ ਜਸ਼ਨਪ੍ਰੀਤ ਅਤੇ ਨਵਪ੍ਰੀਤ ਕੌਰ ਦੀ ਸੁਚੱਜੀ ਅਗਵਾਈ ਵਿਚ ਇਹ ਸਾਰਾ ਪ੍ਰੋਗਰਾਮ ਸਿਰੇ ਚੜ੍ਹਿਆ ਹੈ। ਪੋਸਟਰ ਮੁਕਾਬਲਿਆਂ ਵਿਚ ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਨਵਨੀਤ ਕੌਰ, ਹਰਸਿਮਰਨ ਕੌਰ, ਜਸਦੀਪ ਕੌਰ, ਹਰਪ੍ਰੀਤ ਕੌਰ, ਰਮਨਦੀਪ ਕੌਰ, ਮਨਜੀਤ ਕੌਰ, ਨਰਿੰਦਰ ਕੌਰ, ਮਨਜਿੰਦਰ ਕੌਰ, ਅਕਸ਼ਦੀਪ ਕੌਰ, ਸੰਦੀਪ ਕੌਰ, ਅਰਸ਼ਨੂਰ ਕੌਰ ਅਤੇ ਬਾਕੀ ਸਟਾਫ਼ ਹਾਜ਼ਰ ਸਨ।